
ਜੰਗਲਾਤ ਅਧੀਨ ਰਕਬੇ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਯਤਨਸ਼ੀਲ: ਕਟਾਰੂਚੱਕ
ਪੰਜਾਬ ਵਿੱਚ ‘ਨਾਨਕ ਬਗੀਚੀ’ ਤੇ ‘ਪਵਿੱਤਰ ਵਣ’ ਵਿੱਚ ਫਲਦਾਰ ਰੁੱਖ ਲਗਾਉਣ ’ਤੇ ਜ਼ੋਰ
ਜੰਗਲਾਤ ਵਿਭਾਗ ਨੇ 2024-25 ਦੌਰਾਨ ਵੱਖ-ਵੱਖ ਕੰਮਾਂ ’ਤੇ 155 ਕਰੋੜ ਖ਼ਰਚ ਕੀਤੇ: ਕਟਾਰੂਚੱਕ
ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਰਕਬੇ ਨੂੰ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਯਕੀਨੀ ਬਣਾਇਆ ਜਾ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਪ੍ਰਾਜੈਕਟ ਚਲਾਏ ਜਾ ਰਹੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਸੈਕਟਰ-68 ਸਥਿਤ ਵਣ ਭਵਨ ਵਿਖੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਅਤੇ 2025-26 ਵਿੱਚ ਸ਼ੁਰੂ ਕੀਤੇ ਜਾਣ ਵਾਲੇ ਭਵਿੱਖਮੁਖੀ ਕਾਰਜਾਂ ਦੀ ਸਮੀਖਿਆ ਕੀਤੀ।
ਮੌਜੂਦਾ ਸੀਜ਼ਨ ਦੌਰਾਨ ਲਗਪਗ 1 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਇਸ ਸਬੰਧੀ ਮੰਤਰੀ ਨੇ ਅਧਿਕਾਰੀਆਂ ਨੂੰ ਪੌਦਿਆਂ ਦੀ ਸਹੀ ਦੇਖਭਾਲ ਅਤੇ ਰੱਖ-ਰਖਾਓ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਰੁੱਖਾਂ ਦੀ ਗਣਨਾ ਬਾਰੇ ਮੰਤਰੀ ਨੂੰ ਦੱਸਿਆ ਗਿਆ ਕਿ ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸੜਕਾਂ ਅਤੇ ਨਹਿਰਾਂ ਦੇ ਕੰਢਿਆਂ ’ਤੇ ਖੜ੍ਹੇ ਰੁੱਖਾਂ ਸਬੰਧੀ ਹਰ 5 ਸਾਲਾਂ ਬਾਅਦ ਕੀਤੀ ਜਾਂਦੀ ਹੈ।
ਕਟਾਰੂਚੱਕ ਨੇ ‘ਨਾਨਕ ਬਗੀਚੀਆਂ ’ਅਤੇ ‘ਪਵਿੱਤਰ ਵਣਾਂ’ ਵਿੱਚ ਜ਼ਾਮਨ, ਬੋਹੜ ਅਤੇ ਆਂਵਲਾ ਵਰਗੇ ਹੋਰ ਫਲਦਾਰ ਰੁੱਖ ਲਗਾਉਣ ਦੇ ਨਿਰਦੇਸ਼ ਦਿੱਤੇ ਅਤੇ ਵੀਸੀ ਦੌਰਾਨ ਮੀਟਿੰਗ ਦਾ ਹਿੱਸਾ ਬਣੇ ਡੀਐਫ਼ਓਜ਼ ਨੂੰ ਹਾਈਵੇਅ ਦੇ ਨਾਲ ਪੌਦੇ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਾਤਾਵਰਨ ਪਾਰਕਾਂ ਨੂੰ ਵਿਕਸਿਤ ਕਰਨ ਅਤੇ ਜੰਗਲੀ ਜੀਵ ਰੱਖਾਂ ਜਿਵੇਂ ਕਥਲੌਰ ਜੰਗਲੀ ਜੀਵ ਰੱਖ, ਸੋਹੀਆਂ ਬੀੜ ਖੇਤਰ ਅਤੇ ਬਮਿਆਲ ਵਰਗੇ ਹੋਰ ਸੁੰਦਰ ਸਥਾਨਾਂ ’ਤੇ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇ।
ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ 2024-25 ਦੌਰਾਨ ਵੱਖ-ਵੱਖ ਕੰਮਾਂ ’ਤੇ ਲਗਭਗ 155 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

ਪੌਦੇ ਲਗਾਉਣ ਦੇ ਕੰਮਾਂ ਦੇ ਨਾਲ-ਨਾਲ ਮਹਿਲਾ ਮੁਲਾਜ਼ਮਾਂ ਦੀ ਸਹੂਲਤ ਲਈ ਸੂਬੇ ਦੀਆਂ ਨਰਸਰੀਆਂ ਵਿੱਚ ਪਖਾਨੇ ਬਣਾਏ ਗਏ ਹਨ। ਜਦੋਂਕਿ ਸਾਲ 2023-24 ਦੌਰਾਨ 100 ਨਰਸਰੀਆਂ, 2024-25 ਸੀਜ਼ਨ ਦੌਰਾਨ 78 ਨਰਸਰੀਆਂ ਵਿੱਚ ਪਖਾਨੇ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਬਾਕੀ ਰਹਿੰਦੀਆਂ ਨਰਸਰੀਆਂ ਵਿੱਚ ਵੀ ਪਖਾਨਿਆਂ ਦਾ ਨਿਰਮਾਣ ਪੂਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਪ੍ਰਮੁੱਖ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਸੀਈਓ ਸੌਰਵ ਗੁਪਤਾ ਅਤੇ ਏਪੀਸੀਸੀਐਫ਼ (ਪ੍ਰਸ਼ਾਸਨ) ਬਸੰਤ ਰਾਜ ਕੁਮਾਰ ਮੌਜੂਦ ਸਨ।