nabaz-e-punjab.com

ਪੰਜਾਬ ਦੇ ਠੇਕਾ ਮੁਲਾਜ਼ਮ 15 ਅਗਸਤ ਨੂੰ ਮਨਾਉਣਗੇ ਗੁਲਾਮੀ ਦਿਵਸ, ਮੁੱਖ ਮੰਤਰੀ ਨੂੰ ਦਿਖਾਉਣਗੇ ਕਾਲੇ ਝੰਡੇ

ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਜੁਆਇੰਟ ਐਕਸ਼ਨ ਕਮੇਟੀ ਵੱਲੋਂ 14 ਅਗਸਤ ਨੂੰ ਮੋਤੀ ਮਹਿਲ ਘੇਰਨ ਦਾ ਐਲਾਨ

ਠੇਕਾ ਮੁਲਾਜ਼ਮਾਂ ਨਾਲ ਧ੍ਰੋਹ ਕਮਾਉਣ ਵਿੱਚ ਕੈਪਟਨ ਸਰਕਾਰ ਅਕਾਲੀ ਸਰਕਾਰ ਤੋਂ ਦੋ ਕਦਮ ਅੱਗੇ: ਮੁਲਾਜ਼ਮ ਆਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸੂਬੇ ਅੰਦਰ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਅਤੇ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਕਰਮਚਾਰੀਆਂ ਨੇ ਕੈਪਟਨ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ 15 ਅਗਸਤ ਨੂੰ ਜਲੰਧਰ ਵਿੱਚ ਆਜ਼ਾਦੀ ਦਿਹਾੜੇ ਦੀ ਥਾਂ ਗੁਲਾਮੀ ਦਿਵਸ ਮਨਾਉਣ ਦਾ ਫੈਸਲਾ ਲਿਆ ਹੈ। ਸੰਘਰਸ਼ ਮੋਰਚਾ ਦੇ ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ, ਕੁਲਦੀਪ ਸਿੰਘ ਬੁੱਢੇਵਾਲ ਅਤੇ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ 14 ਅਗਸਤ ਨੂੰ ਜਲੰਧਰ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਰਾਤ ਨੂੰ ਗਲੀ ਮੁਹੱਲਿਆਂ ਵਿੱਚ ਜਾਗੋ ਕੱਢੀ ਜਾਵੇਗੀ ਅਤੇ ਸਵੇਰੇ ਜਦੋਂ ਮੁੱਖ ਮੰਤਰੀ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਉਣਗੇ ਤਾਂ ਇਸ ਦੌਰਾਨ ਠੇਕਾ ਮੁਲਾਜ਼ਮਾਂ ਵੱਲੋਂ ਕਾਲੇ ਚੋਗੇ ਪਾ ਕੇ ਮੁੱਖ ਮੰਤਰੀ ਦੇ ਸਮਾਗਮ ਵੱਲ ਰੋਸ ਮਾਰਚ ਕੀਤਾ ਜਾਵੇਗਾ। ਮੁਲਜ਼ਮਾਂ ਦੇ ਇਸ ਰੋਹ ਦੇ ਚੱਲਦਿਆਂ ਹੁਕਮਰਾਨ ਫ਼ਿਕਰ ਵਿੱਚ ਪੈ ਗਏ ਹਨ ਅਤੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਨੀਂਦ ਉੱਡ ਗਈ ਹੈ। ਉਂਜ ਸੱਤਾਧਾਰੀ ਆਗੂਆਂ ਨੇ ਮੁਲਾਜ਼ਮਾਂ ਨੂੰ ਗੁਲਾਮੀ ਦਿਵਸ ਨਾ ਮਨਾਉਣ ਲਈ ਪਤਿਆਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਦੇ ਰਾਹ ’ਤੇ ਚੱਲਦਿਆਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਛਾਂਟੀ ਅਤੇ ਪੱਕੀ ਭਰਤੀ ਕਰਨ ਦੀ ਥਾਂ ਠੇਕਾ ਪ੍ਰਣਾਲੀ ਨੂੰ ਅਪਣਾਇਆ ਜਾ ਰਿਹਾ ਹੈ। ਮੌਜੂਦਾ ਸਰਕਾਰ ਵ ਪਿਛਲੀ ਅਕਾਲੀ ਸਰਕਾਰ ਦੇ ਅਧੂਰੇ ‘ਨਿੱਜੀਕਰਨ’ ਦੇ ਕਾਰਜ ਨੂੰ ਪੂਰਾ ਕਰਨ ਲਈ ਬਾਦਲਾਂ ਤੋਂ ਵੀ ਦੋ ਕਦਮ ਅੱਗੇ ਲੰਘ ਗਈ ਹੈ। ਹੁਕਮਰਾਨਾਂ ਨੇ ਠੇਕਾ ਮੁਲਾਜ਼ਮਾਂ ਨੂੰ ਪਿੱਤਰੀ ਵਿਭਾਗਾਂ ਵਿੱਚ ਰੈਗੂਲਰ ਕਰਨ ਅਤੇ ਐਕਟ 2016 ਲਾਗੂ ਕਰਨ ਦੀ ਬਜਾਏ ਮੁਲਾਜ਼ਮਾਂ ਕੋਲੋਂ ਰੁਜ਼ਗਾਰ ਖੋਹਣ ’ਤੇ ਉਤਾਰੂ ਹੋ ਗਈ ਹੈ।
ਉਧਰ, ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵੱਖਰੇ ਤੌਰ ’ਤੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮੁਲਾਜ਼ਮ ਲਹਿਰ ਦੇ ਮੋਢੀ ਅਤੇ ਚੇਅਰਮੈਨ ਸੱਜਣ ਸਿੰਘ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਪੰਜਾਬ ਸਫ਼ਾਈ ਮਜਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗਡਿਆਲ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸੀਸ ਜੁਲਾਹਾ ਅਤੇ ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 72 ਸਾਲ ਬੀਤੇ ਗਏ ਹਨ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਦੇ ਝੂਠੇ ਲਾਰਿਆਂ ਦੇ ਚੱਲਦਿਆਂ ਮੁਲਾਜ਼ਮਾਂ ਅਤੇ ਕਿਰਤੀ ਵਰਗ ਦੀ ਦੁਰਦਸ਼ਾ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਅਤੇ ਫਿਰ ਲੋਕ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਕੱਚੇ, ਦਿਹਾੜੀਦਾਰ ਮੁਲਾਜ਼ਮਾਂ ਅਤੇ ਠੇਕਾ ਪ੍ਰਣਾਲੀ ਅਧੀਨ ਵੱਖ ਵੱਖ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਘਰ ਘਰ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹੀ ਨਹੀਂ ਹੁਣ ਹੁਕਮਰਾਨਾਂ ਨੇ ਮੁਲਾਜ਼ਮਾਂ ਮੰਗਾਂ ਤੋਂ ਪੂਰੀ ਤਰ੍ਹਾਂ ਮੂੰਹ ਫੇਰ ਲਿਆ ਹੈ। ਜਿਸ ਕਾਰਨ ਸਮੁੱਚਾ ਮੁਲਾਜ਼ਮ ਅੱਜ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਪੈ ਗਿਆ ਹੈ।
ਪੰਜਾਬ ਰਾਜ ਪਾਵਰਕੌਮ ਐਂਪਲਾਈਜ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਪਿਲਖਣੀ, ਦਵਿੰਦਰ ਸਿੰਘ ਪੁਨੀਆ ਨੇ ਕਿਹਾ ਕਿ ਛੇਵਾਂ ਤਨਖ਼ਾਹ ਕਮਿਸ਼ਨ, ਡੀਏ ਦੀਆਂ ਕਿਸਤਾਂ ਸਮੇਤ ਅੰਤ੍ਰਿਮ ਰਿਲੀਫ਼, ਪੁਰਾਣੀ ਪੈਨਸ਼ਨ ਸਕੀਮ, ਮੁਲਾਜ਼ਮਾਂ ਤੋਂ 200 ਰੁਪਏ ਜਜੀਆ ਟੈਕਸ ਵਸੂਲੀ ਆਦਿ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਹੁਕਮਰਾਨ ਕੁੰਭਕਰਨ ਦੀ ਨੀਂਦ ’ਚ ਸੁੱਤੇ ਹੋਏ ਹਨ। ਜਿਨ੍ਹਾਂ ਨੂੰ ਹੁਣ ਸੰਘਰਸ਼ ਰਾਹੀਂ ਹਲੂਣਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ ਇਸ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…