
ਪ੍ਰੀ-ਪ੍ਰਾਇਮਰੀ ਸਿੱਖਿਆ ਦੇ 3 ਸਾਲ ਸਫਲਤਾ ਪੂਰਵਕ ਪੂਰੇ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3.30 ਲੱਖ ਬੱਚੇ ਲੈ ਰਹੇ ਹਨ ਪ੍ਰੀ-ਪ੍ਰਾਇਮਰੀ ਸਿੱਖਿਆ
ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ’ਤੇ 44 ਕਰੋੜ ਰੁਪਏ ਖ਼ਰਚ ਕੀਤੇ: ਕ੍ਰਿਸ਼ਨ ਕੁਮਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਕੇ ਦੇਸ਼ ਅੰਦਰ ਸਿੱਖਿਆ ਦੇ ਖੇਤਰ ਵਿੱਚ ਨਵਾਂ ਅਧਿਆਇ ਜੋੜਿਆ ਗਿਆ ਹੈ। ਮੌਜੂਦਾ ਸਮੇਂ ਵਿੱਚ 3 ਤੋਂ 6 ਸਾਲ ਉਮਰ ਦੇ 3.30 ਲੱਖ ਵਿਦਿਆਰਥੀ ਸੂਬੇ ਦੇ 13 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਵਿੱਚ ਦਾਖ਼ਲਾ ਲੈ ਕੇ ਮਿਆਰੀ ਸਿੱਖਿਆ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਭਾਵੇਂ ਅਜੇ ਪ੍ਰੀ-ਪ੍ਰਾਇਮਰੀ ਸਿੱਖਿਆ ਸ਼ੁਰੂ ਕਰਨ ਲਈ ‘ਨਵੀਂ ਸਿੱਖਿਆ ਨੀਤੀ-2019’ ਵਿੱਚ ਜ਼ੋਰ ਦਿੱਤਾ ਗਿਆ ਹੈ ਪਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੰਬਰ 2017 ਵਿੱਚ ਹੀ ਪ੍ਰੀ-ਪ੍ਰਾਇਮਰੀ ਦੀ ਪੜ੍ਹਾਈ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਨਾਲ ਸਿੱਖਿਆ ਦੇ ਮਿਆਰੀਕਰਨ ਸਬੰਧੀ ਦੂਰ-ਅੰਦੇਸ਼ੀ ਦਾ ਸਬੂਤ ਦਿੱਤਾ ਹੈ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖਰੇਖ ਹੇਠ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪਹਿਲਾਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਬਾਲ-ਕੇਂਦਰਿਤ ਪਹੁੰਚ ਵਾਲਾ ਪਾਠਕ੍ਰਮ ਅਤੇ ਸਿੱਖਣ-ਸਿਖਾਉਣ ਸਮੱਗਰੀ ਤਿਆਰ ਕਰਨਾ ਸਿੱਖਿਆ ਵਿਭਾਗ ਦੀ ਬਹੁਤ ਵੱਡੀ ਪ੍ਰਾਪਤੀ ਰਹੀ ਹੈ। ਸਿੱਖਿਆ ਸਕੱਤਰ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਸਟੇਟ, ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿਖਲਾਈ ਟੀਮਾਂ ਦਾ ਗਠਨ, 3-6 ਸਾਲਾਂ ਦੇ ਬੱਚਿਆਂ ਲਈ ਖੇਡ-ਖੇਡ ਵਿੱਚ ਸਿੱਖਣ-ਸਿਖਾਉਣ ਲਈ ਜਮਾਤ ਦੇ ਕਮਰੇ ਨੂੰ ‘ਖੇਡ ਮਹਿਲ’ ਦਾ ਰੂਪ ਦੇਣ ਲਈ ਚਾਰ ਕਾਰਨਰ ਸਥਾਪਿਤ ਕਰਨਾ ਵਿਭਾਗ ਦੀ ਪ੍ਰੀ-ਸਕੂਲ ਸਿੱਖਿਆ ਦੀ ਮਾਈਕਰੋ ਪੱਧਰ ਦੀ ਸਫਲ ਯੋਜਨਾਬੰਦੀ ਰਹੀ ਹੈ।
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਨੇ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ-ਪ੍ਰਾਇਮਰੀ-2 ਦਾ ਪਾਠਕ੍ਰਮ, ਅਭਿਆਸ ਪੁਸਤਕਾਂ ਅਤੇ ਸਿੱਖਣ ਸਮੱਗਰੀ ਤਿਆਰ ਕੀਤੀ। ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦਾ ਸਮੇਂ-ਸਮੇਂ ’ਤੇ ਮੁਲਾਂਕਣ ਵੀ ਨਿਯਮਤ ਹਿੱਸਾ ਬਣਾ ਦਿੱਤਾ ਗਿਆ ਹੈ। ਜਿਸ ਦੀ ਮਾਪਿਆਂ ਨੇ ਭਰਪੂਰ ਸ਼ਲਾਘਾ ਕੀਤੀ ਹੈ। ਵਿਦਿਆਰਥੀਆਂ ਲਈ ਭੇਜੀ ਗਏ ਪ੍ਰੀ-ਪ੍ਰਾਇਮਰੀ ਸਿੱਖਣ ਸਹਾਇਕ ਸਮੱਗਰੀ ਵਿੱਚ ਕਹਾਣੀ ਕਿਤਾਬਾਂ ਦਾ ਸੈੱਟ ਜਿਸ ਵਿੱਚ 19 ਕਿਤਾਬਾਂ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬੀ ਅੱਖਰ ਫਲੈਸ਼ ਕਾਰਡ, ਗਿਣਤੀ ਫਲੈਸ਼ ਕਾਰਡ, ਲਿਖਣ ਕਲਾ ਦੀ ਕਿਤਾਬ, ਅਭਿਆਸ ਲਈ ਗਿਆਨ ਦਾ ਰੰਗੀਨ ਖਜ਼ਾਨਾ, ਲਰਨਿੰਗ ਲੈਡਰ ਬੁੱਕ (ਪੰਜਾਬੀ ਅਤੇ ਅੰਗਰੇਜ਼ੀ), ਬਰੇਨ ਬੂਸਟਰ ਬੁੱਕ, ਰਿਪੋਰਟ ਕਾਰਡ, ਅਧਿਆਪਕ ਲਈ ਸਿਖਲਾਈ ਮੈਨੂਅਲ ਅਤੇ ਮਹੀਨਾ ਵਾਰ ਟੀਚਿਆਂ ਦਾ ਗਤੀਵਿਧੀ ਕਲੰਡਰ ਤਿਆਰ ਕਰਕੇ ਸਕੂਲਾਂ ਵਿੱਚ ਭੇਜੇ ਗਏ।
ਪ੍ਰਾਇਮਰੀ ਜਮਾਤਾਂ ਦੇ ਸਫਲਤਾਪੂਰਵਕ 3 ਸਾਲ ਪੂਰੇ ਹੋਣ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਧਾਈ ਦਿੰਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆਵਾਂ ਦੇ ਬੋਝ ਦੇ ਉਨ੍ਹਾਂ ਦੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਖਿਡੌਣਿਆਂ ਲਈ 23.21 ਕਰੋੜ ਰੁਪਏ, ਮਿਆਰੀ ਸਿੱਖਣ ਸਮੱਗਰੀ, ਕਮਰਿਆਂ ਨੂੰ ਰੰਗ-ਰੋਗਨ ਅਤੇ ਬੱਚਿਆਂ ਲਈ ਸਟੇਸ਼ਨਰੀ ਲਈ 10.87 ਕਰੋੜ ਰੁਪਏ ਅਤੇ 10 ਕਰੋੜ ਰੁਪਏ ਦਾ ਰੰਗਦਾਰ ਅਤੇ ਫਰਨੀਚਰ ਦੀਆਂ ਬਿਹਤਰੀਨ ਸਹੂਲਤਾਂ ਵਿਦਿਆਰਥੀਆਂ ਨੂੰ ਦਿੱਤੀਆਂ ਹਨ। ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਦੇ ਕਮਰਿਆਂ ਨੂੰ ਮਾਡਲ ਕਲਾਸ-ਰੂਮ ਵਜੋਂ ਤਿਆਰ ਕਰਕੇ ਈ-ਕੰਟੈਂਟ ਰਾਹੀਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਨਭਾਉਂਦਾ ਸਿੱਖਣ ਵਾਤਾਵਰਨ ਵੀ ਦਿੱਤਾ ਗਿਆ। ਮਾਪਿਆਂ ਨੂੰ ਵੀ ਸਮੇਂ-ਸਮੇਂ ’ਤੇ ਸਕੂਲਾਂ ਵਿੱਚ ਸੱਦ ਕੇ ਵਿਦਿਆਰਥੀਆਂ ਦੀ ਪ੍ਰਗਤੀ ਅਤੇ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਉਣਾ, ਵਿਦਿਆਰਥੀਆਂ ਦੇ ਬੋਲਣ ਦੇ ਕੌਸ਼ਲ ਨਿਖਾਰਨ ਲਈ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦੀਆਂ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਹੈ। ਵਿਦਿਆਰਥੀਆਂ ਦੇ ਮੁਲਾਂਕਣ ਲਈ ਗਤੀਵਿਧੀਆਂ ਆਧਾਰਿਤ ਪ੍ਰਣਾਲੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਜਿਸ ਵਿੱਚ ਸਰੀਰਕ ਵਿਕਾਸ ਤਹਿਤ ਰੱਸੀ ਟੱਪਣਾ, ਬਾਲਟੀ ਵਿੱਚ ਗੇਂਦ ਸੁੱਟਣਾ, ਦੋਵੇਂ ਹੱਥਾਂ ਨਾਲ ਗੇਂਦ ਫੜਨਾ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਤਹਿਤ ਆਪਣੀ ਜਾਣ-ਪਛਾਣ, ਅਧਿਆਪਕ ਨਾਲ ਗੱਲਬਾਤ ਵਿੱਚ ਸ਼ਾਮਲ ਹੋਣਾ, ਸਹਿਪਾਠੀ ਬੱਚਿਆਂ ਨਾਲ ਖੇਡ ਵਿੱਚ ਸ਼ਾਮਲ ਹੋਣਾ, ਬੌਧਿਕ ਵਿਕਾਸ ਤਹਿਤ ਰੰਗ, ਆਕਾਰ, ਪੈਟਰਨ ਆਦਿ ਪਹਿਚਾਨਣਾ, ਵਸਤੂਆਂ ਨੂੰ ਛੂਹ ਕੇ ਪਹਿਚਾਨਣਾ, ਬੁਝਾਰਤਾਂ, ਭਾਸ਼ਾਈ ਵਿਕਾਸ ਵਿੱਚ ਧੁਨੀ ਪਹਿਚਾਨਣਾ, ਕਵਿਤਾ ਸੁਣਾਉਣਾ, ਕਹਾਣੀ ਸੁਣਾ ਕੇ ਪ੍ਰਸ਼ਨ ਪੁੱਛਣੇ, ਆਸਾਨ ਸ਼ਬਦ ਬੋਲਣਾ ਅਤੇ ਆਸਾਨ ਅੱਖਰ ਲਿਖਣੇ ਸ਼ਾਮਲ ਹਨ। ਇੰਜ ਹੀ ਪ੍ਰੀ-ਪ੍ਰਾਇਮਰੀ-1 ਵਿੱਚ ਗਣਿਤ ਅਤੇ ਪ੍ਰੀ-ਪ੍ਰਾਇਮਰੀ-2 ਵਿੱਚ ਗਣਿਤ ਦੇ ਨਾਲ-ਨਾਲ ਅੰਗਰੇਜ਼ੀ ਦੇ ਲਈ ਵੀ ਸਿੱਖਿਆ ਵਿਭਾਗ ਨੇ ਮੁਲਾਂਕਣ ਪ੍ਰਕਿਰਿਆ ’ਤੇ ਜ਼ੋਰ ਦਿੱਤਾ ਹੈ।