ਪੰਜਾਬ ਸਰਕਾਰ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਮੁਲਾਜ਼ਮਾਂ ਨੇ ਜਾਗੋ ਕੱਢੀ

ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਤੰਤਰ ਜਾਮ, ਦੂਜੇ ਦਿਨ ਵੀ ਰਹੀ ਮੁਕੰਮਲ ਹੜਤਾਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਅਕਤੂਬਰ:
ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਅਤੇ ਡਾਇਰੈਕਟੋਰੇਟਾਂ ਦੀਆਂ ਸਮੂਹ ਐਸੋਸੀਏਸ਼ਨਾਂ ਨੇ ਅਧੂਰੇ ਪੇ-ਕਮਿਸ਼ਨ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਪੂਰੀਆਂ ਨਾਂ ਕਰਨ ਕਰਕੇ ਮਿਤੀ 27.010.2021 ਤੋਂ ਪੂਰਨ ਹੜਤਾਲ ’ਤੇ ਹਨ। ਇਸ ਹੜਤਾਲ ਨਾਲ ਸਰਕਾਰ ਦਾ ਪੂਰਨ ਕੰਮ-ਕਾਜ਼ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਾਜ਼ਮ ਵਰਗ ਬਹੁਤ ਦੁਖੀ ਹੋਣ ਤੋਂ ਬਾਅਦ ਹੀ ਹੜਤਾਲ ਵਰਗਾ ਫੈਸਲਾ ਲੈਂਦਾ ਹੈ। ਮੁਲਾਜ਼ਮ ਕਦੇ ਵੀ ਆਮ ਜਨਤਾ ਨੂੰ ਤੰਗ ਕਰਕੇ ਖੁਸ਼ ਨਹੀਂ ਹੁੰਦੇ ਕਿਉਂ ਜੋ ਉਨ੍ਹਾਂ ਦੇ ਆਪਣੇ ਪਰਿਵਾਰਾ ਦੇ ਕੰਮ ਕਾਜ ਵੀ ਪ੍ਰਭਾਵਿਤ ਹੁੰਦੇ ਹਨ।
ਗੌਰਤਲਬ ਹੈ ਕਿ ਇਸ ਸਮੇਂ ਚੰਨੀ ਸਰਕਾਰ ਚੋਣਾਂ ਦੇ ਮੱਦੇਨਜ਼ਰ ਲੋਕ ਲੁਭਾਵਣੇ ਵਾਅਦੇ ਕਰ ਰਹੀ ਹੈ ਜਿਸ ਦਾ ਮੀਡੀਆ ਰਾਹੀਂ ਅਤੇ ਬੋਰਡਾਂ/ਫਲੈਕਸਾਂ ਰਾਹੀਂ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਅਸਲੀਅਤ ਕੁਝ ਹੋਰ ਹੀ ਹੈ। ਜਿਨ੍ਹਾਂ ਮੰਗਾਂ ਸਬੰਧੀ ਸਰਕਾਰ ਨੇ ਫੈਸਲੇ ਕੀਤੇ ਵੀ ਹਨ ਉਨ੍ਹਾਂ ਸਬੰਧੀ ਵੀ ਪੱਤਰ ਅਜੇ ਤੱਕ ਜਾਰੀ ਕੀਤੇ ਗਏ ਹਨ ਜਿਸ ਤੋਂ ਸਰਕਾਰ ਦੀ ਕਾਰਗੁਜਾਰੀ ਸ਼ੱਕੀ ਜਾਪਦੀ ਹੈ। ਜੇਕਰ ਸਕੱਤਰੇਤ ਅਤੇ ਡਾਇਰੈਕਟੋਰੇਟਾਂ ਦੇ ਮੁਲਾਜ਼ਮ ਹੀ ਹੜਤਾਲ ਤੇ ਚਲੇ ਜਾਂਦੇ ਹਨ ਤਾਂ ਕਾਂਗਰਸ ਦੇ ਵਾਅਦਿਆਂ ਦੀ ਪੂਰਤੀ ਨਾ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ ਹੋ ਸਕਦੀ ਹੈ। ਮੁਲਾਜ਼ਮ ਆਗੂਆਂ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਦੱਸਿਆ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਜੁਆਇੰਟ ਐਕਸ਼ਨ ਕਮੇਟੀ ਨੂੰ ਮੰਗਾਂ ਸਬੰਧੀ ਗੱਲਬਾਤ ਦਾ ਦੇਣ ਦੀ ਗੱਲ ਕੀਤੀ ਸੀ ਤਾਂ ਜੋ ਮੁਲਾਜ਼ਮਾਂ ਵਿੱਚ ਇਹ ਸੰਦੇਸ਼ ਜਾਵੇ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਗੰਭੀਰ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਹੜਤਾਲ ਵੱਲ ਨਾ ਜਾਇਆ ਜਾਵੇ।
ਪੰਜਾਬ ਦੇ ਮੁਲਾਜ਼ਮ ਨੂੰ ਹਮੇਸ਼ਾ ਹੀ ਦਿਵਾਲੀ ਤੋਂ ਪਹਿਲਾਂ ਸਰਕਾਰ ਤੋਂ ਕੁੱਝ ਮਿਲਣ ਦੀ ਆਸ ਹੁੰਦੀ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਦਿਵਾਲੀ ਦੇ ਖੁਸ਼ੀਆਂ ਭਰੇ ਮੌਕੇ ’ਤੇ ਮੁਲਾਜ਼ਮਾਂ ਨੂੰ ਕੁੱਝ ਦੇਣ ਦਾ ਨਾ ਤਾਂ ਐਲਾਨ ਹੋਇਆ ਹੈ ਅਤੇ ਨਾ ਹੀ ਇਸ ਬਾਰੇ ਸਰਕਾਰ ਵੱਲੋਂ ਕੁੱਝ ਸੋਚਿਆ ਵਿਚਾਰਿਆ ਜਾ ਰਿਹਾ ਹੈ ਜਿਸ ਕਰਕੇ ਸਾਂਝਾ ਮੁਲਾਜ਼ਮ ਮੰਚ ਅਤੇ ਇਸ ਦੀਆਂ ਚੰਡੀਗੜ੍ਹ ਅਤੇ ਮੁਹਾਲੀ ਦੇ ਦਫ਼ਤਰਾਂ ਦੀਆਂ ਭਾਈਵਾਲ ਜਥੇਬੰਦੀਆਂ ਨੇ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਦੂਜੇ ਦਿਨ ਵੀ ਹੜਤਾਲ ਕੀਤੀ ਗਈ ਜਿਸ ਕਰਕੇ ਸਮੂਚਾ ਸਰਕਾਰੀ ਤੰਤਰ ਠੱਪ ਰਿਹਾ।

ਇਸੇ ਲੜੀ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਰਕਾਰ ਨੂੰ ਜਗਾਉਣ ਲਈ ਢੋਲ ਵਜਾਕੇ ਜਾਗੋ ਕੱਢੀ ਗਈ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਹਾਂ-ਪੱਖੀ ਫੈਸਲਾ ਨਾ ਲਿਆ ਤਾਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਦੀਆਂ ਤਮਾਮ ਜਥੇਬੰਦੀਆਂ ਪੰਜਾਬ ਭਰ ਵਿੱਚ ਹੜਤਾਲ ਨੂੰ ਹੋਰ ਲੰਮਾਂ ਲੈ ਜਾਣ ਦਾ ਫੈਸਲਾ ਲੈ ਸਕਦੀਆਂ ਹਨ। ਅੱਜ ਸਕੱਤਰੇਤ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਮੂਹ ਡਾਇਰੈਕਟਰੇਟਾਂ ਵੱਲੋਂ ਸੈਕਟਰ 17, ਚੰਡੀਗੜ੍ਹ ਵਿਖੇ ਵੀ ਇੱਕ ਵਿਸ਼ਾਲ ਰੈਲੀ ਕੀਤੀ। ਹੜਤਾਲ ਨੂੰ ਕਾਮਯਾਬ ਕਰਨ ਲਈ ਚੰਡੀਗੜ੍ਹ ਅਤੇ ਮੁਹਾਲੀ ਦੇ ਦਫ਼ਤਰਾਂ ਦੀ ਸਮੂਹ ਲੀਡਰਸ਼ਿਪ ਨੇ ਸਕੱਤਰੇਤ ਸਮੇਤ ਅਲੱਗ-ਅਲੱਗ ਦਫਤਰਾਂ ਵਿਚ ਕੰਪੈਨ/ਰੈਲੀਆਂ ਕਰ ਕੇ ਮੁਲਾਜ਼ਮਾਂ ਨੂੰ ਹੜਤਾਲ ਨੂੰ ਕਾਮਯਾਬ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।
ਪੰਜਾਬ ਸਿਵਲ ਸਕੱਤਰੇਤ ਅਤੇ ਵਿੱਤੀ ਕਮਿਸ਼ਨਰ ਸਕੱਤਰੇਤ ਤੋਂ ਬਲਰਾਜ ਸਿੰਘ ਦਾਊਂ, ਕੇਸਰ ਸਿੰਘ, ਕੁਲਵੰਤ ਸਿੰਘ, ਮਿਥੁਨ ਚਾਵਲਾ, ਸੁਖਜੀਤ ਕੌਰ, ਜਸਪ੍ਰੀਤ ਸਿੰਘ ਰੰਧਾਵਾ, ਸਾਹਿਲ, ਸ਼ੁਸੀਲ ਕੁਮਾਰ, ਗੁਰਵੀਰ ਸਿੰਘ, ਮਨਦੀਪ ਸਿੰਘ, ਸੰਦੀਪ, ਅਲਕਾ ਚੋਪੜਾ ਅਤੇ ਸੌਰਭ, ਚੰਡੀਗੜ੍ਹ ਦੇ ਡਾਇਰੈਕਟੋਰੇਟਾਂ ਤੋਂ ਰੰਜੀਵ ਸ਼ਰਮਾ, ਜਸਮਿੰਦਰ ਸਿੰਘ, ਸੁਖਚੈਨ ਸਿੰਘ, ਕੰਵਲਜੀਤ ਕੌਰ, ਸੰਦੀਪ ਬਰਾੜ, ਰਾਮ ਸਿੰਘ, ਮਨਮੋਹਨ ਸਿੰਘ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ ਆਦਿ ਨੇ ਇਸ ਮੌਕੇ ਹਿੱਸਾ ਲਿਆ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …