ਪੰਜਾਬ ਦੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ, 300 ਤੋਂ ਵੱਧ ਕਿਸਾਨ ਗ੍ਰਿਫ਼ਤਾਰ
ਮੁਹਾਲੀ-ਚੰਡੀਗੜ੍ਹ ਦੀਆਂ ਸਾਰੀਆਂ ਹੱਦਾਂ ’ਤੇ ਨਾਕਾਬੰਦੀ, ਰਾਹਗੀਰਾਂ ਤੋਂ ਕੀਤੀ ਪੁੱਛਗਿੱਛ, ਲੋਕ ਅੌਖੇ
‘ਆਪ’ ਸਰਕਾਰ ਨੇ ਕਿਸਾਨਾਂ ਲਈ ਬੂਹੇ ਭੇੜੇ, ਡੀਆਈਜੀ ਤੇ ਐੱਸਐੱਸਪੀ ਨੇ ਲਿਆ ਹਾਲਾਤਾਂ ਦਾ ਜਾਇਜ਼ਾ
ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਘੇਰਨ ਲਈ ਉਲੀਕੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਮੁਹਾਲੀ ਪੁਲੀਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਇਸ ਦੌਰਾਨ ਮੁਹਾਲੀ ਵਿੱਚ 300 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸੈਂਟਰਲ ਥਾਣਾ ਫੇਜ਼-8 ਅਤੇ ਮਟੌਰ ਥਾਣੇ ਡੱਕ ਕੇ ਰੱਖਿਆ ਗਿਆ। ਗੁਰੂਘਰਾਂ ’ਚੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਤਾ ਲੱਗਾ ਹੈ। ਇਹੀ ਨਹੀਂ ਗੁਰੂਘਰਾਂ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂ ਵੀ ਪੁੱਛਗਿੱਛ ਕਾਰਨ ਪ੍ਰੇਸ਼ਾਨ ਹੋਏ। ਪੁਲੀਸ ਨੂੰ ਸ਼ੱਕ ਸੀ ਕਿ ਕੁੱਝ ਕਿਸਾਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਲੁਕੇ ਹੋਏ ਹਨ।
ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਵੀ ਵੱਖ-ਵੱਖ ਥਾਵਾਂ ਦਾ ਤੂਫ਼ਾਨੀ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉਂਜ ਸੁਰੱਖਿਆ ਇੰਤਜ਼ਾਮਾਂ ਦਾ ਸਾਰਾ ਜ਼ਿੰਮਾ ਮੁਹਾਲੀ ਦੇ ਐਸਪੀ ਸਿਟੀ ਹਰਵੀਰ ਸਿੰਘ ਅਟਵਾਲ, ਐਸਪੀ ਦਿਹਾਤੀ ਮਨਪ੍ਰੀਤ ਸਿੰਘ, ਡੀਐਸਪੀ ਹਰਸਿਮਰਨ ਸਿੰਘ ਬੱਲ ਦੇ ਮੋਢਿਆਂ ’ਤੇ ਸੀ।
ਜ਼ਿਲ੍ਹਾ ਪੁਲੀਸ ਵੱਲੋਂ ਮੁਹਾਲੀ ਏਅਰਪੋਰਟ ਸੜਕ, ਲਾਂਡਰਾਂ ਜੰਕਸ਼ਨ, ਮੈਕਸ ਹਸਪਤਾਲ ਫੇਜ਼-6, ਪੁਰਾਣਾ ਬੈਰੀਅਰ ਫੇਜ਼-1, ਫੇਜ਼-2 ਤੋਂ ਫ਼ਰਨੀਚਰ ਮਾਰਕੀਟ ਨੂੰ ਜਾਣ ਵਾਲੀ ਸੜਕ, ਫਰੈਂਕੋ ਹੋਟਲ ਮੁਹਾਲੀ ਤੋਂ ਚੰਡੀਗੜ੍ਹ ਦੇ ਸੈਕਟਰ-40 ਨੂੰ ਜਾਣ ਵਾਲੀ ਸੜਕ, ਐਸਐਸਪੀ ਦੀ ਸਰਕਾਰੀ ਕੋਠੀ ਤੋਂ ਵਾਇਆ ਕਜਹੇੜੀ ਚੰਡੀਗੜ੍ਹ ਜਾਣ ਵਾਲੀ ਸੜਕ, ਵਾਈਪੀਐਸ ਚੌਂਕ, ਬੁੜੈਲ ਜੇਲ੍ਹ ਦੇ ਪਿੱਛੇ ਨੇਚਰ ਪਾਰਕ ਨੇੜਲੇ ਟੀ-ਪੁਆਇੰਟ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ, ਪੀਸੀਏ ਸਟੇਡੀਅਮ ਫੇਜ਼-9 ਤੋਂ ਚੰਡੀਗੜ੍ਹ ਜਾਣ ਵਾਲੀ ਸੜਕ, ਫੇਜ਼-10 ਤੋਂ ਚੰਡੀਗੜ੍ਹ ਜਾਂਦੀ ਸੜਕ, ਚੱਪੜਚਿੜੀ ਤੋਂ ਮੁਹਾਲੀ ਸੜਕ ਅਤੇ ਫੇਜ਼-11 ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ਉੱਤੇ ਜਗਤਪੁਰਾ ਨੇੜੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਕਿਸਾਨਾਂ ਦਾ ਰਾਹ ਰੋਕਿਆ ਗਿਆ।
ਇਸ ਦੌਰਾਨ ਅੱਜ ਪੁਰਾ ਦਿਨ ਪੁਲੀਸ ਮੁਲਾਜ਼ਮਾਂ ਵੱਲੋਂ ਰਾਹਗੀਰਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਤੋਂ ਲੋਕ ਕਾਫ਼ੀ ਅੌਖੇ ਹੋਏ। ਇੱਥੋਂ ਤੱਕ ਪੁਲੀਸ ਨੇ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਗਿਆ। ਚੈਕਿੰਗ ਦੌਰਾਨ ਦਸਤਾਰ-ਧਾਰੀ ਵਿਅਕਤੀ ਪੁਲੀਸ ਦੇ ਨਿਸ਼ਾਨੇ ’ਤੇ ਰਹੇ। ਪੁਲੀਸ ਮੁਲਾਜ਼ਮਾਂ ਨੇ ਜ਼ਿਆਦਾਤਰ ਪੁੱਛਗਿੱਛ ਸਿਰਫ਼ ਉਨ੍ਹਾਂ ਪੰਜਾਬੀਆਂ ਤੋਂ ਕੀਤੀ ਗਈ। ਜਿਨ੍ਹਾਂ ਨੇ ਆਪਣੇ ਸਿਰਾਂ ’ਤੇ ਪੱਗਾਂ ਬੰਨੀਆਂ ਹੋਈਆਂ ਸਨ।
ਇਸ ਦੌਰਾਨ ਲਖਵੀਰ ਸਿੰਘ ਵਾਸੀ ਮੋਰਿੰਡਾ ਨੇ ਪੁਲੀਸ ਦੇ ਤਰਲੇ ਵੀ ਕੱਢੇ ਵੀ ਉਹ ਦਵਾਈ ਲੈਣ ਜਾ ਰਿਹਾ ਹੈ ਪਰ ਨਹੀਂ ਜਾਣ ਦਿੱਤਾ। ਇੰਜ ਹੀ ਇੱਕ ਹੋਰ ਵਿਅਕਤੀ ਬਹਾਦਰ ਸਿੰਘ ਨੇ ਕਾਫ਼ੀ ਮਿੰਨਤਾਂ ਕੀਤੀਆਂ ਕਿ ਉਸ ਦੀ ਅੱਜ ਹਾਈ ਕੋਰਟ ਵਿੱਚ ਤਰੀਕ ਹੈ। ਜੇ ਉਹ ਸਮੇਂ ਸਿਰ ਕੋਰਟ ਨਹੀਂ ਪਹੁੰਚਿਆ ਤਾਂ ਗੈਰਹਾਜ਼ਰੀ ਕਾਰਨ ਉਸ ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਜੱਜ ਦੀ ਫਟਕਾਰ ਲੱਗ ਸਕਦੀ ਹੈ ਪਰ ਪੁਲੀਸ ਨੇ ਉਸ ਦੀ ਇੱਕ ਨਹੀਂ ਸੁਣੀ। ਉਸ ਵਿਅਕਤੀ ਦਾ ਕਸੂਰ ਇਹ ਸੀ ਕਿ ਉਸ ਨੇ ਆਪਣੇ ਸਿਰ ’ਤੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਕਾਫ਼ੀ ਜੱਦੋਜਹਿਦ ਤੋਂ ਬਾਅਦ ਜਿਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਚੰਡੀਗੜ੍ਹ ਜਾਣ ਦਿੱਤਾ ਵੀ ਗਿਆ, ਪੁਲੀਸ ਕਰਮਚਾਰੀ ਉਨ੍ਹਾਂ ਨਾਲ ਹੀ ਜਾਂਦੇ ਰਹੇ।
ਉਧਰ, ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕੁੱਲ ਹਿੰਦ ਕਿਸਾਨ ਸਭਾ, ਕੀਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਯੂਨੀਅਨ (ਲੱਖੋਵਾਲ) ਆਦਿ ਜਥੇਬੰਦੀਆਂ ਦੇ ਕਾਫ਼ੀ ਕਿਸਾਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੱਕ ਪਹੁੰਚਣ ਵਿੱਚ ਸਫਲ ਹੋ ਗਏ। ਜਿਨ੍ਹਾਂ ਨੇ ਇੱਥੋਂ ਕਾਫ਼ਲੇ ਦੇ ਰੂਪ ਵਿੱਚ ਚੰਡੀਗੜ੍ਹ ਵੱਲ ਕੂਚ ਕਰਨਾ ਸੀ ਪ੍ਰੰਤੂ ਡੀਐਸਪੀ ਹਰਸਿਮਰਨ ਸਿੰਘ ਬੱਲ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਾਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ।
ਇੰਜ ਹੀ ਕਿਸਾਨ ਯੂਨੀਅਨ (ਕਾਦੀਆ) ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਮੀਤ ਪ੍ਰਧਾਨ ਕਿਰਪਾਲ ਸਿੰਘ, ਬਲਾਕ ਪ੍ਰਧਾਨ ਮੋਹਨ ਸਿੰਘ ਅਤੇ ਜਰਨੈਲ ਸਿੰਘ ਗੋਸਲਾ ਦੀ ਅਗਵਾਈ ਹੇਠ ਪੰਜ ਟਰੈਕਟਰ-ਟਰਾਲੀਆਂ ਵਿੱਚ ਸਵਾਰ ਸੈਂਕੜੇ ਕਿਸਾਨ ਪੁਲੀਸ ਨੂੰ ਝਕਾਨੀ ਦੇ ਕੇ ਫੇਜ਼-2 ਤੋਂ ਫ਼ਰਨੀਚਰ ਮਾਰਕੀਟ ਨੂੰ ਜਾਣ ਵਾਲੀ ਸੜਕ ’ਤੇ ਲਾਲ ਬੱਤੀਆਂ ਤੱਕ ਪਹੁੰਚ ਗਏ ਪ੍ਰੰਤੂ ਇਨ੍ਹਾਂ ਸਾਰੇ ਕਿਸਾਨਾਂ ਨੂੰ ਵੀ ਮਟੌਰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਸਾਰਿਆਂ ਨੂੰ ਥਾਣੇ ਵਿੱਚ ਡੱਕ ਦਿੱਤਾ।