ਪੰਜਾਬ ਸਰਕਾਰ ਨੂੰ ਠੇਕਾ ਮੁਲਾਜ਼ਮਾਂ ਦੀ ਥਾਂ ਸ਼ਰਾਬ ਦੇ ਠੇਕਿਆਂ ਦਾ ਵੱਧ ਫ਼ਿਕਰ: ਠੇਕਾ ਮੁਲਾਜ਼ਮ

ਠੇਕਾ ਮੁਲਾਜ਼ਮਾਂ ਨੇ ਮੁਹਾਲੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਮਾਰਚ, ਝੂਠੇ ਲਾਰਿਆਂ ਦੇ ਪਰਚੇ ਵੰਡੇ

ਕੱਚੇ ਮੁਲਾਜ਼ਮਾਂ ਨੂੰ ਵਾਅਦੇ ਮੁਤਾਬਕ ਰੈਗੂਲਰ ਨਾ ਕਰਨ ਦੀ ਸੂਰਤ ਵਿੱਚ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਕਾਂਗਰਸ ਸਰਕਾਰ ਸਮੇਤ ਬਾਕੀ ਸਿਆਸੀ ਪਾਰਟੀਆਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਵਿੱਚ ਜੁੱਟ ਗਈਆਂ ਹਨ, ਉੱਥੇ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਸਰਕਾਰ ਵਿਰੁੱਧ ਰਣਨੀਤੀ ਘੜਨੀ ਸ਼ੁਰੂ ਕਰਦਿਆਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਜਿਸ ਤਹਿਤ ਅੱਜ ਸਰਵ ਸਿੱਖਿਆ ਅਭਿਆਨ ਅਤੇ ਮਿਡ-ਡੇਅ-ਮੀਲ ਦੇ ਦਫ਼ਤਰੀ ਮੁਲਾਜ਼ਮਾਂ ਨੇ ਮੁਹਾਲੀ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਕਾਂਗਰਸ ਲੀਡਰਸ਼ਿਪ ਵੱਲੋਂ 2017 ਵਿੱਚ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਹੋਣ ਅਤੇ ਝੂਠੇ ਲਾਰੇ ਲਗਾਉਣ ਸਬੰਧੀ ਪਰਚੇ ਵੰਡੇ। ਪਰਚੇ ਵਿੱਚ ਮੁਲਾਜ਼ਮਾਂ ਵੱਲੋਂ ਕਾਂਗਰਸ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ‘ਪੰਜਾਬ ਅੱਜ ਵੀ ਬੇਹਾਲ’ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰਦਿਆਂ ਆਮ ਲੋਕਾਂ ਨੂੰ ਹੁਕਮਰਾਨਾਂ ਦੇ ਝੂਠੇ ਵਾਅਦੇ, ਝੂਠੇ ਲਾਰੇ ਅਤੇ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।
ਮੁਲਾਜ਼ਮ ਆਗੂ ਅਸੀਸ ਜੁਲਹਾ ਦਵਿੰਦਰਜੀਤ ਸਿੰਘ ਚਮਕੌਰ ਸਿੰਘ ਗੁਰਜਿੰਦਰ ਸਿੰਘ ਰਮਨ ਕੁਮਾਰ ਰਾਜੀਵ ਸ਼ਰਮਾ ਦਵਿੰਦਰ ਸਿੰਘ ਵਿਜੇ ਕੁਮਾਰੀ ਨੇ ਕਿਹਾ ਕਿ ਪਿਛਲੇ 16 ਸਾਲਾਂ ਤੋਂ ਕੰਮ ਕਰਦੇ ਆ ਰਹੇ ਕੱਚੇ ਮੁਲਾਜ਼ਮਾਂ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਹੈ ਜਦੋਂਕਿ ਮੁੱਖ ਮੰਤਰੀ ਅਤੇ ਹੋਰਨਾਂ ਆਗੂਆਂ ਨੇ ਸਰਕਾਰ ਬਣਦੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਮੁਲਾਜ਼ਮਾਂ ਦੀਆਂ ਬਾਕੀ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਅਤੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਚਾਰ ਸਾਲਾਂ ਵਿੱਚ ਸਰਕਾਰ ਨੇ ਇਨ੍ਹਾਂ ’ਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਵੋਟਾਂ ਵੇਲੇ ਹੀ ਲੋਕਾਂ ਦੀ ਯਾਦ ਆਉਂਦੀ ਹੈ। ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਰਾਬ ਠੇਕਿਆਂ ਦੀ ਆਮਦਨਦੀ ਚਿੰਤਾ ਵੱਧ ਹੈ ਪ੍ਰੰਤੂ ਠੇਕਾ ਮੁਲਾਜ਼ਮਾਂ ਦੀ ਰੱਤੀ ਭਰ ਵੀ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਹੀ ਇਕੋ ਵਰਗੀਆਂ ਹਨ ਅਤੇ ਅਕਾਲੀ ਸਰਕਾਰ ਨੇ ਵੀ ਚਾਰ ਸਾਲਾਂ ਬਾਅਦ ਚੋਣਾਂ ਦੇ ਅਖੀਰਲੇ ਵਰ੍ਹੇ ਵਿਧਾਨ ਸਭਾ ਵਿੱਚ ਐਕਟ ਬਣਾਇਆ ਸੀ ਅਤੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਉਹ ਲਾਗੂ ਨਹੀਂ ਸੀ ਹੋ ਸਕਿਆ। ਹੁਣ ਕਾਂਗਰਸ ਸਰਕਾਰ ਵੀ ਉਸੇ ਤੁਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਛੇਤੀ ਰੈਗੂਲਰ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਲਈ ਮਜ਼ਬੂਰ ਹੋਣਗੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…