nabaz-e-punjab.com

ਮੁੱਖ ਮੰਤਰੀ ਵੱਲੋਂ ਨਵੀਂ ਸਨਅਤੀ ਨੀਤੀ ਵਿੱਚ ਮੌਜੂਦਾ ਵਪਾਰ ਦੀ ਮੁੜ ਸੁਰਜੀਤੀ ਉੱਤੇ ਜ਼ੋਰ ਦੇਣ ’ਤੇ ਹੁਕਮ

ਉਦਯੋਗਿਕ ਵਿਕਾਸ ਲਈ ‘ਵਪਾਰ ਪਹਿਲਾਂ’ ਦੀ ਫਿਲਾਸਫੀ ’ਤੇ ਚੱਲਣ ਅਤੇ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਸੰਗਠਤ ਕਰਨ ਦਾ ਸੱਦਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਨਅਤੀ ਨੀਤੀ ਵਿਚ ਮੌਜੂਦਾ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ ਜਿਸ ਵਿਚ ‘ਵਪਾਰ ਪਹਿਲਾਂ’ ਦੀ ਫਿਲਾਸਫੀ ਨੂੰ ਬੜ੍ਹਾਵਾ ਦੇਣ ਲਈ ਧਿਆਨ ਕੇਂਦਰਤ ਕੀਤਾ ਜਾਵੇਗਾ। ਨਵੀਂ ਸਨਅਤੀ ਨੀਤੀ ਦੇ ਖਰੜੇ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਸਰਕਾਰ ਵਿਚ ਪਹਿਲਾਂ ਹੀ ਬਣੀ ਮਨ ਦੀ ਧਾਰਨਾ ਵਿਚ ਤਬਦੀਲੀ ਲਿਆਉਣ ਦੀ ਗੱਲ ਕਰਦੇ ਹੋਏ ਸਰਲੀਕਰਨ ’ਤੇ ਧਿਆਨ ਕੇਂਦਰਤ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਪਾਰਕ ਘਰਾਣਿਆਂ ਨਾਲ ਭਾਈਵਾਲਾਂ ਵਰਗਾ ਵਰਤਾਅ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਪ੍ਰਤੀ ਸ਼ੱਕ ਵਾਲੀ ਪਹੁੰਚ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ ਵਿਚ ਮੌਜੂਦਾ ਉਦਯੋਗ ਨੂੰ ਮੁੜ ਸੁਰਜੀਤ ਕਰਨ ਉੱਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਦਯੋਗ ਅਤੇ ਵਪਾਰਕ ਘਰਾਣਿਆਂ ਖਾਸ ਕਰ ਛੋਟੇ ਅਤੇ ਦਰਮਿਆਣੇ ਉਦਯੋਗ ਦੇ ਵਿਕਾਸ ਤੇ ਪਾਸਾਰ ਲਈ ਹਰ ਸੰਭਵ ਮਦਦ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਵਪਾਰ ਦੇ ਲਈ ਸੁਵਿਧਾ ਪ੍ਰਦਾਨ ਕਰਨ ਵਾਸਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਜ਼ਰੂਰਤ ਉੱਤੇ ਵੀ ਵਿਚਾਰ ਚਰਚਾ ਹੋਈ ਅਤੇ ਇਸ ਮਕਸਦ ਲਈ ਪੰਜਾਬ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਕਾਰਪੋਰੇਸ਼ਨ ਸਥਾਪਤ ਕਰਨ ਦਾ ਪ੍ਰਸਤਾਵ ਸਾਹਮਣੇ ਆਇਆ। ਬਿਜਲੀ ਸੈਕਟਰ ਦਾ ਪੱਧਰ ਉੱਚਾ ਚੁੱਕਣ ਤੋਂ ਇਲਾਵਾ ਨਵੀਂ ਨੀਤੀ ਵਿਚ ਚਾਰ ਸਨਅਤੀ ਪਾਰਕਾਂ ਅਤੇ 10 ਸਨਅਤੀ ਅਸਟੇਟਾਂ ਨੂੰ ਵਿਕਸਤ ਕਰਨ ਲਈ ਵੀ ਰੂਪ ਰੇਖਾ ਪੇਸ਼ ਹੋਵੇਗੀ ਅਤੇ ਇਸ ਵਿਚ ਵਪਾਰ ਨੂੰ ਸੁਖਾਲਾ ਬਣਾਉਣ ਉਪਰ ਧਿਆਨ ਕੇਂਦਰਤ ਕੀਤਾ ਜਾਵੇਗਾ।
ਪ੍ਰਸਤਾਵਿਤ ਨੀਤੀ ਵਿਚ ਸਰਵਿਸ ਸੈਕਟਰ ਨੂੰ ਕੁੰਜੀਵੱਤ ਪਹਿਲ ਦੇਣ ਦੀ ਸ਼ਨਾਖਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਵਿਚ ਵਿਕਾਸ ਦੇ ਸੱਤ ਅਹਿੰਮ ਸਤੰਭਾਂ ਵਿਚ ਪੰਜ ਲੱਖ ਕਰੋੜ ਰੁਪਏ ਦੇ ਕੁੱਲ ਪੂੰਜੀ ਨਿਵੇਸ਼ ਦਾ ਟੀਚਾ ਰੱਖਿਆ ਹੈ। ਇਨ੍ਹਾਂ ਸਤੰਭਾਂ ਵਿਚ ਬੁਨਿਆਦੀ ਢਾਂਚਾ, ਬਿਜਲੀ, ਐਮ.ਐਸ.ਐਮ.ਈ ਸਟਾਰਟ-ਅਪ ਅਤੇ ਇੰਟਰਪ੍ਰਿਨਿਓਰਸ਼ਿਪ, ਹੁਨਰ ਵਿਕਾਸ, ਵਪਾਰ ਕਰਨ ਨੂੰ ਸੁਖਾਲਾ ਬਣਾਉਣਾ ਅਤੇ ਨਿਵੇਸ਼ ਬੜ੍ਹਾਵਾ ਅਤੇ ਵਿੱਤੀ ਰਿਆਇਤਾਂ ਸ਼ਾਮਲ ਹਨ। ਇਹ ਨੀਤੀ ਕੇਂਦਰ ਸਰਕਾਰ ਲਈ ਸਨਅਤੀ ਨੀਤੀ ਨਾਲ ਤਾਲਮੇਲ ਬਿਠਾਉਣ ਲਈ ਤਿਆਰ ਕੀਤੀ ਜਾ ਰਹੀ ਹੈ। ਇਸ ਨੀਤੀ ਵਿਚ ਇੰਟਰਪ੍ਰਿਨਿਓਰੀਅਲ ਬਿਜਨਸ ਉੱਤੇ ਖਾਸ ਤੌਰ ’ਤੇ ਜ਼ੋਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਹਜ਼ਾਰ ਸਟਾਰਟ-ਅਪ ਦੇ ਵਿਕਾਸ ਲਈ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਸੂਬੇ ਵਿਚ ਆਰਥਿਕ ਵਿਕਾਸ ਦੇ ਨਾਲ ਨਾਲ ਰੁਜ਼ਗਾਰ ਵੀ ਪੈਦਾ ਹੋ ਸਕਣ। ਕਾਲਜਾਂ ਵਿਚ 50 ਉਦਮੀ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦਾ ਵੀ ਪ੍ਰਸਤਾਵ ਹੈ ਤਾਂ ਜੋ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਉਤਸ਼ਾਹਤ ਅਤੇ ਪ੍ਰੇਰਿਤ ਕੀਤਾ ਜਾ ਸਕੇ। ਬੁਲਾਰੇ ਅਨੁਸਾਰ ਮੀਟਿੰਗ ਦੌਰਾਨ ਆਮ ਸੁਵਿਧਾ ਕੇਂਦਰ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਚੱਲਣ ਵਾਲੀਆਂ ਆਨਲਾਈਨ ਸੇਵਾਵਾਂ ਸਥਾਪਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਵਪਾਰ ਨੂੰ ਸੁਵਿਧਾ ਮੁਹੱਈਆ ਕਰਵਾਉਣ ਲਈ ਲੋੜੀਂਦੀਆਂ ਅਹਿੰਮ ਸੇਵਾਵਾਂ ਦੀ ਬਿਨਾਂ ਕਿਸੇ ਰੁਕਾਵਟ ਤੋਂ ਉਪਲਬੱਧਤਾ ਬਾਰੇ ਸਵਾਲਾਂ ਦੇ ਵੀ ਜਵਾਬ ਦਿੱਤੇ ਗਏ।
ਅਧਿਕਾਰੀਆਂ ਨੇ ਸੁਝਾਅ ਦਿੱਤੇ ਕਿ ਸਾਰੇ ਤਰ੍ਹਾਂ ਦੇ ਵਿਕਾਸ ਦੀਆਂ ਜ਼ਰੂਰਤਾਂ ਲਈ ਇਕਹਿਰਾ ਤਕਨਾਲੋਜੀ ਮੰਚ ਤਿਆਰ ਕੀਤਾ ਜਾਵੇ ਜਿਸ ਦੀ ਆਮ ਦਿੱਖ ਅਤੇ ਪਛਾਣ ਹੋਵੇ। ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਇੱਕ ਪੋਰਟਲ ਦੇ ਉੱਤੇ ਦੋ ਲੱਖ ਸੇਵਾਵਾਂ ਨਾਲ ਨਿਪਟਿਆ ਜਾ ਸਕੇਗਾ ਅਤੇ ਸੇਵਾਵਾਂ ਨੂੰ ਸੰਗਠਤ ਕਰਨ ਦਾ ਕਾਰਜ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕੇਗਾ। ਵਿਚਾਰ ਚਰਚਾ ਮੁਤਾਬਕ ਸੂਬਾ ਸਰਕਾਰ ਨੇ ਟੈਕਸਟਾਈਲ ਅਤੇ ਪੌਸ਼ਾਕ, ਸਾਈਕਲ ਅਤੇ ਸਾਈਕਲ ਦੇ ਪੁਰਜੇ, ਵਾਹਨ ਅਤੇ ਵਾਹਨਾਂ ਦਾ ਸਾਜ਼ੋ-ਸਮਾਨ, ਚਮੜਾ ਅਤੇ ਖੇਡਾਂ ਦਾ ਸਮਾਨ, ਪੈਟਰੋਕੈਮੀਕਲ, ਸਟੀਲ, ਐਨ.ਆਰ.ਐਸ.ਈ. ਸਾਜ਼ੋ-ਸਮਾਨ, ਖੇਤੀ ਅਤੇ ਫੂਡ ਪ੍ਰੋਸੈਸਿੰਗ, ਇਲੈਕਟ੍ਰੋਨਿਕਸ, ਬਾਇਓ ਤਕਨਾਲੋਜੀ ਅਤੇ ਫਾਰਮਾਸੁਟੀਕਲ, ਜਹਾਜ਼ ਅਤੇ ਰੱਖਿਆ ਨਾਲ ਜੁੜੇ ਸਾਜ਼ੋ-ਸਮਾਨ ਦਾ ਨਿਰਮਾਣ ’ਤੇ ਕੇਂਦਰਿਤ ਹੋਣ ਵਿਚ ਦਿਲਚਸਪੀ ਦਿਖਾਈ। ਸੇਵਾਵਾਂ ਦੇ ਖੇਤਰ ਵਿਚ ਆਈ.ਟੀ. ਅਤੇ ਆਈ.ਟੀ.ਈ.ਐਸ., ਜੀਵ ਵਿਗਿਆਨ, ਸੈਨਿਕ ਯੋਜਨਾਬੰਦੀ, ਸੈਰ ਸਪਾਟਾ ਤੇ ਮੇਜ਼ਬਾਨੀ, ਮਨੋਰੰਜਨ ਤੇ ਫਿਲਮ ਉਦਯੋਗ, ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਮੀਟਿੰਗ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਰਾਣਾ ਗੁਰਜੀਤ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿੰਨੀ ਮਹਾਜਨ, ਵਿੱਤ ਕਮਿਸ਼ਨਰ ਕਰ ਅਨੁਰਾਗ ਅਗਰਵਾਲ, ਵਿੱਤ ਕਮਿਸ਼ਨਰ ਵਿਕਾਸ ਐਮ.ਪੀ. ਸਿੰਘ, ਪ੍ਰਮੁੱਖ ਸਕੱਤਰ ਉਰਜਾ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਜੀ. ਵਜਰਾਲਿੰਗਮ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ ਕਿਰਤ ਸੰਜੇ ਕੁਮਾਰ, ਸਕੱਤਰ ਉਦਯੋਗ ਤੇ ਵਪਾਰ ਰਾਕੇਸ਼ ਵਰਮਾ ਅਤੇ ਡਾਇਰੈਕਟਰ ਉਦਯੋਗ ਡੀ.ਪੀ.ਐਸ. ਖਰਬੰਦਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…