Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਅੌਰਤਾਂ ਦੇ ਸਸ਼ਕਤੀਕਰਣ ਲਈ ਵਚਨਬੱਧ: ਸਿੱਧੂ ਅੌਰਤਾਂ ਨੂੰ ਸਵੈ-ਰੁਜ਼ਗਾਰ ਧੰਦਿਆਂ ਦੀ ਸਿਖਲਾਈ ਲੈ ਕੇ ਆਤਮ ਨਿਰਭਰ ਬਨਣ ਦੀ ਸਖ਼ਤ ਲੋੜ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ: ਪੰਜਾਬ ਸਰਕਾਰ ਰਾਜ ਵਿਚ ਅੌਰਤਾਂ ਦੇ ਸਸ਼ਕਤੀਕਰਣ ਲਈ ਵਚਨਬੱਧ ਹੈ ਅਤੇ ਅੌਰਤਾਂ ਨੂੰ ਸਵੈ-ਰੁਜ਼ਗਾਰ ਧੰਦਿਆਂ ਦੀ ਮੁਫਤ ਸਿਖਲਾਈ ਦੇ ਕੇ ਉਨ੍ਹਾਂ ਨੂੰ ਘੱਟ ਵਿਆਜ ਤੇ ਕਰਜੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹ ਖੁਦ ਆਪਣੇ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਣ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨੇੜਲੇ ਪਿੰਡ ਦੁਰਾਲੀ ਵਿਖੇ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ 30 ਅੌਰਤਾਂ ਅਤੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਪ੍ਰਾਪਤ ਕਰਨ ਤੇ ਕਰਵਾਏ ਗਏ ਸਮਾਪਤੀ ਸਮਾਰੋਹ ਮੌਕੇ ਸਰਟੀਫਿਕੇਟ ਵੰਡਣ ਉਪਰੰਤ ਆਪਣੇ ਸੰਬੋਧਨ ਵਿਚ ਕੀਤਾ। ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿਲਾਈ, ਕਢਾਈ ਦਾ ਕਿੱਤਾ ਅੌਰਤਾਂ ਲਈ ਬੇਹੱਦ ਲਾਹੇਵੰਦ ਹੈ ਅਤੇ ਅੌਰਤਾਂ ਨੂੰ ਸਿਖਲਾਈ ਪ੍ਰਾਪਤ ਕਰਨ ਉਪਰੰਤ ਬੂਟੀਕ ਖੋਲਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਿਲਾਈ ਕਢਾਈ ਦਾ ਧੰਦਾ ਸੈਲਫ ਹੈਲਪ ਗਰੁੱਪ ਬਣਾ ਕੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਜਿਸ ਲਈ ਘੱਟ ਵਿਆਜ ਤੇ ਕਰਜਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਹਾਣਾ ਅਤੇ ਖਿਜਰਾਬਾਦ ਵਿਖੇ ਰੂਰਲ ਮਾਰਟ ਹੱਟ ਸਥਾਪਿਤ ਕੀਤੇ ਗਏ ਹਨ। ਜਿੱਥੇ ਕਿ ਉਹ ਆਪਣੇ ਵੱਲੋਂ ਤਿਆਰ ਕੀਤੀਆਂ ਵਸਤਾਂ ਨੂੰ ਵੇਚ ਸਕਦੇ ਹਨ। ਉਨ੍ਹਾਂ ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਈ ਜਾ ਰਹੀ ਦਿਹਾਤੀ ਸਵੈ ਰੁਜਗਾਰ ਸਿਖਲਾਈ ਸੰਸਥਾ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੌਰਤਾਂ ਦੇ ਸਸ਼ਕਤੀਕਰਣ ਦਾ ਬੀੜਾ ਚੁੱਕਿਆ ਗਿਆ ਹੈ। ਜਿਸ ਨਾਲ ਅੌਰਤਾਂ ਸਵੈ ਰੁਜ਼ਗਾਰ ਧੰਦਿਆ ਦੀ ਸਿਖਲਾਈ ਪ੍ਰਾਪਤ ਕਰਕੇ ਆਤਮ ਨਿਰਭਰ ਬਣਦੀਆਂ ਹਨ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਆਰ.ਕੇ.ਸੈਣੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਈ ਜਾ ਰਹੀ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਵਿਅਕਤੀਆਂ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਅੌਰਤਾਂ ਨੂੰ ਸਵੈ ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਪਿੰਡ ਪੱਧਰ ਤੇ ਵੱਖ ਵੱਖ ਥਾਵਾਂ ’ਤੇ 225 ਸਿਖਲਾਈ ਕੈਂਪ ਲਗਾ ਕੇ 06 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਸਵੈ ਰੁਜ਼ਗਾਰ ਧੰਦਿਆਂ ਦੀ ਸਿਖਲਾਈ ਦਿੱਤੀ ਗਈ ਹੈ। ਜਿਨ੍ਹਾਂ ’ਚੋਂ 4 ਹਜ਼ਾਰ ਤੋਂ ਵੱਧ ਵਿਅਕਤੀਆਂ ਵੱਲੋਂ ਆਪਣੇ ਸਵੈ ਰੁਜ਼ਗਾਰ ਧੰਦੇ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੁਰਾਲੀ ਵਿਖੇ ਅੌਰਤਾਂ ਅਤੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਇੱਕ ਮਹੀਨੇ ਸਿਖਲਾਈ ਮੁਫਤ ਦਿੱਤੀ ਗਈ ਹੈ ਅਤੇ ਇੰਨ੍ਹਾਂ ਦੇ ਤਿੰਨ ਸੈਲਫ ਹੈਲਪ ਗਰੁੱਪ ਬਣਾਏ ਗਏ ਹਨ। ਜਿਨ੍ਹਾਂ ਨੂੰ ਘੱਟ ਵਿਆਜ ਤੇ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਦੁਰਾਲੀ ਵਿਖੇ ਫਾਰਮਰ ਕਲੱਬ ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਡੀ.ਡੀ.ਐਮ. ਨਬਾਰਡ ਸ੍ਰੀ ਸੰਜੀਵ ਸ਼ਰਮਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿੱਚ ਵਿਧਾਇਕ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਗੁਰਚਰਨ ਸਿੰਘ ਭੰਵਰਾ, ਹਰਜਿੰਦਰ ਸਿੰਘ, ਧਰਮਪਾਲ ਸਿੰਘ, ਹੈਪੀ ਸਿੰਘ ਗੁਰਧਿਆਨ ਸਿੰਘ ਸਮੇਤ ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਅੌਰਤਾਂ ਅਤੇ ਲੜਕੀਆਂ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ