ਘਰ-ਘਰ ਰੁਜ਼ਗਾਰ: ਪੰਜਾਬ ਸਰਕਾਰ ਨੇ ਠੇਕੇ ’ਤੇ ਕਰਮਚਾਰੀ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ

1244 ਸਫ਼ਾਈ ਕਰਮਚਾਰੀ ਤੇ 19 ਸੈਨੇਟਰੀ ਜਮਾਦਾਰਾਂ ਤੇ 67 ਸੀਵਰਮੈਨਾਂ ਦੀ ਸਿੱਧੀ ਭਰਤੀ ਦਾ ਰਾਹ ਪੱਧਰਾ

ਸਤੰਬਰ ਦੇ ਪਹਿਲੇ ਹਫ਼ਤੇ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਦੇ ਕੇ ਨੌਕਰੀ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ: ਮੇਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਘਰ-ਘਰ ਰੁਜ਼ਗਾਰ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਨੇ ਮੁਹਾਲੀ ਨਗਰ ਨਿਗਮ ਨੂੰ ਠੇਕਾ ਪ੍ਰਣਾਲੀ ਰਾਹੀਂ ਕਰਮਚਾਰੀਆਂ ਦੀ ਸਿੱਧੀ ਭਰਤੀ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 3 ਅਗਸਤ ਨੂੰ ਨਗਰ ਨਿਗਮ ਮੀਟਿੰਗ ਵਿੱਚ 1244 ਸਫ਼ਾਈ ਸੇਵਕਾਂ, 19 ਸੈਨੇਟਰੀ ਜਮਾਦਾਰਾਂ ਅਤੇ 67 ਸੀਵਰਮੈਨਾਂ ਦੀ ਠੇਕੇ ’ਤੇ ਸਿੱਧੀ ਭਰਤੀ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ। ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਸਿੱਧੀ ਭਰਤੀ ਦਾ ਅਮਲ ਛੇਤੀ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਸਤੰਬਰ ਦੇ ਪਹਿਲੇ ਹਫ਼ਤੇ ਵੱਖ-ਵੱਖ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਜਾਰੀ ਕਰਕੇ ਉਕਤ ਅਸਾਮੀਆਂ ਲਈ ਨੌਕਰੀ ਦੇ ਚਾਹਵਾਨ ਵਿਅਕਤੀਆਂ ਕੋਲੋਂ ਅਰਜ਼ੀਆਂ ਮੰਗੀਆਂ ਜਾਣਗੀਆਂ।
ਜਿਸ ਦੇ ਚੱਲਦਿਆਂ ਸਫ਼ਾਈ ਸੇਵਕਾਂ ਦੀਆਂ 884 ਅਤੇ ਸੈਨੇਟਰੀ ਜਮਾਦਾਰਾਂ ਦੀਆਂ 17 ਹੋਰ ਅਸਾਮੀਆਂ ਨੂੰ ਮਨਜ਼ੂਰੀ ਦੇ ਕੇ ਲੋੜ ਅਨੁਸਾਰ ਕਰਮਚਾਰੀ ਭਰਤੀ ਕੀਤੇ ਜਾਣਗੇ। ਇਸ ਨਾਲ ਸ਼ਹਿਰ ਦੀ ਸਫ਼ਾਈ ਅਤੇ ਜਨਤਕ ਪਖਾਨਿਆਂ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਕੋਲ ਕੰਮ ਕਰਦੇ ਕਰਮਚਾਰੀਆਂ ਦੀ ਠੇਕੇ ’ਤੇ ਸਿੱਧੀ ਭਰਤੀ ਕਰਨ ਦੀ ਮੰਗ ਵੀ ਪੂਰੀ ਹੋ ਜਾਵੇਗੀ ਅਤੇ ਇਸ ਨਾਲ ਨਗਰ ਨਿਗਮ ਦੇ ਕੰਮਾਂ ਅਤੇ ਸਫ਼ਾਈ ਵਿਵਸਥਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਵੱਲੋਂ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰਦੇ ਕਰਮਚਾਰੀਆਂ ਥਾਂ ਫਾਇਰਮੈਨਾਂ, ਡਰਾਈਵਰਾਂ, ਚਪੜਾਸੀ ਅਤੇ ਕਲਰਕਾਂ ਦੀ ਠੇਕੇ ’ਤੇ ਸਿੱਧੀ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਦਰਸ਼ੀ ਢੰਗ ਨਾਲ ਕਰਮਚਾਰੀਆਂ ਦੀ ਸਿੱਧੀ ਭਰਤੀ ਕੀਤੀ ਜਾਵੇਗੀ ਅਤੇ ਵਿਚੋਲਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਸੈੱਲ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਗੜਬੜੀ ਬਿਲਕੁਲ ਸਹਿਣ ਨਹੀਂ ਕੀਤੀ ਜਾਵੇਗੀ। ਮੇਅਰ ਨੇ ਦੱਸਿਆ ਕਿ ਨਗਰ ਨਿਗਮ ਦੇ ਕੰਮਾਂ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਲਈ ਲੋੜ ਅਨੁਸਾਰ ਨਵੇਂ ਵਾਹਨਾਂ ਦੀ ਖ਼ਰੀਦ ਕੀਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਅਤੇ ਰੈਜ਼ੀਡੈਂਟ ਵੈਲਫੇਅਰ ਅੇਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਕੇ ਵਿਕਾਸ ਦਾ ਏਜੰਡਾ ਤਿਆਰ ਕੀਤਾ ਜਾਵੇਗਾ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਵਿਕਾਸ ਕੰਮ ਛੇਤੀ ਨੇਪਰੇ ਚੜ੍ਹਨ ਨੂੰ ਤਰਜ਼ੀਹ ਦਿੱਤੀ ਜਾਵੇਗੀ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…