nabaz-e-punjab.com

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਸਿੱਧੂ

ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਬਣਾਈ ਜਾ ਰਹੀ ਹੈ ਇੱਕ ਵੱਖਰੀ ਵਿਸ਼ੇਸ਼ ਨੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ-2018 ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੇ ਸੂਬਾਈ ਖੇਡ ਪੁਰਸਕਾਰ ਭੇਟ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਵੀ ਇੱਕ ਵੱਖਰੀ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਹੁ ਮੰਤਵੀ ਖੇਡ ਭਵਨ ਸੈਕਟਰ-78 ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਕਰਦਿਆਂ ਕੀਤਾ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਵਿਆਪਕ ਖੇਡ ਨੀਤੀ ਨੂੰ ਅਮਲ ਵਿਚ ਲਿਆਂਦਾ ਹੈ। ਜਿਸ ਨਾਲ ਪੰਜਾਬ ਵਿਚ ਖੇਡਾਂ ਦੇ ਖੇਤਰ ਨੂੰ ਉਤਸ਼ਾਹ ਮਿਲੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਹਤਰੀਨ ਕੋਚਿੰਗ ਸਹੂਲਤਾਂ ਦੇ ਨਾਲ-ਨਾਲ ਉੱਚ ਦਰਜੇ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਸੂਬੇ ਨੂੰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਸਿਖਰਾਂ ਤੇ ਲਿਜਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈ ਰਹੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੀ ਤਰੱਕੀ ਲਈ ਵਚਨਬੱਧ ਹੈ ਤੇ ਪੰਜਾਬ ਦੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਖੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਅੰਡਰ-14, ਅੰਡਰ-18 ਅਤੇ ਅੰਡਰ-25 ਸਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਇਨ੍ਹਾਂ ਵਿਚੋਂ ਰਾਜ ਪੱਧਰੀ ਖੇਡਾਂ ਵਿਚ ਹਿੱਸਾ ਲੈਣ ਲਈ ਖਿਡਾਰੀਆਂ/ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਅੰਡਰ-14 ਉਮਰ ਵਰਗ ਦੇ ਮੁਕਾਬਲੇ 12 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਚੱਲਣਗੇ ਅਤੇ ਇਸ ਉਮਰ ਵਰਗ ਦੇ ਅਥਲੈਟਿਕਸ, ਮੁੱਕੇਬਾਜ਼ੀ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਫੁੱਟਬਾਲ, ਹੈਂਡਬਾਲ, ਜਿਮਨਾਸਟਿਕ (ਰਿਧਮਿਕ), ਕੁਸ਼ਤੀ (ਸਿਰਫ ਲੜਕੇ), ਟੇਬਲ ਟੈਨਿਸ, ਵਾਲੀਬਾਲ, ਤੈਰਾਕੀ, ਖੋ-ਖੋ ਅਤੇ ਸਕੈਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੰਡਰ-18 ਉਮਰ ਵਰਗ ਦੇ 16 ਅਕਤੂਬਰ ਤੋਂ 18 ਅਕਤੂਬਰ ਤੱਕ ਅਥਲੈਟਿਕਸ, ਮੁੱਕੇਬਾਜ਼ੀ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਫੁੱਟਬਾਲ, ਹੈਂਡਬਾਲ, ਜਿਮਨਾਸਟਿਕ (ਰਿਧਮਿਕ), ਕੁਸ਼ਤੀ (ਸਿਰਫ ਲੜਕੇ), ਟੇਬਲ ਟੈਨਿਸ, ਵਾਲੀਬਾਲ, ਤੈਰਾਕੀ, ਖੋ-ਖੋ, ਸਕੈਟਿੰਗ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅੰਡਰ-25 ਉਮਰ ਵਰਗ ਦੇ 26 ਅਕਤੂਬਰ ਤੋਂ 28 ਅਕਤੂਬਰ ਤੱਕ ਅਥਲੈਟਿਕਸ, ਮੁੱਕੇਬਾਜ਼ੀ , ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਫੁੱਟਬਾਲ, ਹੈਂਡਬਾਲ, ਜਿਮਨਾਸਟਿਕ (ਰਿਧਮਿਕ), ਕੁਸ਼ਤੀ (ਸਿਰਫ ਲੜਕੇ), ਟੇਬਲ ਟੈਨਿਸ, ਵਾਲੀਬਾਲ, ਤੈਰਾਕੀ, ਖੋ-ਖੋ, ਸਕੈਟਿੰਗ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਉਦਘਾਟਨੀ ਸਮਾਗਮ ਦੌਰਾਨ ਐਸਡੀਐਮ ਜਗਦੀਪ ਸਹਿਗਲ, ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਤਪਾਲ ਸਿੰਘ ਸਮੇਤ ਵੱਡੀ ਗਿਣਤੀ ਖਿਡਾਰੀ, ਕੋਚ ਅਤੇ ਖੇਡ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…