nabaz-e-punjab.com

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਮੈਡੀਕਲ ਤੇ ਡੈਂਟਲ ਕਾਲਜਾਂ ਦੀ ਕਾਇਆ ਕਲਪ ਕਰਨ ਲਈ ਕਮੇਟੀ ਦਾ ਗਠਨ

ਕਮੇਟੀ ਵੱਲੋਂ ਅੰਤ੍ਰਿਮ ਰਿਪੋਰਟ 31 ਅਕਤੂਬਰ ਅਤੇ ਅੰਤਿਮ ਰਿਪੋਰਟ 31 ਦਸੰਬਰ ਤੱਕ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਅਗਸਤ:
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ਦਾ ਪੱਧਰ ਉੱਚਾ ਚੁੱਕਣ ਅਤੇ ਕਾਇਆ ਕਲਪ ਕਰਨ ਲਈ ਇੱਕ ਉੱਚ ਪੱਧਰੀ ਯੋਜਨਾ ਤੇ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਹੈ ਕਿਉਂਕਿ ਪਿਛਲੀ ਸਰਕਾਰੀ ਦੀ ਉਦਾਸੀਨਤਾ ਦੇ ਕਾਰਨ ਇਹ ਕਾਲਜ ਬਹੁਤ ਹੀ ਮਾੜੀ ਸਥਿਤੀ ਵਿਚ ਪਹੁੰਚ ਗਏ ਹਨ। ਇਸ ਕਮੇਟੀ ਦੇ ਮੁਖੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਬ੍ਰਹਮ ਮੋਹਿੰਦਰਾ ਹੋਣਗੇ ਜਦਕਿ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਇਸ ਦਾ ਪੈਟਰਨ ਬਣਾਇਆ ਗਿਆ ਹੈ। ਮੈਡੀਕਲ ਕਾਉਂਸਲ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਅਤੇ ਸਲਾਹਕਾਰ ਅਤੇ ਪੀ.ਜੀ.ਆਈ ਦੇ ਡਾਇਰੈਕਟਰ ਕੇ.ਕੇ. ਤਲਵਾੜ ਇਸ ਕਮੇਟੀ ਦੇ ਉਪ ਚੇਅਰਮੈਨ ਹੋਣਗੇ ਜਦਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਇਸ ਦੇ ਐਕਸ-ਓਫੀਸੀਓ ਮੈਂਬਰ ਹੋਣਗੇ।
ਸਰਕਾਰੀ ਬੁਲਾਰੇ ਨੇ ਇੱਥੇ ਦੱਸਿਆ ਕਿ ਇਹ ਕਮੇਟੀ ਆਪਣੀ ਅੰਤ੍ਰਿਮ ਰਿਪੋਰਟ 31 ਅਕਤੂਬਰ, 2017 ਤੱਕ ਜਦਕਿ ਅੰਤਿਮ ਰਿਪੋਰਟ 31 ਦਸੰਬਰ, 2017 ਤੱਕ ਪੇਸ਼ ਕਰੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਕਮੇਟੀ ਬੁਨਿਆਦੀ ਢਾਂਚੇ, ਸਾਜੋ ਸਮਾਨ, ਮਾਨਵੀ ਸਰੋਤਾਂ, ਮਰੀਜਾਂ ਦੀ ਸੰਭਾਲ, ਸਪੈਸ਼ਲਿਸਟ ਕੇਅਰ, ਸੁਪਰ ਸਪੈਸ਼ੈਲਟੀ ਕੇਅਰ, ਇੰਟੈਂਸਿਵ ਕੇਅਰ, ਟਰੌਮਾ ਕੇਅਰ ਅਤੇ ਹਸਪਤਾਲ ਪ੍ਰਬੰਧਨ ਵਿਚ ਸੁਧਾਰ ਕਰਨ ਲਈ ਸੁਝਾਵਾਂ ਅਤੇ ਨਿਗਰਾਨੀ ਕਰਨ ਸਬੰਧੀ ਕਦਮਾਂ ਤੋਂ ਇਲਾਵਾ ਊਣਤਾਈਆਂ ਦੀ ਵੀ ਸ਼ਨਾਖਤ ਕਰੇਗੀ। ਇਹ ਅਧਿਆਪਕਾਂ, ਖੋਜ ਅਤੇ ਕਾਲਜਾਂ ਤੇ ਹਸਪਤਾਲਾਂ ਦੇ ਕੰਮ ਕਾਜ ਵਿਚ ਸੁਧਾਰ ਲਿਆਉਣ ਲਈ ਚੁੱਕੇ ਜਾਣ ਵਾਲੇ ਹੋਰ ਜ਼ਰੂਰੀ ਕਦਮਾਂ ਬਾਰੇ ਵੀ ਸੁਝਾਅ ਦੇਵੇਗੀ। ਇਹ ਕਮੇਟੀ ਮਰੀਜਾਂ ਦੀ ਸੰਭਾਲ, ਅਧਿਆਪਨ ਅਤੇ ਖੋਜ ਦੇ ਸਬੰਧ ਵਿਚ ਜਨਤਕ-ਨਿੱਜੀ ਭਾਈਵਾਲੀ ਦੇ ਮਾਡਲ ਦੀਆਂ ਸੰਭਾਵਨਾਵਾਂ ’ਤੇ ਵੀ ਕੰਮ ਕਰੇਗੀ ਅਤੇ ਇਨ੍ਹਾਂ ਦੇ ਸਮੁੱਚੇ ਸੁਧਾਰ ਵਾਸਤੇ ਥੋੜ੍ਹੀ ਅਤੇ ਲੰਮੀ ਮਿਆਦ ਦੀਆਂ ਵਿਆਪਕ ਕਾਰਜ ਯੋਜਨਾਵਾਂ ਤਿਆਰ ਕਰੇਗੀ।
ਇਸ ਕਮੇਟੀ ਦੇ ਹੋਰਨਾਂ ਮੈਂਬਰਾਂ ਵਿਚ ਸਾਬਕਾ ਪ੍ਰੋਫੈਸਰ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਜਨਕ ਆਰ. ਸਚਦੇਵਾ, ਡਾ. ਅਜਮੇਰ ਸਿੰਘ ਅਤੇ ਡਾ. ਐਫ. ਹਾਂਡਾ (ਦੋਵੇਂ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ), ਪੰਜਾਬ ਮੈਡੀਕਲ ਕਾਉਂਸਲ ਦੇ ਪ੍ਰਧਾਨ ਡਾ. ਏ.ਐਸ. ਸੇਖੋਂ, ਪੰਜਾਬ ਮੈਡੀਕਲ ਕਾਉਂਸਲ ਦੇ ਸਾਬਕਾ ਪ੍ਰਧਾਨ ਡਾ. ਮਨਮੋਹਨ ਸਿੰਘ, ਆਈ.ਐਮ.ਏ ਦੇ ਪ੍ਰਧਾਨ ਸੁਧੀਰ ਵਰਮਾ, ਆਈ.ਐਮ.ਏ ਪੰਜਾਬ ਦੇ ਇਲੈਕਟ-ਪ੍ਰਧਾਨ ਡਾ. ਜਤਿੰਦਰ ਕਾਂਸਲ ਅਤੇ ਆਈ.ਐਮ.ਏ ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਸ਼ਾਮਲ ਹਨ। ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਅਤੇ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਇਸ ਦੇ ਕ੍ਰਮਵਾਰ ਐਕਸ-ਓਫੀਸੀਓ ਮੈਂਬਰ ਅਤੇ ਮੈਂਬਰ ਸਕੱਤਰ ਹੋਣਗੇ। ਮੈਡੀਕਲ ਸੁਪਰਡੰਟ ਅਤੇ ਪ੍ਰਿੰਸੀਪਲ ਸਰਕਾਰੀ ਮੈਡੀਕਲ/ਡੈਂਟਲ ਕਾਲਜ ਇਸ ਦੇ ਕ੍ਰਮਵਾਰ ਐਕਸ-ਓਫੀਸੀਓ ਮੈਂਬਰ ਅਤੇ ਐਕਸ-ਓਫੀਸੀਓ ਮੈਂਬਰ ਕਨਵੀਨਰ ਹੋਣਗੇ।
ਇੱਥੇ ਵਰਨਣਯੋਗ ਹੈ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਨੇ ਅਨੇਕਾਂ ਮਹੱਤਵਪੂਰਨ ਡਾਕਟਰ ਅਤੇ ਸਿਹਤ ਪ੍ਰਸ਼ਾਸਕ ਪੈਦਾ ਕੀਤੇ ਹਨ ਜਿਨ੍ਹਾਂ ਨੇ ਸੂਬੇ ਲਈ ਵੱਡਾ ਨਾਮਣਾ ਖੱਟਿਆ ਹੈ। ਇਨ੍ਹਾਂ ਕਾਲਜਾਂ ਵਿੱਚ ਸਿਖਲਾਈ ਪ੍ਰਾਪਤ ਡਾਕਟਰਾਂ ਨੇ ਨਾ ਕੇਵਲ ਭਾਰਤ ਵਿੱਚ ਸਗੋਂ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਆਦਿ ਦੇਸ਼ਾਂ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ। ਇੱਕ ਸਮੇਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਦੇਸ਼ ਦੀਆਂ ਚੋਟੀ ਦੀਆਂ ਮੈਡੀਕਲ ਸੰਸਥਾਵਾਂ ਵਿੱਚ ਸ਼ਾਮਲ ਸਨ ਪਰ ਸਮੇਂ ਦੇ ਬੀਤਣ ਨਾਲ ਇਨ੍ਹਾਂ ਸੰਸਥਾਵਾਂ ਦੀ ਪੁਰਾਣੀ ਸ਼ਾਨ ਖੁਸ ਗਈ ਅਤੇ ਇਨ੍ਹਾਂ ਦਾ ਦਰਜਾ ਦੇਸ਼ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੇਠ ਆ ਗਿਆ।

Load More Related Articles
Load More By Nabaz-e-Punjab
Load More In Government

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…