ਭਾਰਤ ਦੇ ਸਟਾਰਟ-ਅੱਪ ਧੁਰੇ ਵਜੋਂ ਉੱਭਰੇਗਾ ਪੰਜਾਬ: ਵਿਜੇ ਸਿੰਗਲਾ

ਨਵੇਂ ਉੱਦਮਾਂ ਦੀ ਸਹਾਇਤਾ ਪੰਜਾਬ ਦੀ ਸਨਅਤੀ ਤੇ ਵਪਾਰ ਨੀਤੀ 2017 ਦਾ ਵਿਸ਼ੇਸ਼ ਪਹਿਲੂ: ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਨ ਲਈ ਆਪਣੀ ਉੱਦਮੀ ਮੁਹਾਰਤ ਨੂੰ ਨਿਖਾਰਨ ਦਾ ਸੱਦਾ ਦਿੰਦਿਆਂ ਸੂਚਨਾ ਤੇ ਟੈਕਨਾਲੋਜੀ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਦਮਤਾ ਹਮੇਸ਼ਾ ਤੋਂ ਪੰਜਾਬ ਦੇ ਡੀਐਨਏ ਵਿੱਚ ਰਹੀ ਹੈ ਅਤੇ ਸੂਬਾ ਸਰਕਾਰ ਨੌਜਵਾਨਾਂ ਦੇ ਉੱਦਮੀ ਹੁਨਰ ਨੂੰ ਨਿਖਾਰਨ ਲਈ ਸਹਿਯੋਗ ਦੇ ਰਹੀ ਹੈ ਤਾਂ ਜੋ ਪੰਜਾਬ ਨੂੰ ਦੇਸ਼ ਭਰ ਵਿੱਚ ਸਟਾਰਟ-ਅੱਪ (ਨਵੀਆਂ ਕੰਪਨੀਆਂ) ਸ਼ੁਰੂ ਕਰਨ ਵਿੱਚ ਮੋਹਰੀ ਬਣਾਇਆ ਜਾਵੇ। ਉਹ ਅੱਜ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ‘ਸਟਾਰਟਅੱਪ ਇੰਡੀਆ ਪੰਜਾਬ ਯਾਤਰਾ’ ਦੇ ਗਰੈਂਡ ਫਿਨਾਲੇ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਮਾਜ ਸੇਵਾ, ਆਈਟੀ/ਡਿਜੀਟਲ ਮਾਰਕੀਟਿੰਗ/ਈ-ਕਾਮਰਸ, ਸਿਹਤ ਤੇ ਨਿਰੋਗਤਾ, ਖੇਤੀਬਾੜੀ ਤੇ ਮੈਨੂਫੈਕਚਰਿੰਗ ਵਰਗੇ ਵੱਖ ਵੱਖ ਖੇਤਰਾਂ ਵਿੱਚ 523 ਨਵੇਂ ਵਿਚਾਰ ਲੈ ਕੇ ਆਉਣ ਵਾਲੇ 15 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਸ੍ਰੀ ਸਿੰਗਲਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਨੌਜਵਾਨ ਉੱਦਮੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ ਪਰ ਹਾਲੇ ਵੀ ਵੱਡੀ ਸਮਰੱਥਾ ਨੂੰ ਭੁਨਾਉਣ ਦੀ ਲੋੜ ਹੈ। ਇਸ ਲਈ ਸਰਕਾਰ ਰਾਜ ਵਿੱਚ ਸਟਾਰਟ-ਅੱਪ ਪੱਖੀ ਮਾਹੌਲ ਨੂੰ ਹੋਰ ਸੁਚਾਰੂ ਬਣਾਉਣ ਲਈ ਨਵੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲਈ ਪੰਜਾਬ ਸਟਾਰਟ-ਅੱਪ ਯਾਤਰਾ ਤੋਂ ਇਲਾਵਾ ਪ੍ਰਭਾਵਸ਼ਾਲੀ ਰਿਆਇਤਾਂ ਦੀ ਪੇਸ਼ਕਸ਼ ਕਰ ਰਹੀ ਹੈ। ਜਿਨ੍ਹਾਂ ਵਿੱਚ ਨਵੇਂ ਉਦਯੋਗਾਂ ਲਈ ਮਨਜ਼ੂਰੀਆਂ, ਕਰਜ਼ ’ਤੇ ਸਬਸਿਡੀ, ਆਧੁਨਿਕ ਬੁਨਿਆਦੀ ਢਾਂਚਾ ਅਤੇ ਸਟਾਰਟ-ਅੱਪ ਸੈਲ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਚਲਾ ਐਸਟੀਪੀਆਈ ਇਨਕਿਊਬੇਸ਼ਨ ਸੈਂਟਰ ਲਾ-ਮਿਸਾਲ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਦਾ ਯੂਨਿਟ ਅੰਮ੍ਰਿਤਸਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਅਗਲੇ ਵਿੱਤੀ ਵਰ੍ਹੇ ਵਿੱਚ ਕਾਰਜਸ਼ੀਲ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਨੂੰ ਸਟਾਰਟ-ਅੱਪ ਦੇ ਗੜ੍ਹ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਸੂਬੇ ਦੇ ਕਾਲਜਾਂ ਵਿੱਚ 50 ਉਦਮਤਾ ਕੇਂਦਰ ਸਥਾਪਿਤ ਕੀਤੇ ਗਏ ਹਨ।
ਸਨਅਤੀ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਅਤੇ ਵੱਡੇ ਪੱਧਰ ’ਤੇ ਉੱਦਮ ਸਥਾਪਿਤ ਕਰਨ ਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੇ ਮੰਤਵ ਨਾਲ ਸਟਾਰਟ-ਅੱਪ ਤੇ ਇੰਟਰਪ੍ਰੈਨਿਓਰਸ਼ਿਪ ਫੋਰਮ ਸਥਾਪਿਤ ਕਰਨਾ ਰਾਜ ਦੀ ਨਵੀਂ ਸਨਅਤੀ ਤੇ ਵਪਾਰ ਨੀਤੀ 2017 ਦਾ ਮੁੱਖ ਪਹਿਲੂ ਹਨ। ਉਨ੍ਹਾਂ ਕਿਹਾ ਕਿ ਉੱਦਮੀ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਪੁੱਡਾ ਦੀ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਉਦਘਾਟਨੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਨਵੇਂ ਵਿਚਾਰ ਲਿਆਉਣ ਦਾ ਸੱਦਾ ਦਿੰਦਿਆਂ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ। ਸਮਾਗਮ ਵਿੱਚ ਮੁਕਾਮੀ ਵੱਡੇ ਉੱਦਮੀਆਂ ਨ ਸਮਰ ਸਿੰਗਲਾ ਸੰਸਥਾਪਕ ਅਤੇ ਸੀਈਓ ਜੁਗਨੂੰ, ਮਿਸ ਪ੍ਰਿਅੰਕਾ ਗਿੱਲ ਸੰਸਥਾਪਕ ਅਤੇ ਸੀਈਓ.ਪੌਪਕਸੋ ਸ਼ਾਮਲ ਸਨ।
ਸ੍ਰੀ ਸਮਰ ਸਿੰਗਲਾ ਨੇ ਕਿਹਾ ਕਿ ਪੰਜਾਬੀਆਂ ਵੱਲੋਂ ਕੀਤੇ ਗਏ ਯਤਨਾਂ ਨਾਲ ਹੀ ਭਾਰਤ ਵਿੱਚ ਨਵੇਂ ਉੱਦਮ ਸ਼ੁਰੂ ਕਰਨ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਅਬੋਹਰ ਨੇੜਲੇ ਛੋਟੇ ਜਿਹੇ ਪਿੰਡ ਧਰਮਪੁਰਾ ਦੀ ਰਹਿਣ ਵਾਲੀ ਅਤੇ ਦੇਸ਼ ਵਿੱਚ ਮਹਿਲਾਵਾਂ ਲਈ ਸਭ ਤੋਂ ਵੱਡੀ ਡਿਜੀਟਲ ਕਮਿਊਨਿਟੀ ਸਥਾਪਤ ਕਰਨ ਵਾਲੀ ਮੋਹਰੀ ਮਹਿਲਾ ਉੱਦਮੀ ਪ੍ਰਿਅੰਕਾ ਗਿੱਲ ਨੇ ਕਿਹਾ ਕਿ ਕਿਸੇ ਵੀ ਉੱਦਮ ਨੂੰ ਸਫ਼ਲ ਬਣਾਉਣ ਲਈ ਮੁੱਖ ਤੌਰ ’ਤੇ ਵਿੱਦਿਆ, ਭਰੋਸਾ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਲ-ਨਾਲ ਹਰੇਕ ਚੁਣੌਤੀ ਦਾ ਹਾਂ-ਪੱਖੀ ਢੰਗ ਨਾਲ ਸਾਹਮਣਾ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …