ਪੰਜਾਬ ਸਰਕਾਰ ਵੱਲੋਂ 4 ਨਗਰ ਨਿਗਮਾਂ ਤੇ 28 ਨਗਰ ਕੌਂਸਲਾਂ/ਪੰਚਾਇਤਾਂ ਦੇ ਕੰਮਕਾਜ ਲਈ ਅਧਿਕਾਰੀ ਤਾਇਨਾਤ

ਚੋਣਾਂ ਤੱਕ ਕੋਈ ਵੀ ਵਿਕਾਸ ਕੰਮ ਨਹੀਂ ਰੋਕੇਗਾ ਤੇ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਵੇਗੀ: ਨਵਜੋਤ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਸਤੰਬਰ:
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕਿਸੇ ਵੀ ਸ਼ਹਿਰੀ ਨੂੰ ਆਪਣੇ ਰੋਜ਼ਮਰਾ ਦੇ ਕੰਮ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਨੂੰ ਧਿਆਨ ਵਿੱਚ ਰੱਖਦਿਆਂ 4 ਨਗਰ ਨਿਗਮ ਸ਼ਹਿਰਾਂ ਅਤੇ 28 ਨਗਰ ਕੌਂਸਲ ਤੇ ਪੰਚਾਇਤਾਂ ਜਿਨ੍ਹਾਂ ਦੀ ਪੰਜ ਸਾਲ ਦੀ ਮਿਆਦ ਪੁੱਗ ਚੁੱਕੀ ਹੈ, ਉਨ੍ਹਾਂ ਦਾ ਕੰਮਕਾਰ ਚੱਲਦਾ ਰੱਖਣ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ।
ਅੱਜ ਇਥੇ ਸਥਾਨਕ ਸਰਕਾਰਾਂ ਭਵਨ ਵਿਖੇ ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ ਤੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਨਾਲ ਮੀਟਿੰਗ ਉਪਰੰਤ ਮੀਡੀਆ ਨਾਲ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ 4 ਨਗਰ ਨਿਗਮਾਂ ਤੇ 28 ਨਗਰ ਕੌਂਸਲ ਤੇ ਪੰਚਾਇਤਾਂ ਦਾ ਪੰਜ ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਇਨ੍ਹਾਂ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਹਨ ਜਿਸ ਕਾਰਨ ਇਨ੍ਹਾਂ ਸ਼ਹਿਰਾਂ ਵਿੱਚ ਵਿਕਾਸ ਕੰਮਾਂ ਵਿੱਚ ਖੜੋਤ ਨਾ ਆਉਣ ਦੇਣ ਦੇ ਇਰਾਦੇ ਨਾਲ ਚੋਣਾਂ ਕਰਵਾਉਣ ਤੱਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਚੋਣਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਵਿਧਾਇਕ ਸ੍ਰੀ ਪਰਗਟ ਸਿੰਘ ਵੀ ਹਾਜ਼ਰ ਸਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਵਧਦੀ ਵਸੋਂ ਕਾਰਨ 4 ਵੱਡੀਆਂ ਨਗਰ ਨਿਗਮਾਂ ਵਾਲੇ ਸ਼ਹਿਰਾਂ ਦੀ ਵਾਰਡਬੰਦੀ ਲਈ ਨਵਾਂ ਫਾਰਮੂਲਾ ਬਣਾਇਆ ਗਿਆ ਜਿਸ ਨਾਲ ਵਾਰਡਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਵਾਰਡਾਂ ਦੀ ਗਿਣਤੀ 65 ਤੋਂ ਵਧਾ ਕੇ 85, ਜਲੰਧਰ ਵਿਖੇ 60 ਤੋਂ ਵਧਾ ਕੇ 80, ਪਟਿਆਲਾ ਵਿਖੇ 50 ਤੋਂ ਵਧਾ ਕੇ 60 ਅਤੇ ਲੁਧਿਆਣਾ ਵਿਖੇ 75 ਤੋਂ ਵਧਾ ਕੇ ਵਾਰਡਾਂ ਦੀ ਗਿਣਤੀ 95 ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰੋਂ ਨਗਰ ਨਿਗਮ ਸ਼ਹਿਰਾਂ ਵਿੱਚ ਮਿਆਦ ਪੁੱਗ ਜਾਣ ਕਾਰਨ ਸਬੰਧਤ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਇਨ੍ਹਾਂ ਦੇ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਵਿਭਾਗ ਵੱਲੋਂ ਸ਼ਹਿਰਾਂ ਦੀ ਸਾਫ ਸਫਾਈ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਸੋਧਿਆ ਹੋਇਆ ਪਾਣੀ ਸਿੰਜਾਈ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਸਫਾਈ ਲਈ ਸੁਪਰ ਸਕੱਸ਼ਨ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲੇ ਪੜਾਅ ਵਿੱਚ ਦੋ ਸਾਲਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਰੋਡਮੈਪ ਬਣਾਇਆ ਜਾ ਰਿਹਾ ਹੈ ਅਤੇ ਅਗਲੇ ਪੜਾਅ ਵਿੱਚ ਲੰਬੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਹੋਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ 28 ਨਗਰ ਕੌਂਸਲ ਤੇ ਪੰਚਾਇਤਾਂ ਲਈ ਤਾਇਨਾਤ ਕੀਤੇ ਅਧਿਕਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ।
ਇਸ ਸੂਚੀ ਅਨੁਸਾਰ ਬਾਘਾਪੁਰਾਣਾ ਲਈ ਐਸ.ਡੀ.ਐਮ. ਬਾਘਾਪੁਰਾਣਾ, ਮਲੌਦ ਲਈ ਐਸ.ਡੀ.ਐਮ. ਪਾਇਲ, ਹੰਢਿਆਇਆ ਲਈ ਐਸ.ਡੀ.ਐਮ. ਬਰਨਾਲਾ, ਭੀਖੀ ਲਈ ਐਸ.ਡੀ.ਐਮ. ਮਾਨਸਾ, ਸ਼ਾਹਕੋਟ ਲਈ ਐਸ.ਡੀ.ਐਮ. ਸ਼ਾਹਕੋਟ, ਸਾਹਨੇਵਾਲ ਲਈ ਐਸ.ਡੀ.ਐਮ. ਲੁਧਿਆਣਾ ਪੂਰਬੀ, ਮੁੱਲਾਂਪੁਰ ਦਾਖਾ ਲਈ ਐਸ.ਡੀ.ਐਮ. ਲੁਧਿਆਣਾ ਪੱਛਮੀ, ਗੋਰਾਇਆ ਲਈ ਐਸ.ਡੀ.ਐਮ. ਫਿਲੌਰ, ਰਾਜਾਸਾਂਸੀ ਲਈ ਐਸ.ਡੀ.ਐਮ. ਅਜਨਾਲਾ, ਬਲਾਚੌਰ ਲਈ ਐਸ.ਡੀ.ਐਮ. ਬਲਾਚੌਰ, ਭੋਗਪੁਰ ਲਈ ਐਸ.ਡੀ.ਐਮ. ਜਲੰਧਰ-2, ਚੀਮਾ ਲਈ ਐਸ.ਡੀ.ਐਮ. ਸੁਨਾਮ, ਦਿੜ੍ਹਬਾ ਲਈ ਐਸ.ਡੀ.ਐਮ. ਸੁਨਾਮ, ਖਨੌਰੀ ਲਈ ਐਸ.ਡੀ.ਐਮ. ਮੂਨਕ, ਬਰੀਵਾਲਾ ਲਈ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਮੂਨਕ ਲਈ ਐਸ.ਡੀ.ਐਮ. ਮੂਨਕ, ਮੱਖੂ ਲਈ ਐਸ.ਡੀ.ਐਮ. ਜ਼ੀਰਾ, ਮੱਲਾਂਵਾਲਾ ਖਾਸ ਲਈ ਐਸ.ਡੀ.ਐਮ. ਜ਼ੀਰਾ, ਅਮਲੋਹ ਲਈ ਐਸ.ਡੀ.ਐਮ. ਅਮਲੋਹ, ਘੱਗਾ ਲਈ ਐਸ.ਡੀ.ਐਮ. ਪਾਤੜਾਂ, ਧਰਮਕੋਟ ਲਈ ਐਸ.ਡੀ.ਐਮ. ਧਰਮਕੋਟ, ਮਾਹਿਲਪੁਰ ਲਈ ਐਸ.ਡੀ.ਐਮ. ਗੜ੍ਹਸ਼ੰਕਰ, ਮਾਛੀਵਾੜਾ ਲਈ ਐਸ.ਡੀ.ਐਮ. ਸਮਰਾਲਾ, ਖੇਮਕਰਨ ਲਈ ਐਸ.ਡੀ.ਐਮ. ਤਰਨ ਤਾਰਨ, ਤਲਵੰਡੀ ਸਾਬੋ ਲਈ ਐਸ.ਡੀ.ਐਮ. ਤਲਵੰਡੀ ਸਾਬੋ, ਬੇਗੋਵਾਲ ਲਈ ਐਸ.ਡੀ.ਐਮ. ਭੁਲੱਥ, ਢਿਲਵਾਂ ਲਈ ਐਸ.ਡੀ.ਐਮ. ਕਪੂਰਥਲਾ ਤੇ ਭੁਲੱਥ ਲਈ ਐਸ.ਡੀ.ਐਮ. ਭੁਲੱਥ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…