ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਬਾਰੇ ਨੋਟੀਫਿਕੇਸ਼ਨ ਜਾਰੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਅਪਰੈਲ:
ਹਾਲਾਂਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਕੰਮ ਸ਼ੁਰੂ ਕਰ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦਾ ਬਕਾਇਦਾ ਢਾਂਚਾ ਬਣਾ ਕੇ ਇਸ ਦੀ ਕਾਰਜ ਪ੍ਰਣਾਲੀ ਨੂੰ ਤੈਅ ਕੀਤਾ ਹੈ। ਇਸ ਨੂੰ ਸੌਂਪੀ ਗਈ ਵੱਡੀ ਜ਼ਿਮੇਵਾਰੀ ਅਤੇ ਨਿਰਧਾਰਤ ਸਮਾਂ-ਸੀਮਾ ਦੇ ਸਨਮੁਖ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਐਸਟੀਐਫ ਨੇ ਇਸ ਰਸਮੀ ਨੋਟੀਫਿਕੇਸ਼ਨ ਦੀ ਉਡੀਕ ਕੀਤੇ ਬਗੈਰ ਆਪਣਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮੁੱਖ ਮੰਤਰੀ ਨੇ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਸਿੱਧੂ ਨੂੰ ਖੁੱਲ੍ਹਾ ਹੱਥ ਦਿੱਤਾ ਹੋਇਆ ਹੈ। ਪਰ ਗ੍ਰਹਿ ਵਿਭਾਗ ਨੇ ਹੁਣ ਇਸ ਐਸ.ਟੀ.ਐਫ. ਦਾ ਢਾਂਚਾ ਨਿਰਧਾਰਤ ਕਰਕੇ ਇਸ ਦੇ ਕੰਮਕਾਜ ਨੂੰ ਹੋਰ ਸਹੂਲਤ ਦੇ ਦਿੱਤੀ ਹੈ।
ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਐਸ.ਟੀ.ਐਫ. ਨੂੰ ਨਸ਼ੇ ਦੇ ਪੀੜਤਾਂ ਦੇ ਮੁੜ ਵਸੇਬੇ, ਨਸ਼ੇ ਦੇ ਆਦੀਆਂ ਨਾਲ ਹਮਦਰਦੀ ਨਾਲ ਪੇਸ਼ ਆਉਣ ਅਤੇ ਇਸ ਅਲਾਮਤ ਖਿਲਾਫ਼ ਜਨ ਚੇਤਨਾ ਮੁਹਿੰਮ ਰਾਹੀਂ ਲੋਕਾਂ ਨੂੰ ਨਾਗਿਰਕਾਂ ਦੀ ਦਿਨ-ਬ-ਦਿਨ ਜ਼ਿੰਦਗੀ ’ਚੋਂ ਇਸ ਕੋਹੜ ਦੇ ਖਾਤਮੇ ਲਈ ਪ੍ਰੇਰਿਤ ਕਰਨਾ ਸ਼ਾਮਲ ਹੈ। ਇਸ ਮੰਤਵ ਲਈ ਐਸ.ਟੀ.ਐਫ. ਨੀਤੀਆਂ ਘੜੇਗੀ ਅਤੇ ਨਸ਼ੇ ਦੇ ਤਸਕਰਾਂ ਖਿਲਾਫ਼ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੇਗੀ, ਨਸ਼ੇ ਦੀ ਅਲਾਮਤ ਨੂੰ ਖਤਮ ਕਰੇਗੀ, ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਕਦਮ ਚੁੱਕੇਗੀ ਅਤੇ ਹੋਰ ਸਰਕਾਰੀ ਏਜੰਸੀਆਂ ਤੇ ਸਥਾਨਕ ਪੁਲੀਸ ਨਾਲ ਤਾਲਮੇਲ ਕਰਕੇ ਇਸ ਉਦੇਸ਼ ਨੂੰ ਪੂਰਾ ਕਰੇਗੀ। ਇਸ ਮਕਸਦ ਲਈ ਐਸ.ਟੀ.ਐਫ. ਜ਼ਿਲ੍ਹਾ ਪੁਲੀਸ, ਜੀ.ਆਰ.ਪੀ. ਅਤੇ ਹੋਰ ਪੁਲੀਸ ਯੂਨਿਟਾਂ ਨਾਲ ਸੰਪਰਕ ਕਰਕੇ ਆਪਣੇ ਅਧਿਕਾਰ ਖੇਤਰ ਹੇਠ ਕੇਸਾਂ ਨੂੰ ਦਰਜ ਕਰੇਗੀ, ਜਾਂਚ ਕੇਰਗੀ ਅਤੇ ਨਿਰੀਖਣ ਵੀ ਕਰੇਗੀ। ਇਸ ਤੋਂ ਇਲਾਵਾ ਐਸਟੀਐਫ ਇਸ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਪਾਏ ਗਏ ਪੁਲੀਸ, ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕਰੇਗੀ। ਇਸੇ ਤਰ੍ਹਾਂ ਪੁਲੀਸ ਤੇ ਹੋਰ ਸਰਕਾਰੀ ਮਹਿਕਮਿਆਂ ਰਾਹੀਂ ਇਹ ਐਸ.ਟੀ.ਐਫ. ਤਕਨੀਕੀ/ਮਨੁੱਖੀ ਇੰਟੈਲੀਜੈਂਸ ਦਾ ਢਾਂਚਾ ਤਿਆਰ ਕਰਕੇ ਕਾਨੂੰਨ ਅਨੁਸਾਰ ਨਸ਼ੇ ਦੇ ਤਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਏਗੀ ਅਤੇ ਇਸ ਕਾਰੋਬਾਰ ’ਤੇ ਨਜ਼ਰ ਰੱਖੇਗੀ।
ਇਸੇ ਤਰ੍ਹਾਂ ਐਸ.ਟੀ.ਐਫ. ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਅੰਕੜਿਆਂ ਦੀ ਘੋਖ ਕਰੇਗੀ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹੋਈਆਂ ਹਦਾਇਤਾਂ ਦੇ ਸਨਮੁਖ ਇਸ ਕਾਰਜ ਨੂੰ ਕਰਦੇ ਹੋਏ ਸੂਬਾ ਸਰਕਾਰ ਨੂੰ ਇਸ ਸਬੰਧੀ ਨੀਤੀ ਵਿੱਚ ਲੋੜੀਂਦੇ ਬਦਲਾਅ ਬਾਰੇ ਸਿਫਾਰਸ਼ ਕਰੇਗੀ। ਇਸੇ ਤਰ੍ਹਾਂ ਨਾਰਕੋਟਿਕ ਡਰੱਗਜ਼ ਅਤੇ ਸਾਇਕੋਟ੍ਰੋਪਿਕ ਸਬਸਟੈਂਸਿਜ਼ ਐਕਟ, 1985 ਅਤੇ ਇਸ ਨਾਲ ਸਬੰਧਤ ਫੌਜਦਾਰੀ ਤੇ ਅਪਰਾਧਕ ਕਾਨੂੰਨ ਜੋ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਲਈ ਲੋੜੀਂਦੇ ਹਨ, ਦੇ ਅਮਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਸਾਰੇ ਸਬੰਧਤ ਅਪਰਾਧਿਕ ਤੇ ਫੌਜਦਾਰੀ ਕਾਨੂੰਨ ਦੀ ਸਖ਼ਤ ਪਾਲਣਾ ਲਈ ਇਹ ਐਸ.ਟੀ.ਐਫ. ਜ਼ਿਲ੍ਹਾ ਪੁਲੀਸ ਤੇ ਹੋਰ ਪੁਲਸ ਯੂਨਿਟਾਂ ਨੂੰ ਸੇਧ, ਤਾਲਮੇਲ ਅਤੇ ਨਿਗਰਾਨੀ ਕਰੇਗੀ।
ਇਸੇ ਤਰ੍ਹਾਂ ਐਸ.ਟੀ.ਐਫ. ਭਾਰਤ ਸਰਕਾਰ ਦੇ ਪੱਧਰ ’ਤੇ ਗ੍ਰਹਿ ਮੰਤਰਾਲੇ, ਨਾਰਕੋਟਿਕ ਕੰਟਰੋਲ ਬਿਊਰੋ, ਇਨਫੋਰਸਮੈਂਟ ਡਾਇਰੈਕਟੋਰੇਟ, ਇੰਟੈਲੀਜੈਂਸ ਬਿਊਰੋ, ਕੈਬਨਿਟ ਸਕੱਤਰੇਤ ਅਤੇ ਹੋਰਾਂ ਨਾਲ ਵੀ ਐਨ.ਡੀ.ਪੀ.ਐਸ. ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤਾਲਮੇਲ ਕਰੇਗੀ। ਇਸੇ ਤਰ੍ਹਾਂ ਇਹ ਐਸ.ਟੀ.ਐਫ. ਲੋਕਾਂ ਵਿੱਚ ਨਸ਼ੇ ਦੀ ਅਲਾਮਤ ਦੇ ਖਿਲਾਫ਼ ਜਾਗਰੂਕਤਾ ਫੈਲਾਏਗੀ ਅਤੇ ਇਸ ਵੱਡੀ ਜੰਗ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗੀ। ਇਸ ਨੋਟੀਫਿਕੇਸ਼ ਅਨੁਸਾਰ ਐਸ.ਟੀ.ਐਫ. ਨਸ਼ੇ ਦੇ ਵੱਡੇ ਤਸਕਰਾਂ ਤੇ ਡੀਲਰਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ ਤਾਂ ਜੋ ਸੂਬੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ ਜਦਕਿ ਨਸ਼ੇ ਦੇ ਗਰੀਬ ਖਪਤਕਾਰਾਂ ਨਾਲ ਹਮਦਰਦੀ ਨਾਲ ਪੇਸ਼ ਆਇਆ ਜਾਵੇਗਾ ਤਾਂ ਜੋ ਉਹ ਸਮਾਜਿਕ ਤੇ ਆਰਥਿਕ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਆ ਸਕਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…