
ਸਿੱਖਿਆ ਵਿਭਾਗ ਪੰਜਾਬ ਵੱਲੋਂ 13 ਦਸੰਬਰ ਨੂੰ ਕੌਮੀ ਯੋਗਤਾ ਖੋਜ ਪ੍ਰੀਖਿਆ ਕਰਵਾਉਣ ਦਾ ਐਲਾਨ
8 ਅਕਤੂਬਰ ਤੋਂ 2 ਨਵੰਬਰ ਤੱਕ ਭਰੇ ਜਾ ਸਕਦੇ ਹਨ ਦਾਖ਼ਲਾ ਫਾਰਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਚੁਣ ਕੇ ਉਨ੍ਹਾਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਰਾਜ ਪੱਧਰੀ ਕੌਮੀ ਯੋਗਤਾ ਖੋਜ ਪ੍ਰੀਖਿਆ-2020 (ਐੱਨਟੀਐੱਸਈ ਸਟੇਜ-1) ਪ੍ਰੀਖਿਆ 13 ਦਸੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਸਕੂਲਾਂ, ਕੇਂਦਰੀ ਵਿਦਿਆਲਿਆਂ, ਨਵੋਦਿਆ ਵਿਦਿਆਲਿਆਂ ਅਤੇ ਹੋਰ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਲੈ ਸਕਦੇ ਹਨ। ਇਸ ਵਿਦਿਆਰਥੀਆਂ ਦੇ ਦਾਖ਼ਲਾ ਫਾਰਮ ਸਕੂਲਾਂ ਵੱਲੋਂ ਸਿੱਖਿਆ ਵਿਭਾਗ ਦੇ ਪੋਰਟਲ www.epunjabschool.gov.in ’ਤੇ ਸਕੂਲ ਲਾਗਇਨ ਆਈਡੀ ਅਧੀਨ 8 ਅਕਤੂਬਰ ਤੋਂ 2 ਨਵੰਬਰ ਤੱਕ ਭਰੇ ਜਾ ਸਕਦੇ ਹਨ। ਪ੍ਰੀਖਿਆਰਥੀਆਂ ਦੇ ਐਡਮਿਟ ਕਾਰਡ ਸਕੂਲਾਂ ਵੱਲੋਂ 1 ਦਸੰਬਰ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਪ੍ਰੀਖਿਆ ਵਿੱਚ ਉਹ ਹੀ ਵਿਦਿਆਰਥੀ ਬੈਠ ਸਕਦੇ ਹਨ ਜਿਨ੍ਹਾਂ ਨੇ ਨੌਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚ ਅਨੂਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਸਰੀਰਕ ਰੂਪ ਵਿੱਚ ਵਿਕਲਾਂਗ ਹੋਣ ਦੀ ਸੂਰਤ ਵਿੱਚ 55 ਫੀਸਦੀ ਅੰਕ ਅਤੇ ਬਾਕੀ ਵਰਗਾਂ (ਕੈਟਾਗਰੀਜ਼) ਲਈ 70 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ, ਐੱਨਸੀਈਆਰਟੀ ਨਵੀਂ ਦਿੱਲੀ ਵੱਲੋਂ ਲਈ ਜਾਣ ਵਾਲੀ ਸਟੇਜ-2 ਦੀ ਪ੍ਰੀਖਿਆ ਪਾਸ ਕਰਨ ਉਪਰੰਤ ਲਗਭਗ 2000 ਵਿਦਿਆਰਥੀਆਂ ਨੂੰ 11ਵੀਂ ਅਤੇ ਬਾਰ੍ਹਵੀਂ ਦੌਰਾਨ 1250 ਰੁਪਏ ਪ੍ਰਤੀ ਮਹੀਨਾ, ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਉਚੇਰੀ ਸਿੱਖਿਆ ਲਈ ਯੂਜੀਸੀ ਦੇ ਨਿਯਮਾਂ ਅਨੁਸਾਰ ਵਜ਼ੀਫ਼ਾ ਦਿੱਤਾ ਜਾਵੇਗਾ।
ਪ੍ਰੀਖਿਆ ਲਈ ਕੇਂਦਰ ਸਰਕਾਰ ਦੀ ਰਾਖਵਾਂਕਰਨ ਨੀਤੀ ਅਨੁਸਾਰ 15 ਫੀਸਦੀ ਸੀਟਾਂ ਅਨੁਸੂਚਿਤ ਜਾਤੀਆਂ, 7.5 ਫੀਸਦੀ ਸੀਟਾਂ ਅਨੁਸੂਚਿਤ ਕਬੀਲਿਆਂ, 27 ਫੀਸਦੀ ਸੀਟਾਂ ਹੋਰ ਪਛੜੀਆਂ ਸ਼੍ਰੇਣੀਆਂ, 10 ਫੀਸਦੀ ਸੀਟਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ (ਜੋ ਐੱਸਸੀ/ਐੱਸਟੀ/ਓਬੀਸੀ ਕੈਟਾਗਰੀ ਵਿੱਚ ਕਵਰ ਨਹੀਂ ਹੋਏ), 4 ਫੀਸਦੀ ਸੀਟਾਂ ਸਰੀਰਕ ਤੌਰ ’ਤੇ ਵਿਕਲਾਂਗ ਵਿਦਿਆਰਥੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਐੱਸਸੀ/ਐੱਸਟੀ/ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਵਿਕਲਾਂਗ ਵਿਦਿਆਰਥੀ ਸਬੰਧਤ ਅਧਿਕਾਰੀ ਤੋਂ ਜਾਰੀ ਸਰਟੀਫ਼ਿਕੇਟ ਦੀ ਸਕੈਨਡ ਕਾਪੀ ਫਾਰਮ ਨਾਲ ਨੱਥੀ ਕਰਨਗੇ। ਅੰਗਹੀਣ ਵਿਦਿਆਰਥੀਆਂ ਦੇ ਸਰਟੀਫਿਕੇਟ ਅਤੇ ਵਿਦਿਆਰਥੀ ਦੀ ਵਿਕਲਾਂਗਤਾ 40 ਫੀਸਦੀ ਤੋਂ ਵੱਧ ਤਸਦੀਕ ਹੋਣਾ ਜ਼ਰੂਰੀ ਹੈ। ਜੋ ਵਿਦਿਆਰਥੀ ਕੈਟਾਗਰੀ ਸਬੰਧੀ ਸਰਟੀਫਿਕੇਟ ਨਾਲ ਨੱਥੀ ਨਹੀਂ ਕਰਨਗੇ, ਉਨ੍ਹਾਂ ਨੂੰ ਜਨਰਲ ਕੈਟਾਗਰੀ ਵਿੱਚ ਵਿਚਾਰਿਆ ਜਾਵੇਗਾ। ਵਿਭਾਗੀ ਹਦਾਇਤਾਂ ਅਨੁਸਾਰ ਜਿਹੜੇ ਵਿਦਿਆਰਥੀ ਕੇਵਲ ਐਨਕ ਲਗਾਉਂਦੇ ਹਨ ਅਤੇ ਉਨ੍ਹਾਂ ਕੋਲ 40 ਫੀਸਦੀ ਜਾਂ ਇਸ ਤੋਂ ਵੱਧ ਵਾਲਾ ਸਰਟੀਫਿਕੇਟ ਨਹੀਂ ਹੈ, ਉਹ ਖ਼ੁਦ ਨੂੰ ‘ਲੋ ਵਿਜ਼ਨ’ ਕੈਟਾਗਰੀ ਵਿੱਚ ਸ਼ਾਮਲ ਨਾ ਕਰਨ।
ਰਾਜ ਪੱਧਰੀ ਪ੍ਰੀਖਿਆ (ਸਟੇਜ-1) ਲਈ 8 ਅਕਤੂਬਰ ਤੋਂ 2 ਨਵੰਬਰ ਤੱਕ ਦਾਖ਼ਲਾ ਫਾਰਮ ਭਰੇ ਜਾ ਸਕਦੇ ਹਨ। ਇਸ ਪ੍ਰੀਖਿਆ ਲਈ 1 ਦਸੰਬਰ ਤੋਂ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਇਹ ਪ੍ਰੀਖਿਆ 13 ਦਸੰਬਰ ਨੂੰ ਲਈ ਜਾਵੇਗੀ। ਇਸ ਪ੍ਰੀਖਿਆ ਵਿੱਚ ਬਹੁ ਵਿਕਲਪੀ ਪ੍ਰਕਾਰ ਦੇ 200 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੋਵੇਗਾ। ਵਿਦਿਆਰਥੀਆਂ ਨੂੰ ਮਾਨਸਿਕ ਯੋਗਤਾ ਦੇ 100 ਪ੍ਰਸ਼ਨ ਅਤੇ ਵਿਸ਼ਿਆਂ ਦੀ ਯੋਗਤਾ ਦੇ 100 ਪ੍ਰਸ਼ਨ ਪੁੱਛੇ ਜਾਣਗੇ। ਇਸ ਯੋਗਤਾ ਪ੍ਰੀਖਿਆ ਵਿੱਚ ਭੌਤਿਕ ਵਿਗਿਆਨ (13 ਪ੍ਰਸ਼ਨ), ਰਸਾਇਣ ਵਿਗਿਆਨ (13 ਪ੍ਰਸ਼ਨ), ਜੀਵ ਵਿਗਿਆਨ (14 ਪ੍ਰਸ਼ਨ), ਗਣਿਤ (20 ਪ੍ਰਸ਼ਨ), ਇਤਿਹਾਸ (11 ਪ੍ਰਸ਼ਨ), ਭੂਗੋਲ (11 ਪ੍ਰਸ਼ਨ), ਨਾਗਰਿਕ ਸ਼ਾਸਤਰ(10 ਪ੍ਰਸ਼ਨ) ਅਤੇ ਅਰਥ ਸ਼ਾਸਤਰ (8 ਪ੍ਰਸ਼ਨ) ਦੇ ਵਿਸ਼ੇ ਸ਼ਾਮਲ ਹੋਣਗੇ। ਪ੍ਰੀਖਿਆ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਜਾਵੇਗੀ ਅਤੇ ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ/ਪੰਜਾਬੀ ਹੋਵੇਗਾ। ਸਟੇਜ-1 ਦੀ ਪ੍ਰੀਖਿਆ ਲਈ ਕੋਈ ਨਿਰਧਾਰਿਤ ਸਿਲੇਬਸ ਨਹੀਂ ਹੈ ਹਾਲਾਂਕਿ ਪ੍ਰਸ਼ਨਾਂ ਦਾ ਪੱਧਰ ਨੌਵੀਂ ਅਤੇ ਦਸਵੀਂ ਜਮਾਤ ਦਾ ਹੋਵੇਗਾ।
ਐੱਨਟੀਐੱਸਈ ਸਟੇਜ-1 ਦੀ ਪ੍ਰੀਖਿਆ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ ਅਤੇ ਐੱਸਸੀਈਆਰਟੀ ਵੱਲੋਂ ਪ੍ਰੀਖਿਆ ਲਈ ਕੋਈ ਫ਼ੀਸ ਨਹੀਂ ਲਈ ਜਾਂਦੀ। ਦਾਖ਼ਲਾ ਫਾਰਮ/ਐਡਮਿਟ ਕਾਰਡ ਭਰਨ ਸਮੇਂ ਵਿਦਿਆਰਥੀ ਦੀ ਜੋ ਜਾਤੀ ਸਕੂਲ ਮੁਖੀ ਵੱਲੋਂ ਭਰੀ ਜਾਵੇਗੀ। ਉਸ ਨੂੰ ਸਹੀ ਮੰਨਿਆ ਜਾਵੇਗਾ। ਇਸ ਸਬੰਧੀ ਐੱਸਸੀਈਆਰਟੀ ਵੱਲੋਂ ਲੋੜ ਅਨੁਸਾਰ ਅੰਕੜੇ ਅਤੇ ਮਿਤੀਆਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸੂਚਨਾ ਸਿੱਖਿਆ ਵਿਭਾਗ ਦੀ ਵੈੱਬਸਾਈਟ www.ssapunjab.org ’ਤੇ ਅੱਪਲੋਡ ਕਰ ਦਿੱਤੀ ਜਾਵੇਗੀ।