Nabaz-e-punjab.com

ਪੰਜਾਬ ਮੁਲਾਜ਼ਮ ਐਂਡ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਿੱਖਿਆ ਬੋਰਡ ਤੇ ਪੁੱਡਾ ਚੌਕ ਵਿੱਚ ਅਰਥੀ ਫੂਕ ਮੁਜ਼ਾਹਰਾ

ਮੁਲਾਜ਼ਮ ਆਗੂ ਸੱਜਣ ਸਿੰਘ ਵੱਲੋਂ 1 ਮਈ ਨੂੰ ਚੰਡੀਗੜ੍ਹ ਵਿੱਚ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਮੁਲਾਜ਼ਮ ਵਰਗ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਵਿਰੋਧ ਵਿੱਚ ਪੰਜਾਬ ਮੁਲਾਜ਼ਮ ਐਂਡ ਪੈਨਸ਼ਨਰ ਸੰਘਰਸ਼ ਕਮੇਟੀ ਦੇ ਦਿੱਤੇ ਗਏ ਸੱਦੇ ਅਨੁਸਾਰ ਅੱਜ ਮੁਹਾਲੀ ਵਿੱਚ ਸਿੱਖਿਆ ਬੋਰਡ ਅਤੇ ਪੁੱਡਾ ਟਰੈਫ਼ਿਕ ਲਾਈਟ ਚੌਕ ਵਿੱਚ ਵੱਖ ਵੱਖ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਇੱਕ ਮਤਾ ਪਾਸ ਕਰਕੇ ਸੂਬਾ ਸਰਕਾਰ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ। ਮੁਲਾਜ਼ਮਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਮੰਗਣ ਲਈ ਆਉਣ ਵਾਲੇ ਸਿਆਸੀ ਆਗੂਆਂ ਵਿਰੁੱਧ ਵੀ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਅਗਲੇ ਸੰਘਰਸ਼ ਦਾ ਪ੍ਰੋਗਰਾਮ ਛੇਤੀ ਹੀ ਉਲੀਕੀਆਂ ਜਾਵੇਗਾ।
ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ, ਪਵਨ ਗੋਡਯਾਲ, ਸੋਭਾ ਰਾਮ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਪਸਸਫ਼ ਦੇ ਸਕੱਤਰ ਕਰਤਾਰ ਪਾਲ, ਸਕੱਤਰੇਤ ਦੇ ਆਗੂ ਪ੍ਰੇਮ ਚੰਦ ਸ਼ਰਮਾ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪੇ੍ਰਮ ਚੰਦ, ਸਿੰਚਾਈ ਵਿਭਾਗ ਦੇ ਆਗੂ ਉਮੇਦ ਰਾਵਤ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ, ਚਿੜੀਆਘਰ ਤੋਂ ਕਲਾਸ ਫੌਰ ਯੂਨੀਅਨ ਦੇ ਪ੍ਰਧਾਨ ਮੰਗਾ ਸਿੰਘ, ਪਸਸਫ ਦੇ ਪ੍ਰਧਾਨ ਗੁਰਵਿੰਦਰ ਸਿੰਘ ਖਮਾਣੋਂ ਸਮੇਤ ਹੋਰ ਕਈ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਮੁਲਾਜ਼ਮ ਆਗੂ ਸਾਥੀ ਸੱਜਣ ਸਿੰਘ ਮਜ਼ਦੂਰ ਦਿਵਸ ਵਾਲੇ ਦਿਨ 1 ਮਈ ਨੂੰ ਚੰਡੀਗੜ੍ਹ ਵਿੱਚ ਮੁਲਾਜ਼ਮ ਵਰਗ ਦੀਆਂ ਮੰਗਾਂ ਦੇ ਹੱਕ ਵਿੱਚ ਅਤੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੇ ਖ਼ਿਲਾਫ਼ ਮਰਨ ਵਰਤ ਸ਼ੁਰੂ ਕਰਨਗੇ। ਮੁਲਾਜ਼ਮ ਵਰਗ ਦੀਆਂ ਮੁੱਖ ਮੰਗਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਐਕਟ 2016 ਲਾਗੂ ਕਰਕੇ ਤੁਰੰਤ ਪੱਕਾ ਕੀਤਾ ਜਾਵੇ, ਕੱਢੇ ਮੁਲਾਜ਼ਮ ਅਤੇ ਸੁਵਿਧਾ ਮੁਲਾਜ਼ਮ ਵਾਪਸ ਲਏ ਜਾਣ, ਪੇ-ਕਮਿਸ਼ਨ ਬਗੈਰ ਕਿਸੇ ਦੇਰੀ ਤੋਂ 23 ਫੀਸਦੀ ਤਨਖ਼ਾਹਾਂ ਵਿੱਚ ਵਾਧੇ ਨਾਲ ਤੁਰੰਤ ਲਾਗੂ ਕੀਤਾ ਜਾਵੇ, 125 ਫੀਸਦੀ ਨੂੰ ਬੇਸਿਕ ਪੇ ਵਿੱਚ ਮਰਜ਼ ਕੀਤਾ ਜਾਵੇ, ਡੀਏ ਦੀਆਂ ਤਿੰਨ ਕਿਸ਼ਤਾਂ ਤੁਰੰਤ ਬਕਾਇਆਂ ਸਮੇਤ ਦਿੱਤੀਆਂ ਜਾਣ, ਆਸ਼ਾ ਵਰਕਰ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਮਿਡ ਡੇਅ ਮੀਲ ਅਤੇ ਆਂਗਨਵਾੜੀ ਮੁਲਾਜ਼ਮਾਂ ਨੂੰ ਘੱਟੋ ਘੱਟ 18 ਹਜ਼ਾਰ ਰੁਪਾਇਆ ਲਾਗੂ ਕੀਤਾ ਜਾਵੇ ਅਤੇ ਹੋਰ ਕਈ ਅਹਿਮ ਮੰਗਾਂ ਸ਼ਾਮਲ ਹਨ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਸੰਘਰਸ਼ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਕਿਉਂਕਿ ਮੁਲਾਜ਼ਮਾਂ ਮੰਗਾਂ ਪ੍ਰਵਾਨ ਕਰਨ ’ਤੇ ਚੋਣ ਜ਼ਾਬਤਾ ਲਾਗੂ ਨਹੀਂ ਹੁੰਦਾ ਕਿਉਂਕਿ 1992, 1996, 2009 ਵਿੱਚ ਸਾਥੀ ਸੱਜਣ ਸਿੰਘ ਦੇ ਮਰਨ ਵਰਤ ਸਮੇਂ ਤਨਖ਼ਾਹ-ਕਮਿਸ਼ਨ ਚੋਣ ਜ਼ਾਬਤੇ ਵਿੱਚ ਲਾਗੂ ਹੋਏ ਸਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਸੀ। ਹੁਣ ਵੀ ਸਰਕਾਰ ਨੂੰ ਇਹ ਕਰਨ ਲਈ ਮੁਲਾਜ਼ਮ ਜਮਾਤ ਦਾ ਸੰਘਰਸ਼ ਮਜ਼ਬੂਰ ਕਰ ਦੇਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…