nabaz-e-punjab.com

ਪੰਜਾਬ ਸਰਕਾਰ ਤੇਜ਼ਾਬ ਹਮਲਿਆਂ ਦੀਆਂ ਪੀੜਤਾਂ ਨੂੰ ਹਰ ਮਦਦ ਪ੍ਰਦਾਨ ਕਰਨ ਲਈ ਵਚਨਬੱਧ: ਅਰੁਣਾ ਚੌਧਰੀ

ਇਸ ਸਾਲ ਮਾਰਚ ਤੱਕ 12 ਪੀੜਤਾਂ ਨੂੰ ਪ੍ਰਤੀ ਮਹੀਨਾ 8000 ਰੁਪਏ ਦੀ ਮਦਦ ਪ੍ਰਦਾਨ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜੂਨ:
‘‘ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜੋ ਮਹਿਲਾਵਾਂ ਤੇਜ਼ਾਬ ਹਮਲਿਆਂ ਦਾ ਸ਼ਿਕਾਰ ਬਣੀਆਂ ਹਨ। ਪੰਜਾਬ ਸਰਕਾਰ ਅਜਿਹੇ ਮਾਮਲਿਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਨੂੰ ਤਰਜੀਹ ਦੇ ਰਹੀ ਹੈ।’’ ਅੱਜ ਇੱਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਤੇਜ਼ਾਬੀ ਹਮਲੇ ਸਮਾਜ ਦੇ ਮੱਥੇ ਉੱਤੇ ਲੱਗਿਆ ਹੋਇਆ ਕਲੰਕ ਹਨ ਅਤੇ ਇਹ ਬੀਮਾਰ ਮਾਨਸਿਕਤਾ ਦਾ ਪ੍ਰਤੀਕ ਹਨ। ਮੰਤਰੀ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਹੋਂਦ ਵਿੱਚ ਆਉਣ ਤੋਂ ਲੈ ਕੇ ਮਾਰਚ 2018 ਤੱਕ ਤੇਜ਼ਾਬੀ ਹਮਲੇ ਪੀੜਤ ਸਹਾਇਤਾ ਸਕੀਮ ਤਹਿਤ 12 ਪੀੜਤ ਅੌਰਤਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਾਲੀ ਮਦਦ ਮੁਹੱਈਆ ਕੀਤੀ ਹੈ।
ਸ੍ਰੀਮਤੀ ਅਰੁਣਾ ਚੌਧਰੀ ਨੇ ਅੱਗੇ ਦੱਸਿਆ ਕਿ ਸਾਲ 2018-19 ਲਈ ਸੂਬਾ ਸਰਕਾਰ ਨੇ ਇਸ ਮਕਸਦ ਹਿੱਤ 10 ਲੱਖ ਰੁਪਏ ਦਾ ਬਜਟ ਮਨਜੂਰ ਕੀਤਾ ਹੈ ਅਤੇ ਸਾਲ 2017-18 ਵਿੱਚ ਵੀ 10 ਲੱਖ ਰੁਪਏ ਦੀ ਹੀ ਰਕਮ ਇਸ ਮਕਸਦ ਹਿਤ ਮਨਜੂਰ ਕੀਤੀ ਗਈ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਤੇਜ਼ਾਬ ਹਮਲੇ ਤੋਂ ਪੀੜਤ ਮਹਿਲਾ ਆਪਣੀ ਅਰਜ਼ੀ ਜਮ੍ਹਾਂ ਕਰਨ ਦੀ ਮਿਤੀ ਤੋਂ ਹੀ ਪੈਨਸ਼ਨ ਦੀ ਹੱਕਦਾਰ ਹੈ ਅਤੇ ਉਸ ਦੁਆਰਾ ਆਪਣੀ ਅਰਜ਼ੀ ਸਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕੋਲ ਜਮ੍ਹਾਂ ਕਰਵਾਈ ਜਾ ਸਕਦੀ ਹੈ ਬਸ਼ਰਤੇ ਕਿ ਅਪੰਗਤਾ ਦੀ ਮਾਤਰਾ 40 ਫੀਸਦੀ ਜਾਂ ਇਸ ਤੋਂ ਵੱਧ ਹੋਵੇ ਅਤੇ ਪੀੜਤ ਕੋਲ ਅਪੰਗਤਾ ਪ੍ਰਮਾਣ ਪੱਤਰ ਹੋਵੇ ਜੋ ਕਿ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਦਫਤਰ ਤੋਂ ਮੁਫਤ ਹਾਸਿਲ ਕੀਤਾ ਜਾ ਸਕਦਾ ਹੈ।
ਪਾਰਦਰਸ਼ਿਤਾ ਦੇ ਪੱਖ ਉੱਤੇ ਜ਼ੋਰ ਦਿੰਦੇ ਹੋਏ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਵਿੱਤੀ ਸਹਾਇਤਾ ਸਕੀਮ ਦੀ ਹਰ ਪੱਧਰ ਉੱਤੇ ਬਹੁਤ ਗਹਿਰਾਈ ਨਾਲ ਘੋਖ ਕੀਤੀ ਜਾਂਦੀ ਹੈ ਅਤੇ ਹਰੇਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲਈ ਤੇਜ਼ਾਬ ਹਮਲਿਆਂ ਦੀਆਂ ਪੀੜਤਾਂ ਨੂੰ ਮੁਹੱਈਆ ਕਰਵਾਈ ਗਈ ਸਹਾਇਤ ਦਾ ਮੁਕੰਮਲ ਰਿਕਾਰਡ ਰੱਖਣਾ ਲਾਜਮੀ ਹੈ ਅਤੇ ਇਸ ਸਿਲਸਿਲੇ ਵਿੱਚ ਵਿਸਥਾਰਿਤ ਰਿਪੋਰਟ ਸਮੇਂ-ਸਮੇਂ ਉੱਤੇ ਵਿਭਾਗ ਦੇ ਮੁੱਖ ਦਫਤਰ ਨੂੰ ਭੇਜਣੀ ਵੀ ਲਾਜਮੀ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਤੇਜ਼ਾਬ ਹਮਲਿਆਂ ਤੋਂ ਪੀੜਤਾਂ ਦਾ ਦਰਦ ਸਮਝਦੀ ਹੋਈ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…