
‘ਸਵੱਛ ਸਰਵੇਖਣ 2018’ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਜੁਟਿਆ ਪੰਜਾਬ
ਸਥਾਨਕ ਸਰਕਾਰ ਵਿਭਾਗ ਵੱਲੋਂ ਸ਼ਹਿਰਾਂ ਵਿੱਚ ਸਮਰੱਥਾ ਵਧਾਊ ਪਹਿਲਕਦਮੀਆਂ ’ਤੇ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਸਤੰਬਰ:
ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਸੂਬੇ ਭਰ ਦੇ ਸ਼ਹਿਰਾਂ ਵਿੱਚ ਸਮਰੱਥਾ ਵਧਾਊ ਪਹਿਲ ਕਦਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਜਨਵਰੀ-ਫਰਵਰੀ 2018 ਦੌਰਾਨ ਹੋਣ ਵਾਲੇ ‘ਸਵੱਛ ਸਰਵੇਖਣ’ ਵਿੱਚ ਪੰਜਾਬ ਦੇ ਸ਼ਹਿਰਾਂ ਦੀ ਕਾਰਗੁਜਾਰੀ ਸਰਵੋਤਮ ਦਰਜੇ ਦੀ ਰਹੇ। ਇਸ ਸਰਵੇਖਣ ਦੌਰਾਨ ਮੁਲਕ ਭਰ ਦੇ ਸ਼ਹਿਰਾਂ ਨੂੰ ਸਫਾਈ ਅਤੇ ਰੱਖ-ਰਖਾਅ ਦੇ ਮਾਪਦੰਡਾਂ ਉÎੱਤੇ ਦਰਜਾਬੰਦੀ ਦਿੱਤੀ ਜਾਵੇਗੀ। ਹਰੇਕ ਸ਼ਹਿਰੀ ਸਥਾਨਕ ਸਰਕਾਰ ਨੂੰ ਇਸ ਸਰਵੇਖਣ ਦੀ ਮੁਕੰਮਲ ਜਾਣਕਾਰੀ ਪ੍ਰਦਾਨ ਕਰਦੀ ਇੱਕ ਟੂਲਕਿੱਟ ਵੀ ਮੁਹੱਈਆ ਕਰਵਾਈ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਇੱਕ ਵਿਭਾਗੀ ਬੁਲਾਰੇ ਨੇ ਦੱਸਿਆ ਕਿ ਇਸ ਸਰਵੇਖਣ ਸਬੰਧੀ ਅੱਜ ਇੱਕ ਵਰਕਸ਼ਾਪ ਸਥਾਨਕ ਮਿਊਂਸੀਪਲ ਭਵਨ ਵਿਖੇ ਕਰਵਾਈ ਗਈ ਜਿਸ ਵਿੱਚ ਪੰਜਾਬ ਅਤੇ ਚੰੰਡੀਗੜ੍ਹ ਸ਼ਹਿਰ ਦੀਆਂ ਸਮੁੱਚੀਆਂ ਸ਼ਹਿਰੀ ਸਥਾਨਕ ਸਰਕਾਰਾਂ ਨੇ ਹਿੱਸਾ ਲਿਆ। ਦੱਸਣਯੋਗ ਹੈ ਕਿ 2016 ਦੇ ਸਵੱਛ ਸਰਵੇਖਣ ਭਾਰਤ ਦੇ 73 ਚੋਟੀ ਦੇ ਸ਼ਹਿਰਾਂ ਵਿੱਚ ਕਰਵਾਇਆ ਗਿਆ ਸੀ ਜਦੋਂ ਕਿ 2017 ਦਾ ਸਵੱਛ ਸਰਵੇਖਣ ਅਮਰੁਤ ਸਕੀਮ ਤਹਿਤ ਆਉਂਦੇ 434 ਸ਼ਹਿਰਾਂ ਵਿਚ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚ ਪੰਜਾਬ ਦੇ 16 ਸ਼ਹਿਰ ਵੀ ਸ਼ਾਮਿਲ ਸਨ। ਹੁਣ ਤੀਸਰੇ ਸਵੱਛ ਸਰਵੇਖਣ ਵਿੱਚ ਮੁਲਕ ਭਰ ਦੇ 4041 ਕਸਬਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸ਼ਹਿਰੀ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਕਰਵਾਈ ਗਈ ਇਸ ਵਰਕਸ਼ਾਪ ਤੋਂ ਬਾਅਦ ਇਸ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਹਾਜ਼ਰ ਡੈਲੀਗੇਟਾਂ ਦੀ ਇਸ ਵਰਕਸ਼ਾਪ ਦੌਰਾਨ ਸ਼ਹਿਰਾਂ ਦੀ ਸਾਫ ਸਫਾਈ ਸਬੰਧੀ ਚਰਚਾ ਕੀਤੇ ਗਏ ਸਮੂਹ ਪੱਖਾਂ ਸਬੰਧੀ ਇੱਕ ਪ੍ਰੀਖਿਆ ਵੀ ਲਈ ਗਈ। ਜਿਸ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਸਨੌਰ ਦੇ ਈਓ ਨੂੰ 5000 ਰੁਪਏ ਅਤੇ ਦੂ੍ਹਜੇ ਸਥਾਨ ਉÎੱਤੇ ਰਹੇ ਸੁਨਾਮ ਦੇ ਈ.ਓ. ਅਤੇ ਮੈਡੀਕਲ ਅਫਸਰ ਪਠਾਨਕੋਟ ਨੂੰ 3-3 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ।
ਵਰਕਸ਼ਾਪ ਵਿੱਚ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ, ਪੰਜਾਬ ਦੀਆਂ ਸਮੂਹ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ, ਖੇਤਰੀ ਡਿਪਟੀ ਡਾਇਰੈਕਟਰ, ਚੰਡੀਗੜ੍ਹ ਦੀ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਬੀ. ਪੁਰੂਸ਼ਾਰਥਾ ਅਤੇ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕੌਸਲਰਾਂ ਨੇ ਵੀ ਹਿੱਸਾ ਲਿਆ।