
ਪੰਜਾਬ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੋਮਵਾਰ ਨੂੰ ਦਿੱਤਾ ਜਾਵੇਗਾ ਡੀਸੀ ਦਫ਼ਤਰ ਅੱਗੇ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਪੰਜਾਬ ਕਾਂਗਰਸ ਵੱਲੋਂ ਭਲਕੇ 14 ਦਸੰਬਰ ਨੂੰ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਜਾਣ ਵਾਲੇ ਰੋਸ ਧਰਨੇ ਨੂੰ ਲੈ ਕੇ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਕਾਂਗਰਸ ਮੁਹਾਲੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ ਅਤੇ ਬਲਾਕ ਸੰਮਤੀ ਖਰੜ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਲਾਮਵੰਦ ਕੀਤਾ ਗਿਆ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸ੍ਰੀ ਹਰਕੇਸ਼ ਸ਼ਰਮਾ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੰਭੂ ਬਾਰਡਰ ਉਤੇ ਦਿੱਤੇ ਜਾਣ ਵਾਲੇ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਦਾ ਕਾਫਲਾ ਭਲਕੇ 14 ਦਸੰਬਰ ਨੂੰ ਪਿੰਡ ਤੰਗੋਰੀ ਦੇ ਪ੍ਰਧਾਨ ਢਾਬੇ ਤੋਂ ਸਵੇਰੇ 9:30 ਵਜੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਉਨ੍ਹਾਂ ਨੇ ਅੱਜ ਪਿੰਡ ਸੇਖਨ ਮਾਜਰਾ, ਕੁਰੜਾ, ਕੁਰੜੀ, ਪ੍ਰੇਮਗੜ੍ਹ, ਤੰਗੌਰੀ, ਬਠਲਾਣਾ, ਚਾਓਮਾਜਰਾ, ਮਨੌਲੀ, ਨਡਿਆਲੀ, ਸਫੀਪੁਰ, ਸਨੇਟਾ, ਗੋਬਿੰਦਗੜ੍ਹ, ਸ਼ਾਮਪੁਰ, ਢੇਲਪੁਰ, ਗੀਗੇਮਾਜਰਾ, ਨਗਾਰੀ, ਦੈੜੀ ਆਦਿ ਪਿੰਡਾਂ ਦਾ ਦੌਰਾ ਕੀਤਾ. ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਅੰਦਰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਇਸ ਸੰਘਰਸ਼ ਵਿਚ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਉਮੈ ਵਾਲਾ ਰਵੱਈਆ ਤਿਆਗ ਕੇ ਕਿਸਾਨਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਬੜੀ ਅਤੇ ਹਰਵਿੰਦਰ ਸਿੰਘ ਬਠਲਾਣਾ ਵੀ ਮੌਜੂਦ ਸਨ।