
ਥਾਣੇਦਾਰ ਬਣ ਕੇ ਕੰਮ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ: ਐਨਕੇ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਕੋਵਿਡ ਵੈਕਸੀਨ ਦੇ ਘੁਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਦੇ ਬਾਹਰ ਦਿੱਤੇ ਗਏ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜਾਂ, ਜ਼ਿਲਾ ਪ੍ਰਧਾਨਾਂ ਅਤੇ ਵਿਧਾਇਕਾਂ ‘ਤੇ ਦਰਜ ਕੀਤੇ ਗਏ ਨਜਾਇਜ਼ ਪਰਚਿਆਂ ਦਾ ਵਿਰੋਧ ਕਰਦਿਆਂ ਹਲਕਾ ਵਿਧਾਇਕ ਐਨਕੇ ਸ਼ਰਮਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਇਕ ਥਾਣੇਦਾਰ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ ਇਸ ਲਈ ਸਰਕਾਰ ਦੇ ਹਰ ਗਲਤ ਫੈਸਲੇ ਦਾ ਡੱਟ ਕੇ ਵਿਰੋਧ ਕਰੇਗੀ।
ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਕਰੋਨਾ ਨੇ ਕਹਿਰ ਢਾਹਿਆਂ ਹੋਇਆ ਹੈ ਉੱਥੇ ਹੀ ਕਾਂਗਰਸ ਨੇ 400 ਰੁਪਏ ਨੂੰ ਵੈਕਸੀਨ ਖਰੀਦ ਕੇ 1060 ਰੁਪਏ ਨੂੰ ਆਮ ਲੋਕਾਂ ਨੂੰ ਵੇਚੀ ਗਈ ਅਤੇ ਇਸਦੀ ਖਰੀਦ ਲਈ ਪ੍ਰਾਈਵੇਟ ਹਸਪਤਾਲਾਂ ਦੀ ਮਾਰਕੀਟਿੰਗ ਵੀ ਕੀਤੀ ਗਈ ਜੋ ਕਿ ਲੋਕਾਂ ਦੀ ਸਰਾਸਰ ਅੰਨ੍ਹੀ ਲੁੱਟ ਹੈ। ਇਸੇ ਤਰ੍ਹਾਂ ਕਰੋਨਾ ਫਤਹਿ ਕਿੱਟ ਸਿਰਫ 15 ਫੀਸਦੀ ਲੋਕਾਂ ਨੂੰ ਮਿਲੀ ਜਿਸਦਾ 740 ਰੁਪਏ ਦਾ ਟੈਂਡਰ ਹੈ ਪਰ ਸਰਕਾਰ ਨੇ 1350 ਰੁਪਏ ਵਿਚ ਵੇਚੀ। ਉਨ੍ਹਾਂ ਕਿਹਾ ਲੋਕ ਕਰੋਨਾ ਨਾਲ ਮਰ ਰਹੇ ਹਨ ਪਰ ਮੁਹਾਲੀ ਜ਼ਿਲ੍ਹੇ ਵਿੱਚ ਮਾਈਨਿੰਗ ਤੇ ਸ਼ਰਾਬ ਮਾਫੀਆ ਸਮੇਤ ਵੈਕਸੀਨ ਘੁਟਾਲੇ ਦੇ ਸਰਗਨੇ ਦਾ ਦੂਜਾ ਨਾਂ ਹੈ ਸਿਹਤ ਮੰਤਰੀ ਬਲਬੀਰ ਸਿੱਧੂ ਮੁਨਾਫ਼ਾ ਕਮਾਉਣ ਦੇ ਲੱਗੇ ਹੋਏ ਹਨ ਜਦੋਂ ਵਿਰੋਧੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਤੇ ਪਰਚੇ ਦਰਜ ਕਰ ਦਿੱਤੇ ਗਏ। ਅਕਾਲੀ ਵਿਧਾਇਕ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਰਚਾ ਤਾਂ ਸਿਹਤ ਮੰਤਰੀ ’ਤੇ ਹੀ ਦਰਜ ਹੋਣਾ ਬਣਦਾ ਹੈ। ਉਨ੍ਹਾਂ ਕਿਹਾ ਸਿਹਤ ਮੰਤਰੀ 40-40 ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਕੇ ਹਿੱਸਾ ਲੈਂਦੇ ਰਹੇ ਹਨ ਜਦਕਿ 40 ਵੈਂਟੀਲੇਟਰ ਮੁਹਾਲੀ ਪਏ ਹਨ ਅਤੇ 390 ਵੈਂਟੀਲੇਟਰ ਵਰਤੋਂ ਵਿੱਚ ਹੀ ਨਹੀਂ ਲਿਆਂਦੇ ਗਏ।
ਉਨ੍ਹਾਂ ਕਿਹਾ ਕੈਪਟਨ ਸਰਕਾਰ ਦੇ ਕਾਨੂੰਨ ਸਿਰਫ਼ ਇਸ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਵਾਲਿਆਂ ‘ਤੇ ਹੀ ਲਾਗੂ ਹੁੰਦੇ ਹਨ ਕਾਂਗਰਸੀਆਂ ‘ਤੇ ਕਰੋਨਾਂ ਗਾਈਡਲਾਈਨ ਦੀ ਉਲੰਘਣਾ ਕਰਨ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਉਨ੍ਹਾਂ ਕਿਹਾ ਹਲਕਾ ਡੇਰਬੱਸੀ ਅੰਦਰ ਕਾਂਗਰਸੀ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਪਿਛਲੇ ਡੇਢ ਮਹੀਨੇ ਤੋਂ ਰੋਜ਼ਾਨਾ ਲੋਕਾਂ ਦੀ ਭੀੜ ਇਕੱਠੀ ਕਰਕੇ ਉਦਘਾਟਨ ਕਰਦੇ ਆ ਰਹੇ ਹਨ ਪਰ ਉਨ੍ਹਾਂ ‘ਤੇ ਕੋਈ ਨਿਯਮ ਕਾਨੂੰਨ ਲਾਗੂ ਨਹੀਂ ਹੁੰਦੇ। ਉਨ੍ਹਾਂ ਜਦੋਂ ਕਰੋਨਾ ਪੂਰੀ ਪੀਕ ’ਤੇ ਸੀ ਖ਼ੁਦ ਸਿਹਤ ਮੰਤਰੀ ਬਲਬੀਰ ਸਿੱਧੂ ਵੱਡੇ ਲਾਮ ਲਸ਼ਕਰ ਨਾਲ ਕਮੇਟੀ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਦੇ ਤਾਜਪੋਸ਼ੀ ਸ਼ਮਾਰੋਹ ਵਿਚ ਆਏ ਸਨ ਜਿੱਥੇ ਜੰਮ ਕੇ ਕਰੋਨਾ ਗਾਈਡਲਾਈਨ ਦੀਆਂ ਧੱਜੀਆ ਉਡਾਈਆਂ ਗਈਆਂ ਸਨ ਪਰ ਇਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਇਕ ਹਿਸਾਬ ਨਾਲ ਵੇਖਿਆ ਜਾਵੇ ਤਾਂ 400 ਪਰਚਿਆਂ ਦੇ ਕਰੀਬ ਤਾਂ ਦੀਪਇੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਬੇਟੇ ਉਦੇਵੀਰ ਸਿੰਘ ਢਿੱਲੋਂ ’ਤੇ ਹੀ ਦਰਜ ਹੋਣੇ ਚਾਹੀਦੇ ਹਨ ਜਿਹੜੇ ਹੁਣ ਵੀ ਲੋਕਾਂ ਦੀ ਭੀੜ ਇਕੱਠੀ ਕਰਕੇ ਸਰਕਾਰੀ ਕੰਮਾਂ ਦੇ ਉਦਘਾਟਨ ਕਰਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਜੇਕਰ ਮੁੱਖ ਮੰਤਰੀ ਇਨਸਾਫ ਕਰਨਾ ਚਾਹੁੰਦੇ ਹਨ ਤਾਂ ਕਾਂਗਰਸੀਆਂ ’ਤੇ ਵੀ ਬਰਾਬਰ ਪਰਚੇ ਦਰਜ ਕਰਨ।
ਉਨ੍ਹਾਂ ਕਿਹਾ ਕਰੋਨਾ ਕਾਨੂੰਨ ਜਦੋਂ ਵੀ ਲਾਗੂ ਹੁੰਦੇ ਹਨ ਤਾਂ ਆਮ ਲੋਕਾਂ ’ਤੇ ਹੀ ਹੁੰਦੇ ਹਨ। ਕਾਂਗਰਸ ਨੂੰ ਹਮੇਸ਼ਾ ਇਸਦਾ ਫਾਇਦਾ ਹੁੰਦਾ ਹੈ ਕਿਉਂਕਿ ਕਰੋਨਾ ਦੀ ਆੜ ਵਿਚ ਇਨ੍ਹਾਂ ਦੇ ਨਜਾਇਜ਼ ਸ਼ਰਾਬ, ਨਾਜਾਇਜ਼ ਦਵਾਈਆਂ, ਰੇਤ ਮਾਈਨਿੰਗ, ਨਾਜਾਇਜ਼ ਕਲੋਨੀਆਂ ਕੱਟਣ ਵਰਗੇ ਗੈਰਕਾਨੂੰਨੀ ਧੰਦੇ ਸ਼ੁਰੂ ਹੋ ਜਾਂਦੇ ਹਨ। ਇਸ ਸਮੇਂ ਦੌਰਾਨ ਕੋਈ ਇਨ੍ਹਾਂ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਵਾਲਾ ਨਹੀਂ ਹੁੰਦਾ ਜੇਕਰ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਚੁੱਕ ਕੇ ਅੰਦਰ ਡੱਕ ਦਿੱਤਾ ਜਾਂਦਾ ਹੈ।
ਐਨਕੇ ਸ਼ਰਮਾ ਨੇ ਕਿਹਾ ਕਿ ਉਹ ਐਸਐਸਪੀ ਅਤੇ ਡੀਸੀ ਨੂੰ ਮੰਗ ਪੱਤਰ ਦੇ ਕੇ ਮੰਗ ਕਰਨਗੇ ਕਿ ਜਿਸ ਤਰ੍ਹਾਂ ਅਕਾਲੀ ਲੀਡਰਾਂ ’ਤੇ ਪਰਚੇ ਦਰਜ ਕੀਤੇ ਗਏ ਹਨ ਤਾਂ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਿਹਤ ਮੰਤਰੀ ਬਲਵੀਰ ਸਿੱਧ, ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਉਦੇਵੀਰ ਸਿੰਘ ਢਿੱਲੋਂ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ’ਤੇ ਵੀ ਪਰਚੇ ਦਰਜ ਕੀਤੇ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।