nabaz-e-punjab.com

ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਗਠਜੋੜ ਤੋਂ ਇਨਕਾਰ, ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਨੇ ਸੀਨੀਅਰ ਏ.ਆਈ.ਸੀ.ਸੀ ਆਗੂਆਂ ਨੂੰ ਸੂਬੇ ਦੇ ਸਟੈਂਡ ਤੋਂ ਜਾਣੂ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 3 ਅਕਤੂਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਚੋਣਾਂ ਦੌਰਾਨ ਸੂਬੇ ਵਿੱਚ ਕੋਈ ਵੀ ਸਿਆਸੀ ਗਠਜੋੜ ਨਾ ਕਰਨ ਬਾਰੇ ਸੂਬਾ ਕਾਂਗਰਸ ਇਕਾਈ ਦੀ ਰਾਇ ਤੋਂ ਪਾਰਟੀ ਹਾਈ ਕਮਾਨ ਨੂੰ ਜਾਣੂ ਕਰਵਾ ਦਿੱਤਾ ਹੈ।
ਸੀਨੀਅਰ ਏ.ਆਈ.ਸੀ.ਸੀ ਆਗੂਆਂ ਨਾਲ ਇਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਪਾਰਟੀ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਆਉਂਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਿਸ਼ੇਸ਼ ਤੌਰ ‘ਤੇ ਚਰਚਾ ਹੋਈ। ਮੀਟਿੰਗ ਵਿੱਚ ਏ.ਆਈ.ਸੀ.ਸੀ ਦੇ ਆਗੂ ਅਹਿਮਦ ਪਟੇਲ, ਏ.ਕੇ.ਐਨਟਨੀ, ਜੈਰਾਮ ਰਮੇਸ਼, ਮਲਿਕਅਰਜਨ ਖੜਗੇ ਅਤੇ ਗੁਲਾਮ ਨਬੀ ਆਜ਼ਾਦ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਸਨ।
ਪੰਜਾਬ ਵਿੱਚ ਗਠਜੋੜ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੋਵਾਂ ਨੇ ਏ.ਆਈ.ਸੀ.ਸੀ ਦੇ ਆਗੂਆਂ ਨੂੰ ਦੱਸ ਦਿੱਤਾ ਹੈ ਕਿ ਉਹ ਆਉਂਦੀਆਂ ਚੋਣਾਂ ਸੂਬੇ ਵਿੱਚ ਇਕੱਲੇ ਹੀ ਲੜਨਗੇ ਅਤੇ ਸਾਰੀਆਂ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣਗੇ। ਉਨ•ਾਂ ਕਿਹਾ ਕਿ ਜਿਥੋਂ ਤੱਕ ਰਾਸ਼ਟਰੀ ਗਠਜੋੜ ਦਾ ਸਬੰਧ ਹੈ ਇਸ ਬਾਰੇ ਫੈਸਲਾ ਹਾਈ ਕਮਾਨ ਨੇ ਕਰਨਾ ਹੈ ਅਤੇ ਉਨ•ਾਂ ਨੇ ਸਿਰਫ ਇਹ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਕਿਸੇ ਵੀ ਗਠਜੋੜ ਦੀ ਜਰੂਰਤ ਨਹੀਂ ਹੈ।
ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ•ਾਂ ਨੇ ਅੱਜ ਸਵੇਰੇ ਮੰਤਰੀ ਮੰਡਲ ਮੀਟਿੰਗ ਤੋਂ ਬਾਅਦ ਆਪਣੇ ਗੈਰ ਰਸਮੀ ਤੌਰ ‘ਤੇ ਕੈਬਨਿਟ ਸਾਥੀਆਂ ਦੇ ਗਠਜੋੜ ਬਾਰੇ ਵਿਚਾਰ ਲਏ ਅਤੇ ਸਾਰਿਆਂ ਨੇ ਆਮ ਸਹਿਮਤੀ ਨਾਲ ਆਖਿਆ ਕਿ ਪਾਰਟੀ ਨੂੰ ਗਠਜੋੜ ਦੀ ਕੋਈ ਜਰੂਰਤ ਨਹੀਂ ਹੈ ਅਤੇ ਪਾਰਟੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਆਪਣੇ ਸਿਰ ‘ਤੇ ਜਿੱਤੇਗੀ।
ਪੰਜਾਬ ਵਿੱਚ ਨਸ਼ਿਆਂ ਦੀ ਖੇਤੀ ਨੂੰ ਕਾਨੂੰਨੀ ਰੂਪ ਦੇਣ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸਦੇ ਹੱਕ ਵਿੱਚ ਨਹੀ ਹਨ ਅਤੇ ਉਹ ਸੂਬੇ ਨੂੰ ਨਸ਼ਿਆਂ ਹੱਥੋਂ ਤਬਾਹ ਹੋਣ ਦੀ ਆਗਿਆ ਨਹੀਂ ਦੇਣਗੇ। ਆਮ ਆਦਮੀ ਪਾਰਟੀ ਦੇ ਐਮ.ਪੀ ਅਤੇ ਹੋਰ ਜੋ ਵੀ ਇਸ ਬਾਰੇ ਆਖ ਰਹੇ ਹਨ ਉਸ ਨਾਲ ਉਨ•ਾਂ ਦਾ ਕੋਈ ਸਬੰਧ ਨਹੀ ਹੈ ਅਤੇ ਅਸੀ ਨਹੀ ਚਾਹੁੰਦੇ ਕਿ ਪੰਜਾਬ ਵਿੱਚ ਕੋਈ ਨਸ਼ਿਆਂ ਦੀ ਖੇਤੀ ਕਰੇ।
ਚੰਡੀਗੜ ਦੇ ਮੁੱਦੇ ‘ਤੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੋਹਰਾਇਆ ਕਿ ਉਨ•ਾਂ ਦਾ ਸਰਕਾਰ ਕਿਸੇ ਵੀ ਕੀਮਤ ਵਿੱਚ ਕੇਂਦਰੀ ਸ਼ਾਸਤ ਪ੍ਰਦੇਸ਼ ‘ਤੇ ਸੂਬੇ ਦੇ ਦਾਅਵੇ ਨੂੰ ਖੋਰਾ ਲੱਗਣ ਦੀ ਆਗਿਆ ਨਹੀ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਨੇ ਚੰਡੀਗੜ ਯੂ.ਟੀ ਦੇ ਕਾਡਰ ਦੀ ਵੰਡ ਸਬੰਧੀ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸੀ.ਸੀ.ਐਲ ਅਤੇ ਖਰੀਦ ਦੇ ਮੁੱਦੇ ਬਾਰੇ ਵਿਚਾਰ ਕਰਨ ਲਈ ਵੀਰਵਾਰ ਨੂੰ ਕੇਂਦਰੀ ਖੁਰਾਕ ਮੰਤਰੀ ਨਾਲ ਮਿਲਣਗੇ। ਉਨ•ਾਂ ਦੱਸਿਆ ਕਿ ਉਹ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਗੇ ਕਿਉਂਕਿ ਉਹ ਅਗਲੇ ਦੋ ਦਿਨ ਰੂਸ ਦੇ ਰਾਸ਼ਟਰਪਤੀ ਦੇ ਦੌਰੇ ਕਾਰਨ ਰੁਝੇ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…