
ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਨੇ ਬਾਗਬਾਨੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ (ਬੀ ਐਂਡ ਆਰ) ਬਾਗਬਾਨੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਬਾਗਬਾਨੀ ਉਪ ਮੰਡਲ ਇੰਜੀਨੀਅਰ ਰਮਨ ਗੋਇਲ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਮੌਕੇ ਕਰਮਚਾਰੀਆਂ ਨੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ। ਸੂਬਾ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਘਾਹ ਕੱਟਣ ਵਾਲੀਆਂ ਦੋ ਮਸ਼ੀਨਾਂ ਅਤੇ 3 ਬੁਸ਼ ਕਟਰ ਲਈ ਮਾਲੀਆਂ ਤੋਂ ਅਪਰੇਟਰਾਂ ਦਾ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲੀਆ ਨੂੰ ਅਪਰੇਟਰ ਦਾ ਸਕੇਲ ਦਿੱਤਾ ਜਾਵੇ ਅਤੇ ਲਾਗ ਬੁੱਕਾਂ ਦਿੱਤੀਆਂ ਜਾਣ ਤਾਂ ਜੋ ਇਹ ਪਤਾ ਚੱਲ ਸਕੇ ਕਿ ਕਿੰਨੇ ਘੰਟੇ ਮਸ਼ੀਨਾਂ ਚਲੀਆਂ ਅਤੇ ਕਿੰਨਾ ਪੈਟਰੋਲ ਲੱਗਿਆ ਹੈ ਪ੍ਰੰਤੂ ਜੇਈ ਸੁਖਵੰਤ ਸਿੰਘ ਨੇ ਬੁਖਲਾਹਟ ਵਿੱਚ ਆ ਕੇ ਆਗੂਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ (ਮੁਲਾਜ਼ਮ ਆਗੂ) ਕੌਣ ਹੁੰਦੇ ਹਨ ਇਹ ਗੱਲ ਪੁੱਛਣ ਵਾਲੇ ਅਤੇ ਐਸਡੀਓ ਵੱਲੋਂ ਹੱਲਾਸ਼ੇਰੀ ਦਿੱਤੀ ਗਈ।
ਵੱਖ-ਵੱਖ ਬੁਲਾਰਿਆਂ ਨੇ ਜੇਈ ਸੁਖਵੰਤ ਸਿੰਘ ਖ਼ਿਲਾਫ਼ ਕਾਰਵਾਈ ਦੀ ਕੀਤੀ ਜਾਵੇ ਅਤੇ ਕਰਮਚਾਰੀਆਂ ਦਾ ਈਪੀਐਫ਼ ਜਮ੍ਹਾਂ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਦਾ ਵਧੇ ਰੇਟਾਂ ਅਨੁਸਾਰ ਏਰੀਅਰ ਦਿੱਤਾ ਜਾਵੇ। ਮਾਲੀਆਂ ਦੀ ਡਿਊਟੀ ਸਬੰਧੀ ਜਾਣੂ ਕਰਵਾਇਆ ਜਾਵੇ। ਘਾਹ ਕੱਟਣ ਲਈ ਨਵੀਆਂ ਮਸ਼ੀਨਾਂ ਲਈਆਂ ਜਾਣ। ਕੱਚੇ ਕਰਮਚਾਰੀਆਂ ਦੇ ਬੋਨਸ ਦਾ ਏਰੀਅਰ ਦਿੱਤਾ ਜਾਵੇ। ਮਾਲੀਆਂ ਤੋਂ ਸੀਨੀਅਰ ਹੈੱਡ ਮਾਲੀ ਲਗਾਏ ਜਾਣ ਅਤੇ ਸ਼ਨਾਖ਼ਤੀ ਕਾਰਡ ਬਣਾਏ ਜਾਣ।
ਇਸ ਮੌਕੇ ਮੰਗਤ ਰਾਮ, ਸੂਬਾ ਵਿੱਤ ਸਕੱਤਰ, ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ, ਮਨਦੀਪ ਸਿੰਘ, ਤਰਲੋਚਨ ਸਿੰਘ, ਮੰਗਾ ਸਿੰਘ, ਤੇਜਪਾਲ ਸਿੰਘ, ਰਾਜੂ ਪ੍ਰਧਾਨ, ਅਮਰਜੀਤ ਸਿੰਘ, ਸੰਦੀਪ ਕੁਮਾਰ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ 12 ਅਕਤੂਬਰ ਤੋਂ 19 ਅਕਤੂਬਰ ਤੱਕ ਮੁੱਖ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਜੇਕਰ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਪ ਮੰਡਲ ਇੰਜੀਨੀਅਰ ਦੀ ਰਿਹਾਇਸ਼ ਅੱਗੇ ਝੰਡਾ ਮਾਰਚ ਕੀਤਾ ਜਾਵੇਗਾ।