
ਪੈਲੇਸ-ਨੁਮਾ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਫ਼ੰਡ ਮਨਜ਼ੂਰ
ਛੇਤੀ ਮੁਕੰਮਲ ਹੋਵੇਗਾ ਕਮਿਊਨਿਟੀ ਸੈਂਟਰ ਫੇਜ਼-3ਬੀ1 ਦੀ ਉਸਾਰੀ ਦਾ ਕੰਮ: ਕੁਲਜੀਤ ਬੇਦੀ
ਵਿਭਾਗ ਵੱਲੋਂ ਖ਼ਰਚੇ ਨੂੰ ਪ੍ਰਵਾਨਗੀ ਦੇਣ ਮਗਰੋਂ ਹੁਣ ਹਾਊਸ ਵਿੱਚ ਲਿਆਂਦਾ ਜਾਵੇਗਾ ਮਤਾ: ਬੇਦੀ
ਨਬਜ਼-ਏ-ਪੰਜਾਬ, ਮੁਹਾਲੀ, 25 ਮਾਰਚ:
ਪੰਜਾਬ ਸਰਕਾਰ ਨੇ ਇੱਥੋਂ ਦੇ ਫੇਜ਼-3ਬੀ1 ਵਿੱਚ ਬਣ ਰਹੇ ਪੈਲੇਸ-ਨੁਮਾ ਆਧੁਨਿਕ ਕਮਿਊਨਿਟੀ ਸੈਂਟਰ ਦੇ ਅਧੂਰੇ ਨਿਰਮਾਣ ਕੰਮ ਨੂੰ ਪੂਰਾ ਕਰਨ ਲਈ ਖ਼ਰਚੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਫ਼ੰਡ ਰਿਲੀਜ਼ ਹੋਣ ਮਗਰੋਂ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਵੱਲੋਂ ਨਵਾਂ ਐਸਟੀਮੇਟ ਤਿਆਰ ਕਰਕੇ ਸਥਾਨਕ ਸਰਕਾਰ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਵਿਭਾਗ ਨਾਲ ਸੰਪਰਕ ਰੱਖ ਰਹੇ ਸੀ ਅਤੇ ਐਸਟੀਮੇਟ ਵਧਾਉਣ ਦੀ ਅਪੀਲ ਕਰਦੇ ਆ ਰਹੇ ਸਨ।
ਡਿਪਟੀ ਮੇਅਰ ਨੇ ਦੱਸਿਆ ਕਿ ਕਮਿਊਨਿਟੀ ਸੈਂਟਰ ਦੇ ਨਿਰਮਾਣ ਲਈ ਪਹਿਲਾਂ ਪੀਆਈਡੀਬੀ ਵੱਲੋਂ ਗਰਾਂਟ ਜਾਰੀ ਕੀਤੀ ਗਈ ਸੀ। ਇਸ ਪ੍ਰਾਜੈਕਟ ਨੂੰ 3 ਦਸੰਬਰ 2020 ਨੂੰ 456.12 ਲੱਖ ਰੁਪਏ ਦੀ ਤਕਨੀਕੀ ਮਨਜ਼ੂਰੀ ਮਿਲੀ ਸੀ ਅਤੇ 23 ਅਗਸਤ 2021 ਨੂੰ ਟੈਂਡਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 16 ਨਵੰਬਰ 2021 ਨੂੰ 439.79 ਲੱਖ ਰੁਪਏ ਦੀ ਲਾਗਤ ਨਾਲ ਐਮਐਮ ਕੰਸਟਰੱਕਸ਼ਨ ਕੰਪਨੀ ਨੂੰ ਕੰਮ ਸੌਂਪਿਆ ਗਿਆ। ਇਸ ਦੌਰਾਨ ਗਮਾਡਾ ਵੱਲੋਂ ਨਕਸ਼ੇ ਵਿੱਚ ਤਬਦੀਲੀ ਕੀਤੀ ਗਈ, ਜਿਸ ਕਾਰਨ ਸਿਰਫ਼ ਸਟਰੱਕਚਰ ਤੱਕ ਹੀ ਪੂਰਾ ਹੋ ਸਕਿਆ। ਹੁਣ ਅਧੂਰੇ ਕੰਮ ਨੂੰ ਪੂਰਾ ਕਰਨ ਲਈ 3.52 ਕਰੋੜ ਰੁਪਏ ਦਾ ਨਵਾਂ ਅਨੁਮਾਨ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਫਾਇਰ ਸਿਸਟਮ, ਬਾਉਂਡਰੀ ਵਾਲ, ਪਾਰਕਿੰਗ ਦੇ ਕੰਮ ਸ਼ਾਮਲ ਹਨ। ਇਹ ਯੋਜਨਾ ਲੰਮੇ ਸਮੇਂ ਤੋਂ ਅਟਕੀ ਹੋਈ ਸੀ ਪਰ ਹੁਣ ਸਰਕਾਰ ਨੇ ਸਾਢੇ ਤਿੰਨ ਕਰੋੜ ਦਾ ਨਵਾਂ ਬਜਟ ਮਨਜ਼ੂਰ ਕਰ ਦਿੱਤਾ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਇਹ ਮਤਾ 27 ਮਾਰਚ ਨੂੰ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਇਸ ਨੂੰ ਪਾਸ ਕਰਨ ਉਪਰੰਤ ਉਸਾਰੀ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਨੂੰ ਬੜੀ ਮੁਸ਼ਕਲ ਨਾਲ ਮੁਹਾਲੀ ਅਦਾਲਤ ਤੋਂ ਖਾਲੀ ਕਰਵਾਉਣ ਲਈ ਹਾਈ ਕੋਰਟ ਵਿੱਚ ਲੰਮੀ ਲੜਾਈ ਲੜਨੀ ਪਈ ਸੀ। ਉਪਰੰਤ ਪੈਲੇਸ-ਨੁਮਾ ਨਵੀਂ ਬਿਲਡਿੰਗ ਬਣਾਉਣ ਦੀ ਯੋਜਨਾ ਉਲੀਕੀ ਗਈ ਪਰ ਬਜਟ ਕਟੌਤੀ ਕਾਰਨ ਇਹ ਪ੍ਰਾਜੈਕਟ ਠੰਢੇ ਬਸਤੇ ਵਿੱਚ ਪੈ ਗਿਆ ਸੀ। ਉਹ ਕੁੱਝ ਸਮੇਂ ਲਗਾਤਾਰ ਅਧਿਕਾਰੀਆਂ ਨੂੰ ਪੱਤਰ ਲਿਖ ਰਹੇ ਸਨ ਅਤੇ ਹੁਣ ਜਾ ਕੇ ਇਸ ਪ੍ਰਾਜੈਕਟ ਦਾ ਕੰਮ ਮੁੜ ਸ਼ੁਰੂ ਹੋਣ ਦੀ ਆਸ ਬੱਝੀ ਹੈ।