ਪੰਜਾਬ ਸਰਕਾਰ ਨੇ ਕੋਵਿਡ-19 ਲਈ ਰੈਪਿਡ ਟੈਸਟਿੰਗ ਸਹੂਲਤ ਦੀ ਡੇਰਾਬੱਸੀ ਤੋਂ ਕੀਤੀ ਸ਼ੁਰੂਆਤ

ਸਿਹਤ ਮੰਤਰੀ ਨੇ ਸਕ੍ਰੀਨਿੰਗ ਸੁਰੂ ਕਰਨ ਲਈ 500 ਰੈਪਿਡ ਟੈਸਟਿੰਗ ਕਿੱਟਾਂ ਸੌਂਪੀਆਂ

ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 14 ਅਪਰੈਲ:
ਕੋਵੀਡ-19 ਵਿਰੁੱਧ ਆਪਣੀ ਲੜਾਈ ਨੂੰ ਅਗਲੇ ਪੜਾਅ ’ਤੇ ਲਿਜਾਂਦਿਆਂ, ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਡੇਰਾਬੱਸੀ, ਮੁਹਾਲੀ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਇਸ ਸਹੂਲਤ ਦੀ ਸ਼ੁਰੂਆਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਕਰੀਨਿੰਗ ਲਈ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ 500 ਰੈਪਿਡ ਟੈਸਟਿੰਗ ਕਿੱਟਾਂ ਨੂੰ ਸੌਂਪਦਿਆਂ ਕੀਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਇੰਨੀਆਂ ਹੀ ਕਿੱਟਾਂ ਜ਼ਿਲ੍ਹਾ ਜਲੰਧਰ ਨੂੰ ਦਿੱਤੀਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਆਈਸੀਐਮਆਰ ਵੱਲੋਂ ਹੋਰ ਕਿੱਟਾਂ ਪ੍ਰਾਪਤ ਕਰਨ ਨਾਲ ਸੂਬੇ ਦੇ ਸਾਰੇ 17 ਹਸਪਤਾਲਾਂ ਨੂੰ ਪੜਾਅਵਾਰ ਢੰਗ ਨਾਲ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਦੀ ਵਿਸੇਸਤਾ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਮੌਕੇ ‘ਤੇ ਹੀ ਸੱਕੀ ਮਾਮਲਿਆਂ ਦੀ ਜਲਦ/ ਤੇਜ ਜਾਂਚ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਟੈਸਟ ਸਿਰਫ ਖੂਨ ਦੇ ਨਮੂਨੇ ਲੈ ਕੇ ਕੀਤਾ ਜਾਂਦਾ ਹੈ ਅਤੇ ਨਤੀਜਾ 15 ਮਿੰਟਾਂ ਵਿਚ ਉਪਲਬਧ ਹੁੰਦਾ ਹੈ। ਇਹ ਟੈਸਟ ਸੁਰੂ ਵਿਚ ਸਰਕਾਰੀ ਸਿਹਤ ਸੰਸਥਾਨਾਂ ਦੇ ਫਲੂ ਕਾਰਨਰਾਂ ਵਿਚ ਆਉਣ ਵਾਲੇ ਸਾਰੇ ਮਰੀਜਾਂ ਲਈ ਕੀਤਾ ਜਾਏਗਾ, ਜਿਨ੍ਹਾਂ ਵਿੱਚ ਲੱਛਣ ਸੱਤ ਦਿਨਾਂ ਤੋਂ ਜ਼ਿਆਦਾ ਪਾਏ ਜਾਂਦੇ ਹਨ। ਇਸ ਤੋਂ ਬਾਅਦ, ਪਾਜੇਟਿਵ ਪਾਏ ਗਏ ਨਮੂਨਿਆਂ ਨੂੰ ਹੋਰ ਜਾਂਚ ਲਈ ਭੇਜਿਆ ਜਾਵੇਗਾ। ਇਹ ਵਿਲੱਖਣ ਪਹਿਲਕਦਮੀ ਸੰਭਾਵਿਤ ਮਾਮਲਿਆਂ ਦੇ ਅਸਲ ਸਮੇਂ ਦੇ ਮੁਲਾਂਕਣ ਵਿਚ ਵੱਡੀ ਸਹਾਇਤਾ ਕਰੇਗੀ ਅਤੇ ਸਮੇਂ ਦੀ ਬਚਤ ਵੀ ਕਰੇਗੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਆਈਸੀਐਮਆਰ ਤੋਂ ਅਜਿਹੀਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦਾ ਆਰਡਰ ਦਿੱਤਾ ਹੈ ਅਤੇ ਓਪਨ ਮਾਰਕੀਟ ’ਚੋਂ ਹੋਰ 10 ਹਜ਼ਾਰ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਫੈਲਣ ਨੂੰ ਨਿਯੰਤਰਣ ਕਰਨ ਲਈ ਟੈਸਟ ਮਹੱਤਵਪੂਰਨ ਹਨ ਅਤੇ ਸਰਕਾਰ ਅਗਲੇ ਕੁਝ ਦਿਨਾਂ ਵਿੱਚ ਆਪਣੀਆਂ ਜਾਂਚ ਸਹੂਲਤਾਂ, ਜਿਸ ਵਿੱਚ ਰੈਪਿਡ ਟੈਸਟਿੰਗ ਵੀ ਸ਼ਾਮਲ ਹੈ, ਵਿੱਚ ਤੇਜੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਪ੍ਰਧਾਨ ਮੰਤਰੀ ਦੇ 3 ਮਈ ਤੱਕ ਦੇਸ ਭਰ ਵਿੱਚ ਤਾਲਾਬੰਦੀ ਵਧਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਾਲਾਬੰਦੀ ਨੂੰ ਵਧਾਉਂਦਿਆਂ ਪੰਜਾਬ ਸਰਕਾਰ ਦੇ ਫੈਸਲੇ ’ਤੇ ਮਨਜ਼ੂਰੀ ਦੀ ਮੋਹਰ ਲਗਾਈ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਨਿਯੰਤਰਨ ਯੋਜਨਾ ਵਿੱਚ ਹੋਰ ਨਵੀਨਤਮ ਖੋਜਾਂ ਨਾਲ ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਮਜ਼ਬੂਤੀ ਦੇਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਘਰਾਂ ਦੇ ਅੰਦਰ ਹੀ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਤੋਂ ਇਲਾਵਾ ਸਾਰੀਆਂ ਲੋੜੀਂਦੀਆਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਇਸ ਮੌਕੇ ਸਿਵਲ ਸਰਜਨ ਡਾ. ਮਨਜੀਤ ਸਿੰਘ, ਓਐਸਡੀ ਡਾ. ਬਲਵਿੰਦਰ ਸਿੰਘ, ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ, ਭੁਪਿੰਦਰ ਸਿੰਘ ਸਮੇਤ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…