ਪੰਜਾਬ ਸੱਭਿਆਚਾਰ ਕਮਿਸ਼ਨ ਦੀ ਜਲਦੀ ਹੋਵੇਗੀ ਸਥਾਪਨਾ: ਨਵਜੋਤ ਸਿੱਧੂ

ਪੰਜਾਬੀ ਗਾਇਕੀ ’ਚੋਂ ਲੱਚਰਤਾ ਦੇ ਖਾਤਮੇ ਲਈ ਜੋਸ਼ ਨਾਲ ਕੰਮ ਕਰੇਗਾ ਕਮਿਸ਼ਨ, ਮੁੱਖ ਮੰਤਰੀ ਹੋਣਗੇ ਪੈਟਰਨ ਇਨ ਚੀਫ਼

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੂੰ ਕਮਿਸ਼ਨ ਦੇ ਬਾਕੀ ਮੈਂਬਰਾਂ ਦੇ ਨਾਂ ਤਜਵੀਜ਼ ਕਰਨ ਦੇ ਅਧਿਕਾਰ ਸੌਂਪੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਮਾਰਚ:
‘“ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਗਾਇਕੀ ਵਿਚੋਂ ਲੱਚਰਤਾ ਦੇ ਖਾਤਮੇ ਲਈ ਪੂਰਨ ਤੌਰ ’ਤੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ।’’” ਇਹ ਪ੍ਰਗਟਾਵਾ ਪੰਜਾਬ ਦੇ ਸੱਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਨਾਮਵਰ ਪੰਜਾਬ ਦੇ ਸਾਹਿਤਕਾਰਾਂ, ਬੁੱਧੀਜੀਵੀਆਂ, ਕਲਾਕਾਰਾਂ ਤੇ ਚਿੰਤਕਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ‘ਪੰਜਾਬ ਸੱਭਿਆਚਾਰ ਕਮਿਸ਼ਨ’ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਪੰਜਾਬੀ ਗਾਇਕੀ ਵਿਚੋਂ ਲੱਚਰਤਾ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਕਮਿਸ਼ਨ ਨੂੰ ਪੰਜਾਬ ਸਰਕਾਰ ਵਲੋਂ ਮਾਨਤਾ ਹਾਸਲ ਹੋਵੇਗੀ ਅਤੇ ਇਹ ਕਮਿਸ਼ਨ ਕਾਨੂੰਨ ਵਿਚ ਦਰਜ ਪ੍ਰਾਵਧਾਨਾਂ ਅਨੁਸਾਰ ਉਨ੍ਹਾਂ ਗਾਇਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀਆਂ ਸਿਫਾਰਿਸ਼ਾਂ ਕਰੇਗੀ ਜੋ ਕਿ ਆਪਣੇ ਗੀਤਾਂ ਰਾਹੀਂ ਲੱਚਰਤਾ ਅਤੇ ਹਿੰਸਾਤਮਕ ਰੁਝਾਨਾਂ ਨੂੰ ਬੜ੍ਹਾਵਾ ਦੇ ਰਹੇ ਹਨ ਅਤੋ ਪੰਜਾਬ ਦੇ ਸ਼ਾਨਾਮਤੇ ਸੱਭਿਆਚਾਰ ਨੂੰ ਖੋਰਾ ਲਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲੋੜ ਪੈਣ ਉੱਤੇ ਕਮਿਸ਼ਨ ਨੂੰ ਇਹ ਅਧਿਕਾਰ ਵੀ ਹਾਸਲ ਹੋਣਗੇ ਕਿ ਲੱਚਰ ਗੀਤ ਗਾਉਣ ਅਤੇ ਹਿੰਸਾ ਨੂੰ ਬੜ੍ਹਾਵਾ ਦੇਣ ਵਾਲੇ ਗਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ, ਫਿਰ ਉਨ੍ਹਾਂ ਨੂੰ ਸੱਦ ਕੇ ਸਮਝਾਇਆ ਜਾਵੇ ਅਤੇ ਜੇਕਰ ਉਹ ਫਿਰ ਵੀ ਲੱਚਰ ਗੀਤਾਂ ਤੋਂ ਗੁਰੇਜ਼ ਨਾ ਕਰਨ ਤਾਂ ਕਮਿਸ਼ਨ ਕੋਲ ਉਨ੍ਹਾਂ ਖਿਲਾਫ ਐੱਫਆਈਆਰ ਦਰਜ ਕਰਵਾਉਣ ਦਾ ਬਦਲ ਵੀ ਖੁੱਲ੍ਹਾ ਹੋਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਈਪੀਸੀ ਦੀ ਧਾਰਾ 290, 294 ਅਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ, 2000 ਦੀਆਂ ਧਾਰਾਵਾਂ 67 ਅਤੇ 67ਏ ਵਿੱਚ ਇਸ ਸਬੰਧੀ ਕਾਰਵਾਈ ਲਈ ਯੋਗ ਪ੍ਰਾਵਧਾਨ ਮੌਜੂਦ ਹਨ।
ਸ੍ਰੀ ਸਿੱਧੂ ਨੇ ਇਹ ਵੀ ਦ੍ਰਿੜਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਕ ਚੋਣ ਸਿਰਫ ਦੂਸਰੀਆਂ ਚੋਣਾਂ ਲੜਨ ਖਾਤਰ ਹੀ ਨਹੀ ਲੜਦੀ ਸਗੋਂ ਉਸ ਨੂੰ ਲੱਚਰਤਾ ਦੇ ਚੁੰਗਲ ਤੋਂ ਪੰਜਾਬ ਦੀ ਆਉਣ ਵਾਲੀ ਪਨੀਰੀ ਨੂੰ ਬਚਾਉਣ ਦਾ ਤਹਿ ਦਿਲੋਂ ਖਿਆਲ ਹੈ ਅਤੇ ਮੌਜੂਦਾ ਸਮੇਂ ਚੁੱਕੇ ਜਾ ਰਹੇ ਢੁੱਕਵੇਂ ਕਦਮ ਇਹ ਯਕੀਨੀ ਬਣਾਉਣਗੇ ਕਿ ਆਮ ਲੋਕ ਸਾਫ ਸੁਥਰੇ ਗੀਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਬੈਠ ਕੇ ਸੁਣ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਇਸ ਕਮਿਸ਼ਨ ਦੇ ਪੈਟਰਨ ਇਨ ਚੀਫ ਅਤੇ ਉਹ ਖੁਦ ਪੈਟਰਨ ਹੋਣਗੇ। ਕਮਿਸ਼ਨ ਦੇ ਬਾਕੀ ਮੈਂਬਰਾਂ ਦੇ ਨਾਂ ਤਜਵੀਜ਼ ਕਰਨ ਦੇ ਅਧਿਕਾਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੂੰ ਸੌਂਪੇ ਗਏ ਹਨ ਜੋ ਕਿ ਇਸ ਕਮਿਸ਼ਨ ਦੇ ਚੇਅਰਮੈਨ ਹੋਣਗੇ। ਸ. ਸਿੱਧੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਕਮਿਸ਼ਨ ਆਪਣੀ ਰਿਪੋਰਟ 2 ਹਫਤਿਆਂ ਦੇ ਅੰਦਰ ਦੇਵੇਗਾ ਅਤੇ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪੇਸ਼ ਕੀਤੀ ਜਾਵੇਗੀ।
ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਲੱਚਰਤਾ ਨੂੰ ਨੱਥ ਪਾਉਣ ਅਤੇ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਜ਼ਿਲ੍ਹਾ, ਤਹਿਸੀਲ ਅਤੇ ਪਿੰਡ ਪੱਧਰ ਉੱਤੇ ਪੰਜਾਬ ਦੇ ਸੱਭਿਆਚਾਰ, ਇਤਿਹਾਸ ਅਤੇ ਸ਼ਾਨਦਾਰ ਪਰੰਪਰਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੀਸ਼ਦ ਵਲੋਂ ਅਣਥੱਕ ਘਾਲਣਾ ਘਾਲੀ ਜਾ ਰਹੀ ਹੈ ਤਾਂ ਜੋ ਸੂਬੇ ਦਾ ਕੋਈ ਵੀ ਕੋਨਾ ਪੰਜਾਬ ਦੇ ਸ਼ਾਨਦਾਰ ਇਤਿਹਾਸ ਦੀ ਜਾਣਕਾਰੀ ਤੋਂ ਵਾਂਝਾ ਨਾ ਰਹੇ।ਇਸ ਮੀਟਿੰਗ ਦੌਰਾਨ ਵੱਖੋ-ਵੱਖ ਮਾਹਿਰਾਂ ਵਲੋਂ ਗੀਤਾਂ ਦੇ ਵਰਗੀਕਰਣ, ਆਰਥਿਕ ਪੱਖੋਂ ਕਮਜ਼ੋਰ ਪਰ ਸਾਫ ਸੁਥਰਾ ਗਾਉਣ ਵਾਲੇ ਗਾਇਕਾਂ ਨੂੰ ਹੌਸਲਾਂ ਹਫਜਾਈ ਦੇਣ ਅਤੇ ਚੰਗੇ ਤੇ ਮਿਆਰੀ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਲਿਆਉਣ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਹਸਤੀ ਜਰਨੈਲ ਘੁਮਾਣ, ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸੱਭਿਆਚਾਰਕ ਪਾਰਲੀਮੈਂਟ ਦੇ ਕੋ-ਆਰਡੀਨੇਟਰ ਨਿੰਦਰ ਘੁਗਿਆਣਵੀ, ਉੱਘੇ ਗਾਇਕ ਪੰਮੀ ਬਾਈ, ਗਾਇਕਾ ਸੁੱਖੀ ਬਰਾੜ, ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਪੰਡਿਤ ਰਾਓ ਧਰੇਨਾਵਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਤੋਂ ਡਾ. ਦਰਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਡਾ. ਰਾਜਿੰਦਰਪਾਲ ਸਿੰਘ, ਜਸਟਿਸ ਖੁਸ਼ਦਿਲ, ਅਤੇ ਚਰਨਜੀਤ ਕੌਰ ਬਰਨਾਲਾ ਨੇ ਵੀ ਆਪਣੇ ਵਿਚਾਰ ਠੋਸ ਰੂਪ ਵਿੱਚ ਰੱਖੇ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…