ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਦਾ ਘਿਰਾਓ, ਜ਼ਬਰਦਸਤ ਪਿੱਟ ਸਿਆਪਾ

ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅਧੂਰਾ ਡੀਏ ਦੇ ਪੱਤਰ ਜਾਰੀ ਕੀਤਾ: ਆਗੂ

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ’ਤੇ ਕੰਪਿਊਟਰ ਦਾ ਭਵਿੱਖ ਮਿੱਟੀ ਵਿੱਚ ਮਿਲਾਉਣ ਦਾ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 22 ਜਨਵਰੀ:
ਪੰਜਾਬ ਭਰ ਦੇ ਕੰਪਿਊਟਰ ਕੰਪਿਊਟਰ ਅਧਿਆਪਕਾਂ ਨੇ ਅੱਜ ਮੁਹਾਲੀ ਸਥਿਤ ਸਿੱਖਿਆ ਭਵਨ ਦਾ ਘਿਰਾਓ ਕਰਕੇ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਨੂੰ ਰੱਜ ਕੇ ਕੋਸਿਆ। ਉਂਜ ਪਿਛਲੇ ਸਾਲ 1 ਸਤੰਬਰ ਤੋਂ ਕੰਪਿਊਟਰ ਅਧਿਆਪਕ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਲਗਾਤਾਰ ਭੁੱਖ-ਹੜਤਾਲ ’ਤੇ ਬੈਠੇ ਹਨ ਅਤੇ ਇਸ ਵਰ੍ਹੇ 3 ਜਨਵਰੀ ਤੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਬੁਲਾਰਿਆਂ ਨੇ ਹਾਲ ਹੀ ਵਿੱਚ ਸਰਕਾਰ ਵੱਲੋਂ ਅਧੂਰਾ ਮਹਿੰਗਾਈ ਭੱਤੇ (ਡੀਏ) ਵਧਾਉਣ ਦਾ ਪੱਤਰ ਜਾਰੀ ਕਰਨ ਨੂੰ ਕੰਪਿਊਟਰ ਅਧਿਆਪਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਖ਼ਤਮ ਕਰਨ ਲਈ ਇਹ ਸਰਕਾਰ ਦੀ ਕੋਝੀ ਚਾਲ ਹੈ। ਅੱਜ ਸਵੇਰੇ ਹੀ ਪੰਜਾਬ ਭਰ ’ਚੋਂ ਕੰਪਿਊਟਰ ਅਧਿਆਪਕ ਕਾਫ਼ਲਿਆਂ ਦੇ ਰੂਪ ਵਿੱਚ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਵੱਡੀ ਭੀੜ ਜਮ੍ਹਾ ਹੋ ਗਈ। ਜਿਸ ਵਿੱਚ ਅੌਰਤਾਂ ਨੇ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।
ਕੰਪਿਊਟਰ ਅਧਿਆਪਕ ਭੁੱਖ-ਹੜਤਾਲ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਮਲੂਕਾ, ਰਾਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਗੁਰਬਖ਼ਸ਼ ਲਾਲ, ਉਦਮ ਸਿੰਘ ਡੋਗਰਾ, ਰਾਕੇਸ਼ ਸੈਣੀ, ਸੁਸ਼ੀਲ ਅੰਗੁਰਾਲ, ਨਾਇਬ ਸਿੰਘ ਬੁੱਕਣਵਾਲ ਅਤੇ ਜਸਵਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਹੋਈਆਂ ਵੱਖ ਵੱਖ ਮੀਟਿੰਗਾਂ ਵਿੱਚ ਉੱਚ ਅਧਿਕਾਰੀਆਂ ਵੱਲੋਂ ਸਾਲ 2021 ਤੋਂ ਰੁਕੇ ਡੀਏ ਨੂੰ ਅਨ-ਰਿਵਾਇਜ਼ਡ ਫ਼ਾਰਮੂਲੇ ਤਹਿਤ ਸਟੇਟ ਨਾਲ ਜੋੜ ਕੇ ਅਨ-ਰਿਵਾਇਜਡ ਸਕੇਲਾ ਤਹਿਤ ਬਣਦੇ ਡੀਏ ਲਾਗੂ ਕਰਨ ਦੀ ਸਹਿਮਤੀ ਦਿੱਤੀ ਸੀ ਪ੍ਰੰਤੂ ਹੁਣ ਸਰਕਾਰ ਵੱਲੋਂ ਸਹਿਮਤੀ ਦੇ ਉਲਟ ਡੀਏ ਦਾ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬਿਨਾਂ ਕਿਸੇ ਨਿਯਮ ਦੇ ਉੱਕਾ-ਪੁੱਕਾ ਵਾਧਾ ਕੀਤਾ ਗਿਆ ਹੈ। ਜਿਸ ਨੂੰ ਕੰਪਿਊਟਰ ਅਧਿਆਪਕਾਂ ਨੇ ਮੁੱਢੋਂ ਨਕਾਰ ਦਿੱਤਾ ਹੈ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਫ਼ਸਰਸ਼ਾਹੀ ਨੇ ਕੰਪਿਊਟਰ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਦੱਸਦੇ ਹੋਏ ਸਰਕਾਰ ਬਣਨ ’ਤੇ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੱਕੇ ਕਰਨ ਦੇ ਆਰਡਰਾਂ ਵਿੱਚ ਦਰਜ ਸਾਰੇ ਲਾਭ ਅਤੇ 6ਵੇਂ ਤਨਖ਼ਾਹ-ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਰਜ਼ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਡੀਟੀਐਫ਼ ਦੇ ਸੂਬਾ ਪ੍ਰਧਾਨ ਬਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜੋਸਨ, ਜੀਟੀਯੂ ਤੋਂ ਪਰਮਜੀਤ ਸਿੰਘ, ਹਰਮਨਜੀਤ ਸਿੰਘ, ਏਆਈ ਅਧਿਆਪਕ ਵਰਿੰਦਰ ਸਿੰਘ ਨੇ ਵੀ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਬਿਲਾਂ ਦੇਰੀ ਤੋਂ ਸਾਰੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ ਮਿਲਕਫੈੱਡ ਤੇ ਮਿਲਕ ਪਲਾਂ…