
ਮੁੱਖ ਮੰਤਰੀ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਪੰਜਾਬ ਚੋਣ ਕਮਿਸ਼ਨ: ਸੁਖਬੀਰ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਪੰਜਾਬ ਵਿੱਚ ਨਿਰਪੱਖ ਚੋਣਾਂ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕਮਿਸ਼ਨ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਇਹ ਕਮਿਸ਼ਨ ਕਾਇਮ ਰਹੇਗਾ ਉਦੋਂ ਤੱਕ ਪੰਜਾਬ ਵਿੱਚ ਨਿਰਪੱਖ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਚੋਣ ਰੈਲੀਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ’ਤੇ ਅਕਾਲੀ ਦਲ ਦੇ ਕਾਫ਼ੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਣਬੱੁਝ ਕੇ ਰੱਦ ਕੀਤੇ ਗਏ ਹਨ ਪ੍ਰੰਤੂ ਇਸ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰ ਡਟ ਕੇ ਚੋਣ ਮੈਦਾਨ ਵਿੱਚ ਨਿੱਤਰੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ 100 ਫੀਸਦੀ ਸੜਕਾਂ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਬਣੀਆਂ ਹਨ ਜਦੋਂਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ (2002 ਤੋਂ 2007) ਸਿਰਫ਼ ਟੁੱਟੀਆਂ ਸੜਕਾਂ ’ਤੇ ਪੈਚ ਵਰਕ ਕਰਵਾਉਣ ਦਾ ਕੰਮ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮੁਹਾਲੀ ਦੀ ਵਿਸ਼ਵ ਪੱਧਰ ’ਤੇ ਪਛਾਣ ਬਣਾਉਣ ਲਈ 3 ਹਜ਼ਾਰ ਕਰੋੜ ਰੁਪਏ ਖਰਚੇ ਸਨ।
ਇਸ ਮੌਕੇ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਕੁਲਦੀਪ ਕੌਰ ਕੰਗ, ਗੁਰਮੁੱਖ ਸਿੰਘ ਸੋਹਲ, ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਮੀਤ ਸਿੰਘ ਬਾਕਰਪੁਰ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਰਬਜੀਤ ਸਿੰਘ ਪਾਰਸ, ਕੈਪਟਨ ਰਮਨਦੀਪ ਸਿੰਘ ਬਾਵਾ, ਬੀਬੀ ਮਨਹੇੜਾ ਅਤੇ ਹੋਰ ਆਗੂ ਹਾਜ਼ਰ ਸਨ।