nabaz-e-punjab.com

ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ’ਤੇ 20 ਨਵੇਂ ਪੁਰਸਕਾਰ ਦੇਣ ਦਾ ਐਲਾਨ

ਸਰਕਾਰੀ ਸਕੂਲਾਂ ਦੇ ਨੌਜਵਾਨ ਅਧਿਆਪਕਾਂ, ਮੁਖੀਆਂ ਅਤੇ ਅਧਿਕਾਰੀਆਂ ਨੂੰ ਮਿਲਣਗੇ ਪੁਰਸਕਾਰ

ਅਧਿਆਪਕ ਦਿਵਸ ’ਤੇ 10 ਯੁਵਾ ਅਧਿਆਪਕ ਅਤੇ 10 ਪ੍ਰਬੰਧਕ ਪੁਰਸਕਾਰ ਦੇਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ‘ਅਧਿਆਪਕ ਦਿਵਸ’ ਮੌਕੇ ਸਰਕਾਰੀ ਸਕੂਲਾਂ ਵਿੱਚ ਕਾਰਜਸ਼ੀਲ ਨੌਜਵਾਨ ਅਧਿਆਪਕਾਂ/ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪੁਰਸਕਾਰ ਵਿਭਾਗ ਲਈ ਨਿਵੇਕਲੇ ਕਾਰਜਾਂ ਤੇ ਮਲਟੀਮੀਡੀਆ ਤਕਨੀਕਾਂ ਦੀ ਵਰਤੋਂ ਕਰਕੇ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਉਪਯੋਗੀ ਬਣਾਉਣ, ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਉਚੇਰਾ ਬਣਾਉਣ ਲਈ ਕੀਤੇ ਉਪਰਾਲਿਆਂ, ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੀਤੇ ਸੁਹਿਰਦ ਯਤਨਾਂ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਦੇ ਆਧਾਰ ’ਤੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਆਪਕਾਂ, ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਉਮੀਦਵਾਰਾਂ ਦੀ ਚੋਣ ਵਿਭਾਗ ਵੱਲੋਂ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਤੀ ਜਾਵੇਗੀ।
ਸਰਕਾਰੀ ਬੁਲਾਰੇ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਨੌਜਵਾਨ ਅਧਿਆਪਕ ਅਤੇ ਸਕੂਲ ਮੁਖੀ, ਜਿਨ੍ਹਾਂ ਨੇ ਰੈਗੂਲਰ, ਸਮੱਗਰੀ ਜਾਂ ਪਿਕਟਸ ਸੁਸਾਇਟੀਆਂ ਵਿੱਚ ਪੁਰਸਕਾਰ ਲਈ ਨਾਮਜ਼ਦਗੀ ਦੀ ਨਿਰਧਾਰਿਤ ਤਰੀਕ ਤੱਕ ਤਿੰਨ ਸਾਲ ਤੋਂ ਵੱਧ ਅਤੇ ਦਸ ਸਾਲ ਤੋਂ ਘੱਟ ਦੀ ਸੇਵਾ ਸਰਕਾਰੀ ਸਕੂਲਾਂ ਵਿੱਚ ਕੀਤੀ ਹੋਵੇ ਨੂੰ ਮੈਰਿਟ ਅਨੁਸਾਰ ‘ਯੁਵਾ ਅਧਿਆਪਕ ਪੁਰਸਕਾਰ’ ਮਿਲੇਗਾ। ਇਸ ਵਰਗ ਵਿੱਚ 10 ਅਧਿਆਪਕਾਂ ਨੂੰ ‘ਯੁਵਾ ਅਧਿਆਪਕ ਪੁਰਸਕਾਰ’ ਪ੍ਰਦਾਨ ਕੀਤੇ ਜਾਣਗੇ। ਜਿਸ ਤਹਿਤ 4 ਪ੍ਰਾਇਮਰੀ ਅਤੇ 6 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਯੁਵਾ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਮੈਰਿਟ ਅਨੁਸਾਰ ਪੁਰਸਕਾਰ ਲਈ ਚੋਣ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਵੱਲੋਂ ਇਸ ਸਾਲ ਪਹਿਲੀ ਵਾਰ ‘ਪ੍ਰਬੰਧਕ ਪੁਰਸਕਾਰ’ ਨਾਲ 10 ਅਧਿਕਾਰੀਆਂ ਨੂੰ ਨਿਵਾਜਿਆ ਜਾਵੇਗਾ। ਇਨ੍ਹਾਂ ਵਿੱਚ 1-1 ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ\ਐਲੀਮੈਂਟਰੀ), 1-1 ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ\ਐਲੀਮੈਂਟਰੀ), ਪੰਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਇੱਕ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ਾਮਲ ਹੋਵੇਗਾ। ‘ਯੁਵਾ ਅਧਿਆਪਕ ਪੁਰਸਕਾਰ’ ਅਤੇ ‘ਪ੍ਰਬੰਧਕ ਪੁਰਸਕਾਰ’ ਦੀ ਮੈਰਿਟ ਬਣਾਉਣ ਲਈ 100 ਅੰਕਾਂ ਦੇ ਮੁਲਾਂਕਣ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ। ‘ਯੁਵਾ ਅਧਿਆਪਕ ਪੁਰਸਕਾਰ’ ਅਤੇ ‘ਪ੍ਰਬੰਧਕ ਪੁਰਸਕਾਰ’ ਲਈ ਵੈਬਸਾਈਟ ਰਾਹੀਂ 26 ਤੋਂ 28 ਅਗਸਤ ਤੱਕ ਆਨਲਾਈਨ ਜਾਰੀ ਹਦਾਇਤਾਂ ਅਨੁਸਾਰ ਯੁਵਾ ਅਧਿਆਪਕ, ਸਕੂਲ ਮੁਖੀ ਜਾਂ ਅਧਿਕਾਰੀ ਦਾ ਨਾਮੀਨੇਸ਼ਨ ਕੀਤਾ ਜਾ ਸਕਦਾ ਹੈ।
ਇਸ ਪੁਰਸਕਾਰ ਦੀ ਨੀਤੀ ਤਹਿਤ ਜੇਕਰ ਕੋਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਅਧਿਆਪਕ ਇਸ ਪੁਰਸਕਾਰ ਦਾ ਨਿਰਾਦਰ ਕਰਦਾ ਹੈ ਜਾਂ ਵਾਪਸ ਕਰਨ ਦੀ ਚਿਤਾਵਨੀ ਦਿੰਦਾ ਹੈ ਤਾਂ ਉਸ ਤੋਂ ਇਹ ਪੁਰਸਕਾਰ ਵਿਭਾਗ ਵੱਲੋਂ ਵਾਪਸ ਲੈ ਲਿਆ ਜਾਵੇਗਾ ਅਤੇ ਸਬੰਧਤ ਅਧਿਆਪਕ ਦੇ ਭਵਿੱਖ ਵਿੱਚ ਦੁਬਾਰਾ ਅਪਲਾਈ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ। ਜੇਕਰ ਪੁਰਸਕਾਰ ਜੇਤੂ ਅਧਿਆਪਕ ਦਾ ਆਉਣ ਵਾਲੇ ਤਿੰਨ ਸਾਲਾਂ ਵਿੱਚ ਜਮਾਤ ਦਾ ਨਤੀਜਾ ਜਾਂ ਵਿਭਾਗ ਵੱਲੋਂ ਕਰਵਾਏ ਗਏ ਕੋਈ ਵਿਸ਼ੇਸ਼ ਮੁਲਾਂਕਣ ਲਗਾਤਾਰ ਅੌਸ਼ਤ ਤੋਂ ਘੱਟ ਆਉਂਦਾ ਹੈ ਤਾਂ ਉਸ ਅਧਿਆਪਕ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਉਪਰੰਤ ਜਵਾਬ ਤਸੱਲੀਬਖ਼ਸ਼ ਨਾ ਹੋਣ ’ਤੇ ਪੁਰਸਕਾਰ ਵਾਪਸ ਲੈ ਲਿਆ ਜਾਵੇਗਾ। ਇੰਜ ਹੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਅਧਿਆਪਕ ਭਵਿੱਖ ਵਿੱਚ ਕਿਸੇ ਅਨੈਤਿਕ ਕਾਰਜ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਆਪਣੇ ਕਿਸੇ ਸਾਥੀ ਜਾਂ ਅਧਿਕਾਰੀ ਨਾਲ ਅਭੱਦਰ ਭਾਸ਼ਾ ਦਾ ਪ੍ਰਯੋਗ ਕਰਕਦਾ ਹੈ ਤਾਂ ਵਿਭਾਗੀ ਕਾਰਵਾਈ ਕੀਤੇ ਜਾਣ ’ਤੇ ਵੀ ਪੁਰਸਕਾਰ ਵਾਪਸ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…