nabaz-e-punjab.com

ਪੰਜਾਬ ਸਰਕਾਰ ਮੁਹਾਲੀ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕਰਨ ਲਈ ਯਤਨਸ਼ੀਲ: ਸਿੱਧੂ

ਵਿੱਤ ਮੰਤਰੀ ਨੇ 2.41 ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ ਕਰਨ ਨੂੰ ਦਿੱਤੀ ਮਨਜ਼ੂਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁਹਾਲੀ ਨੂੰ ਸੂਬੇ ’ਚੋਂ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਯਤਨਸ਼ੀਲ ਹੈ ਅਤੇ ਇਸੇ ਲੜੀ ਤਹਿਤ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਉਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੁਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ 2.41 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ।
ਇੱਥੇ ਜਾਰੀ ਬਿਆਨ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਰਹਿਣ ਦਿੱਤਾ ਜਾਵੇਗਾ, ਜਿੱਥੇ ਬੁਨਿਆਦੀ ਸਹੂਲਤਾਂ ਵਿੱਚ ਕੋਈ ਕਮੀ ਹੋਵੇ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਾਰਡ ਨੰਬਰ-23 ਫੇਜ਼-8 ਪੁਲੀਸ ਕਲੋਨੀ ਵਿੱਚ ਪੇਵਰ ਬਲਾਕ ਲਾਉਣ ਲਈ 21.10 ਲੱਖ ਰੁਪਏ, ਇਸੇ ਕਲੋਨੀ ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਲਈ 4.40 ਲੱਖ ਰੁਪਏ, ਫੇਜ਼-9 ਵਿੱਚ ਪੀਸੀਏ ਸਟੇਡੀਅਮ ਦੇ ਪਿਛਲੇ ਪਾਸੇ ਪਾਰਕਿੰਗ ਵਿੱਚ ਪ੍ਰੀਮਿਕਸ ਪਾਉਣ ਲਈ 31.37 ਲੱਖ ਰੁਪਏ, ਕਮਾਂਡੋ ਕੰਪਲੈਕਸ ਫੇਜ਼-11 ਦੀਆਂ ਵੱਖ ਵੱਖ ਗਲੀਆਂ ਵਿੱਚ ਪ੍ਰੀਮਿਕਸ ਪਾਉਣ ਲਈ 23.71 ਲੱਖ ਰੁਪਏ, ਸੈਕਟਰ-66 ਵਿੱਚ ਮੰਡੀ ਬੋਰਡ ਕਲੋਨੀ ਦੀਆਂ ਵੱਖ ਵੱਖ ਗਲੀਆਂ ਵਿੱਚ ਪ੍ਰੀਮਿਕਸ ਪਾਉਣ ਵਾਸਤੇ 3.98 ਲੱਖ ਰੁਪਏ ਮਨਜ਼ੂਰ ਕੀਤੇ ਹਨ।
ਸਿਹਤ ਮੰਤਰੀ ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਸਿਫ਼ਾਰਸ਼ ’ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਹਾਲੀ ਦੇ ਫੇਜ਼-10 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਪ੍ਰੀਮਿਕਸ ਪਾਉਣ ਲਈ 41.67 ਲੱਖ ਰੁਪਏ ਮਨਜ਼ੂਰ ਕੀਤੇ ਹਨ। ਇਸ ਤੋਂ ਇਲਾਵਾ ਫੇਜ਼-1 ਇੰਡਸਟਰੀ ਏਰੀਆ ਦੀ ਪੁਲੀਸ ਕਲੋਨੀ ਵਿੱਚ ਪ੍ਰੀਮਿਕਸ ਲਈ 2.62 ਲੱਖ ਰੁਪਏ ਅਤੇ ਐਲਈਡੀ ਸਟਰੀਟ ਲਾਈਟਾਂ ਲਈ 2.51 ਲੱਖ ਰੁਪਏ, ਕਮਾਂਡੋ ਕੰਪਲੈਕਸ ਫੇਜ਼-11 ਵਿੱਚ ਐਲ.ਈ.ਡੀ. ਸਟਰੀਟ ਲਾਈਟਾਂ ਤੇ ਪਾਰਕ ਲਾਈਟਾਂ ਲਈ 7.01 ਲੱਖ ਰੁਪਏ ਮਨਜ਼ੂਰ ਕੀਤੇ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਕਾਲੀ ਮਾਤਾ ਮੰਦਰ ਫੇਜ਼-6 ਨੇੜੇ ਮੁੱਖ ਸੜਕ ’ਤੇ ਪਾਰਕ ਲਾਈਟਾਂ ਲਵਾਉਣ ਲਈ ਸੂਬਾ ਸਰਕਾਰ ਨੇ 2.18 ਲੱਖ ਰੁਪਏ ਅਤੇ ਮੰਦਰ ਨੇੜੇ ਪਾਰਕ ਬਣਾਉਣ ਲਈ 26.25 ਲੱਖ ਰੁਪਏ, ਐਚਆਈਜੀ ਫਲੈਟ ਫੇਜ਼-2 ਦੇ ਪਿੱਛੇ ਪਿੰਡ ਮਦਨਪੁਰ ਦੀ ਫਿਰਨੀ ’ਤੇ ਪਾਰਕ ਬਣਾਉਣ ਲਈ 71.07 ਲੱਖ ਰੁਪਏ ਅਤੇ ਇਸ ਫਿਰਨੀ ’ਤੇ ਪਾਰਕ ਲਾਈਟਾਂ ਲਵਾਉਣ ਲਈ 3.45 ਲੱਖ ਰੁਪਏ ਮਨਜ਼ੂਰ ਕੀਤੇ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੋਹਨ ਸਿੰਘ ਬਠਲਾਣਾ, ਜੀਐਸ ਰਿਆੜ, ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…