Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹਿਰੀ ਖੇਤਰਾਂ ਦੀਆਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਦੇ ਸਮੇਂ ’ਚ ਰਾਤ 9 ਵਜੇ ਤੱਕ ਛੋਟ ਹੋਟਲ ਤੇ ਰੈਸਟੋਰੈਂਟ ਸਾਰੇ 7 ਦਿਨ ਖੁੱਲੇ ਰਹਿਣਗੇ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਸਿਰਫ ਅਸਲ ਬਿੱਲ ਭੇਜਣ ਲਈ ਕਿਹਾ, ਕੋਵਿਡ ਪੀੜਤ ਉਸਾਰੀ ਕਾਮਿਆਂ ਲਈ 1500 ਰੁਪਏ ਨਕਦ ਮੁਆਵਜ਼ਾ ਐਲਾਨਿਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਸਤੰਬਰ: ਕਾਂਗਰਸ ਦੇ ਕਈ ਵਿਧਾਇਕਾਂ ਅਤੇ ਮੈਡੀਕਲ ਮਾਹਿਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸ਼ਹਿਰੀ ਖੇਤਰਾਂ ਵਿੱਚ ਕੁਝ ਛੋਟਾਂ ਦਾ ਐਲਾਨ ਕੀਤਾ ਹੈ ਜਿਨਾਂ ਵਿੱਚ ਸ਼ਨਿੱਚਰਵਾਰ ਨੂੰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲਣਾ ਤੇ ਸੋਮਵਾਰ ਤੋਂ ਲੈ ਕੇ ਸ਼ਨਿੱਚਰਵਾਰ ਤੱਕ ਰਾਤ 9 ਵਜੇ ਤੱਕ ਉਨਾਂ ਨੂੰ ਸਮੇਂ ਵਿੱਚ ਛੋਟ ਦੇਣਾ ਸ਼ਾਮਲ ਹੈ। ਸੋਧੇ ਗਏ ਫੈਸਲੇ ਅਨੁਸਾਰ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਹੁਣ ਰਾਤ 9:30 ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਕਰਫਿਊ ਰਹੇਗਾ। ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਦਿਨਾਂ ਦੌਰਾਨ ਜਿਨਾਂ ਵਿੱਚ ਐਤਵਾਰ ਵੀ ਸ਼ਾਮਲ ਹੋਵੇਗਾ, ਰਾਤ 9:00 ਵਜੇ ਤੱਕ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸਮੇਂ ਤੋਂ ਬਾਅਦ ਖਾਣੇ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮੋਹਾਲੀ ਵਿੱਚ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਖੋਲੇ ਜਾਣ ਨੂੰ ਬਾਕੀ ਦੀ ਟ੍ਰਾਈਸਿਟੀ ਭਾਵ ਚੰਡੀਗੜ ਅਤੇ ਪੰਚਕੂਲਾ ਨਾਲ ਜੋੜਿਆ ਜਾਵੇ। ਇਨਾਂ ਫੈਸਲਿਆਂ ਦਾ ਐਲਾਨ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਕੋਵਿਡ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਵਰਚੁਅਲ ਮੀਟਿੰਗ ਦੇ ਦੂਜੇ ਦੌਰ ਮੌਕੇ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਮੌਕੇ ਦੱਸਿਆ ਕਿ ਡਾ. ਕੇ.ਕੇ. ਤਲਵਾੜ, ਜੋ ਕਿ ਕੋਵਿਡ ਸਬੰਧੀ ਸੂਬਾ ਸਰਕਾਰ ਦੇ ਮਾਹਿਰ ਗਰੁੱਪ ਦੇ ਮੁਖੀ ਹਨ, ਨੇ ਸਮੂਹ ਸਾਵਧਾਨੀਆਂ ਨਾਲ ਇਹ ਛੋਟਾਂ ਦੇਣ ਦੀ ਸਲਾਹ ਦਿੱਤੀ ਹੈ। ਦੁਕਾਨਦਾਰਾਂ ਵੱਲੋਂ ਕਾਫੀ ਲੰਮੇ ਸਮੇਂ ਲਈ ਉਨਾਂ ਦੀਆਂ ਦੁਕਾਨਾਂ ਬੰਦ ਰਹਿਣ ਦੇ ਬਾਵਜੂਦ ਭਾਰੀ ਬਿੱਲ ਆਉਣ ਦੀਆਂ ਸ਼ਿਕਾਇਤਾਂ ਬਾਰੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬੀਤੇ ਵਰੇ ਦੀ ਔਸਤ ਦੇ ਹਿਸਾਬ ਨਾਲ ਬਿੱਲ ਨਾ ਲਏ ਜਾਣ ਸਗੋਂ ਅਸਲ ਬਿੱਲ ਭੇਜੇ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪਾਜ਼ੇਟਿਵ ਆਉਣ ਵਾਲੇ ਉਸਾਰੀ ਖੇਤਰ ਦੇ ਕਾਮਿਆਂ ਲਈ ਜਾਂ ਜਿਨਾਂ ਦੇ ਨਜ਼ਦੀਕੀ ਪਰਿਵਾਰ ਵੀ ਪਾਜ਼ੇਟਿਵ ਹਨ ਅਤੇ ਕੁਆਰੰਟੀਨ ਕੀਤੇ ਗਏ ਹਨ, ਲਈ 1500 ਰੁਪਏ ਦੇ ਨਕਦ ਮੁਆਵਜ਼ੇ ਦਾ ਐਲਾਨ ਵੀ ਕੀਤਾ। ਉਨਾਂ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਉਹ ਪਾਜ਼ੇਟਿਵ ਆਏ ਗ਼ਰੀਬ ਮਰੀਜ਼ਾਂ ਨੂੰ ਖਾਣੇ ਦੇ ਪੈਕੇਟ ਮੁਫਤ ਵੰਡਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਘਰੇਲੂ ਇਕਾਂਤਵਾਸ ਦੌਰਾਨ ਘੱਟੋ-ਘੱਟ 7-10 ਦਿਨ ਲਈ ਉਨਾਂ ਕੋਲ ਭਰਪੂਰ ਮਾਤਰਾ ਵਿੱਚ ਰਾਸ਼ਨ ਹੋਵੇ। ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਕਿ ਕੁਝ ਸਮਾਜ ਵਿਰੋਧੀ ਤੱਤਾਂ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਕੋਵਿਡ ਟੈਸਟਿੰਗ ਅਤੇ ਅੰਗਾਂ ਨੂੰ ਕੱਢੇ ਜਾਣ ਸਬੰਧੀ ਕੀਤੇ ਜਾ ਰਹੇ ਨਕਾਰਾਤਮਕ ਪ੍ਰਚਾਰ ਦਾ ਠੋਕਵਾਂ ਜਵਾਬ ਦਿੱਤਾ ਜਾਵੇ। ਉਨਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਹ ਵੀ ਕਿਹਾ ਕਿ ਉਹ ਆਪੋ ਆਪਣੇ ਹਲਕਿਆਂ ਵਿੱਚ ਵਰਕਰਾਂ ਅਤੇ ਸਰਪੰਚਾਂ ਆਦਿ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਸਿਹਤ ਸਬੰਧੀ ਸਮੂਹ ਸਾਵਧਾਨੀਆਂ ਦਾ ਇੰਨ-ਬਿੰਨ ਪਾਲਣ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਸਰਪੰਚਾਂ ਨੂੰ ਮੋਹਰੀ ਹੋ ਕੇ ਮਿਸਾਲੀ ਕਿਰਦਾਰ ਨਿਭਾਉਣ ਲਈ ਕਿਹਾ। ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਨਾਂ ਦੀ ਸਰਕਾਰ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਪ੍ਰਚਾਰ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਉਨਾਂ ਪੁਲਿਸ ਨੂੰ ਅਜਿਹੇ ਤੱਤਾਂ ਉਤੇ ਸ਼ਿਕੰਜਾ ਕਸਣ ਲਈ ਕਿਹਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਔਕਸੀਮੀਟਰ ਟੈਸਟਾਂ ਦਾ ਬਦਲ ਨਹੀਂ ਹਨ ਅਤੇ ਟੈਸਟ ਵਿੱਚ ਦੇਰੀ ਮੌਤ ਦਰ ਨੂੰ ਵਧਾਉਦੀ ਹੈ। ਔਕਸੀਮੀਟਰ ਸਿਰਫ ਇਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਹੋਣ ਲਈ ਸੇਧ ਦੇ ਸਕਦੇ ਹਨ ਜਦੋਂ ਆਕਸੀਜਨ ਦਾ ਪੱਧਰ ਘੱਟ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ 50,000 ਹੋਰ ਔਕਸੀਮੀਟਰ ਖਰੀਦ ਕੇ ਸਿਹਤ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਦੇ ਰਹੀ ਹੈ ਅਤੇ ਕੁਝ ਘਰੇਲੂ ਏਕਾਂਤਵਾਸ ਮਰੀਜ਼ਾਂ ਨੂੰ ਵੀ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਲੋਕਾਂ ਵਿਚਾਲੇ ਬਿਹਤਰ ਤਾਲਮੇਲ ਵਧਾਉਣ ਅਤੇ ਉਨਾਂ ਦਾ ਹੌਸਲਾ ਵਧਾਉਣ ਲਈ ਆਪਣੇ ਹਲਕੇ ਅਤੇ ਹਸਪਤਾਲਾਂ ਦਾ ਨਿਰੰਤਰ ਦੌਰਾ ਕਰਦੇ ਰਹਿਣ। ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਦੇ ਨਾਲ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਸ਼ਾਮਿਲ ਹੋਏ ਵਿਧਾਇਕਾਂ ਵਿੱਚ ਜੋਗਿੰਦਰ ਪਾਲ (ਭੋਆ), ਅਮਿਤ ਵਿਜ (ਪਠਾਨਕੋਟ), ਹਰਪ੍ਰਤਾਪ ਸਿੰਘ ਅਜਨਾਲਾ (ਅਜਨਾਲਾ), ਸੁਖਵਿੰਦਰ ਸਿੰਘ ਡੈਨੀ (ਜੰਡਿਆਲਾ), ਸੁਨੀਲ ਦੱਤੀ (ਅੰਮਿ੍ਰਤਸਰ ਉੱਤਰੀ), ਰਾਜ ਕੁਮਾਰ ਵੇਰਕਾ (ਅੰਮਿ੍ਰਤਸਰ ਪੱਛਮੀ), ਇੰਦਰਬੀਰ ਸਿੰਘ ਬੁਲਾਰੀਆ (ਅੰਮਿ੍ਰਤਸਰ ਦੱਖਣੀ), ਤਰਸੇਮ ਸਿੰਘ ਡੀ.ਸੀ. (ਅਟਾਰੀ), ਹਰਦੇਵ ਸਿੰਘ ਲਾਡੀ (ਸ਼ਾਹਕੋਟ), ਚੌਧਰੀ ਸੁਰਿੰਦਰ ਸਿੰਘ (ਕਰਤਾਰਪੁਰ), ਸੁਸ਼ੀਲ ਕੁਮਾਰ ਰਿੰਕੂ (ਜਲੰਧਰ ਪੱਛਮੀ), ਰਜਿੰਦਰ ਬੇਰੀ (ਜਲੰਧਰ ਸੈਂਟਰਲ), ਅਵਤਾਰ ਸਿੰਘ ਸੰਘੇੜਾ ਜੂਨੀਅਰ (ਜਲੰਧਰ ਉੱਤਰੀ), ਪ੍ਰਗਟ ਸਿੰਘ (ਜਲੰਧਰ ਕੈਂਟ), ਗੁਰਕੀਰਤ ਸਿੰਘ (ਖੰਨਾ), ਅਮਰੀਕ ਸਿੰਘ ਢਿੱਲੋਂ (ਸਮਰਾਲਾ), ਸੰਜੀਵ ਤਲਵਾੜ (ਲੁਧਿਆਣਾ ਪੂਰਬੀ), ਸੁਰਿੰਦਰ ਸਿੰਘ ਡਾਵਰ (ਲੁਧਿਆਣਾ ਕੇਂਦਰੀ), ਰਾਕੇਸ਼ ਪਾਂਡੇ (ਲੁਧਿਆਣਾ ਉੱਤਰੀ), ਕੁਲਦੀਪ ਸਿੰਘ ਵੈਦ (ਗਿੱਲ), ਲਖਵੀਰ ਸਿੰਘ ਲੱਖਾ (ਪਾਇਲ), ਮਦਨ ਲਾਲ ਜਲਾਲਪੁਰ (ਘਨੌਰ), ਰਾਜਿੰਦਰ ਸਿੰਘ (ਸਮਾਣਾ), ਨਿਰਮਲ ਸਿੰਘ (ਸ਼ੁਤਰਾਣਾ) ਅਤੇ ਪ੍ਰੀਤਮ ਸਿੰਘ ਕੋਟਭਾਈ (ਭੁੱਚੋਮੰਡੀ) ਸ਼ਾਮਿਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ