
ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਤੇ ਵਾਤਾਵਰਨ ਪ੍ਰੇਮੀ ਪ੍ਰੀਤਮ ਸਿੰਘ ਕੁੰਮੇਦਾਨ ਨਹੀਂ ਰਹੇ, ਮੁਹਾਲੀ ਵਿੱਚ ਕੀਤਾ ਅੰਤਿਮ ਸਸਕਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਪੰਜਾਬ ਦੇ ਪਾਣੀਆਂ ਦੇ ਮਾਹਰ ਅਤੇ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕਰਨ ਵਾਲੇ ਉੱਘੇ ਵਾਤਾਵਰਨ ਪ੍ਰੇਮੀ ਅਤੇ ਸਾਬਕਾ ਪੀਸੀਐਸ ਅਫ਼ਸਰ ਪ੍ਰੀਤਮ ਸਿੰਘ ਕੁੰਮੇਦਾਨ (100) ਨਹੀਂ ਰਹੇ। ਵੀਰਵਾਰ ਦੇਰ ਸ਼ਾਮ ਪੰਜਾਬ ਦੇ ਇਸ ਮਹਾਨ ਸਪੂਤ ਨੇ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਬੁੱਧਵਾਰ ਸ਼ਾਮ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਿਸ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਮੁਹਾਲੀ ਦੇ ਫੇਜ਼-10 ਵਿੱਚ ਰਹਿੰਦੇ ਸਨ।
ਇੱਥੇ ਇਹ ਦੱਸਣਯੋਗ ਹੈ ਕਿ ਪ੍ਰੀਤਮ ਸਿੰਘ ਕੁੰਮੇਦਾਨ ਪੰਜਾਬ ਦੇ ਦਰਿਆਈ ਪਾਣੀਆਂ, ਇਲਾਕਿਆਂ ਅਤੇ ਹਰ ਖੋਹੇ ਗਏ ਹੱਕਾਂ ਲਈ ਉਮਰ ਭਰ ਪਹਿਰੇਦਾਰੀ ਕਰਦੇ ਰਹੇ ਹਨ। ਇਸ ਬਿਰਧ ਅਵਸਥਾ ਵਿੱਚ ਵੀ ਉਹ ਆਪਣੇ ਮਿਸ਼ਨ ਤੋਂ ਕਦੇ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਸਰਕਾਰੀ ਸਰਵਿਸ ਦੌਰਾਨ ਅਤੇ ਸੇਵਾਮੁਕਤੀ ਤੋਂ ਬਾਅਦ ਵੀ ਪਾਣੀਆਂ ਦੀ ਰਾਖੀ ਅਤੇ ਪੰਜਾਬੀ ਸੂਬੇ ਦੇ ਹੱਕਾਂ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕਤਾ ਦਾ ਹੋਕਾ ਜਾਰੀ ਰੱਖਿਆ। ਅੱਜ ਉਨ੍ਹਾਂ ਦਾ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਮੁਹਾਲੀ ਪ੍ਰਸ਼ਾਸਨ ਵੱਲੋਂ ਏਡੀਸੀ ਅਮਨਿੰਦਰ ਕੌਰ ਬਰਾੜ ਤੇ ਐਸਡੀਐਮ ਸਰਬਜੀਤ ਕੌਰ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਲਾ, ਗਗਨਪ੍ਰੀਤ ਸਿੰਘ ਬੈਂਸ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਕਰਮ ਸਿੰਘ ਬਬਰਾ, ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਗੁਰਚਰਨ ਸਿੰਘ ਨੰਨੜਾ, ਪਰਦੀਪ ਸਿੰਘ ਭਾਰਜ, ਸਾਬਕਾ ਆਈਏਐਸ ਐਸਐਸ ਬੋਪਾਰਾਏ ਸਮੇਤ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਅਤੇ ਰਾਇਪੇਰੀਅਨ ਅਧਿਕਾਰਾਂ ਬਾਰੇ ਅਥਾਰਟੀ ਵਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਕੁੰਮੇਦਾਨ ਦੇ ਦਿਹਾਂਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਪ੍ਰੀਤਮ ਸਿੰਘ ਕੁੰਮੇਦਾਨ ਪੰਜਾਬ ਦੇ ਸੱਚੇ ਸਪੂਤ ਸਨ। ਉਨ੍ਹਾਂ ਲਿਖਿਆ ਕਿ ਆਪਣੀ ਧਰਤੀ ਅਤੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਆਖ਼ਰੀ ਸਾਹ ਤੱਕ ਲੜਨ ਵਾਲੇ ਇਸ ਯੋਧੇ ਦੇ ਸਦੀਵੀ ਵਿਛੋੜੇ ਬਾਰੇ ਸੁਣ ਕੇ ਵੱਡਾ ਧੱਕਾ ਲੱਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਕੇ ਪ੍ਰੀਤਮ ਸਿੰਘ ਕੁੰਮੇਦਾਨ ਦੇ ਦਿਹਾਂਤ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਕੁੰਮੇਦਾਨ ਦੇ ਦਿਹਾਂਤ ਨਾਲ ਭਾਰਤ ਨੇ ਆਪਣਾ ਦਰਿਆਈ ਪਾਣੀ ਮਾਹਰ ਅਤੇ ਜਨਸੰਖਿਆ ਵਿਸ਼ਲੇਸ਼ਕ ਗੁਆ ਦਿੱਤਾ ਹੈ। ਕੁੰਮੇਦਾਨ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਅਥਾਹ ਵਫ਼ਾਦਾਰੀ ਅਤੇ ਰਿਪੇਰੀਅਨ ਸਿਧਾਂਤ ਪ੍ਰਤੀ ਬੇਮਿਸਾਲ ਵਚਨਬੱਧਤਾ ਅਜਿਹੇ ਸੰਪੱਤੀ ਹਨ, ਜਿਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੁੰਮੇਦਾਨ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪੰਜਾਬ ਅਤੇ ਸਮਾਜ ਨੇ ਇਸ ਸਦੀ ਦੇ ਮਹਾਨਾਇਕ ਅਤੇ ਪੰਜਾਬ ਦੇ ਹੱਕਾਂ ਦੇ ਅਸਲ ਪਹਿਰੇਦਾਰ ਨੂੰ ਖੋਹ ਦਿੱਤਾ ਹੈ। ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕੁੰਮੇਦਾਨ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਨਾ ਕਰਨ ’ਤੇ ਸਰਕਾਰ ਨਾਲ ਗਿਲਾ ਕਰਦਿਆਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਅੱਜ ਸਰਕਾਰੀ ਸਨਮਾਨ ਨਾਲ ਪੰਜਾਬ ਦੇ ਪਹਿਰੇਦਾਰ ਨੂੰ ਅੰਤਿਮ ਵਿਦਾਇਗੀ ਦਿੱਤੀ।

ਪੰਜਾਬ ਦੇ ਪਾਣੀਆਂ ਦੇ ਗੂੰਝਲਦਾਰ ਮਸਲੇ ਦਾ ਹੱਲ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੇਕਰ ਸੂਬੇ ਦੇ ਵਿਧਾਇਕ ਕੋਈ ਮਤਾ ਲਿਆਉਣਗੇ ਤਾਂ ਇਸ ਬਾਰੇ ਚਰਚਾ ਮਗਰੋਂ ਠੋਸ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁੰਮੇਦਾਨ ਬਿਨਾਂ ਕਿਸੇ ਲੋਭ ਲਾਲਚ ਤੋਂ ਉਮਰ ਭਰ ਪੰਜਾਬ ਦੇ ਪਾਣੀਆਂ ਅਤੇ ਹੱਕਾਂ ਲਈ ਲੜਦੇ ਰਹੇ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੁੰਮੇਦਾਨ ਹੁਰਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਈ ਹੈ।