nabaz-e-punjab.com

ਪੰਜਾਬ ਸਰਕਾਰ ਵੱਲੋਂ ਸਿਵਲ ਸਰਜਨਾਂ ਨੂੰ ‘ਫਲੂ ਕਾਰਨਰ’ ਸਥਾਪਿਤ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਅਗਸਤ:
ਪੰਜਾਬ ਸਰਕਾਰ ਨੇ ਸਵਾਇਨ ਫਲੂ (ਐਚ1 ਐਨ1) ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਸਾਰੇ ਸਿਵਲ ਸਰਜਨਾਂ ਨੂੰ ਫਲੂ ਕਾਰਨਰ ਸਥਾਪਿਤ ਕਰਨ ਦੇ ਆਦੇਸ਼ ਦਿੱਤੇ ਹਨ। ਜਿਸ ਦੁਆਰਾ ਖਾਸੀਂ, ਜੁਕਾਮ ਅਤੇ ਬੁਖਾਰ ਦੇ ਮਰੀਜਾਂ ਦੀ ਤੁਰੰਤ ਜਾਂਚ ਕੀਤੀ ਜਾ ਸਕੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਸਵਾਇਨ ਫਲੂ ਦੇ ਸ਼ੱਕੀ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ ਜੋ ਆਮ ਤੌਰ ’ਤੇ ਗਰਮੀਆਂ ਦੇ ਮੌਸਮ ਵਿਚ ਪਾਏ ਨਹੀਂ ਜਾਂਦੇ ਸਨ। ਹੁੱਣ ਤੱਕ ਸੂਬੇ ਵਿਚ ਸਵਾਇਨ ਫਲੂ ਦੇ 278 ਸ਼ੱਕੀ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ’ਚੋਂ 75 ਮਾਮਲਿਆਂ ਵਿੱਚ ਮਰੀਜ਼ਾਂ ਵਿਚ ਸਵਾਇਨ ਫਲੂ ਪਾਇਆ ਗਿਆ। ਇਨ੍ਹਾਂ ’ਚੋਂ 15 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜਾਂ ਦੀ ਮੌਤ ਦਾ ਅਸਲੀ ਕਾਰਨ ਕੇਵਲ ਪੀ.ਜੀ.ਆਈ.ਐਮ.ਈ.ਆਰ. ਦੇ ਮਾਹਰਾਂ ਵਲੋਂ ਮੈਡੀਕਲ ਰਿਕਾਰਡ ਦੀ ਸਮੀਖਿਆ ਉਪਰੰਤ ਹੀ ਦੱਸਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਮਰੀਜ਼ ਕਈ ਮਾਮਲਿਆਂ ਵਿਚ ਬਿਮਾਰ ਹੋਣ ਉਪਰੰਤ ਹਸਪਤਾਲਾਂ ਵਿਚ ਇਲਾਜ ਨਾ ਕਰਵਾ ਕੇ ਆਪਣੇ ਪੱਧਰ ’ਤੇ ਹੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਸਥਿਤੀ ਦਾ ਗੰਭੀਰ ਹੋ ਜਾਣਾ ਸੁਭਾਵਿਕ ਹੈ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਸਵਾਇਨ ਫਲੂ ਦੇ ਮਾਮਲਿਆਂ ਦੇ ਇਲਾਜ ਦੇ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ 277 ਬੈੱਡਾਂ ਦਾ ਅਤੇ ਨਿਜੀ ਹਸਪਤਾਲਾਂ ਵਿੱਚ 268 ਬੈੱਡਾਂ ਦਾ ਪ੍ਰਬੰਧ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਿਆਂ ਵਿਚ ਸ਼ੱਕੀ ਮਰੀਜਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨੋਢਲ ਅਫਸਰਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਗਈ ਹੈ ਅਤੇ ਰੈਪਿਡ ਰਿਸਪੋਂਸ ਟੀਮਾਂ ਗਠਿਤ ਕੀਤੀਆਂ ਗਈਆਂ ਹੈ ਜੋ ਸ਼ੱਕੀ ਮਾਮਲੇ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਨਗੀਆਂ। ਉਨ੍ਹਾਂ ਕਿਹਾ ਕਿ ਸਵਾਇਨ ਫਲੂ ਇਕ ਇਨਫੈਕਸ਼ਨ ਹੈ ਜੋ ਛਿੱਕ, ਖਾਂਸੀਂ ਅਤੇ ਕਿਸੇ ਦਾ ਰੁਮਾਲ ਆਦਿ ਵਰਤਣ ਨਾਲ ਹੀ ਇਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਜਦ ਕਿ ਨਾਬਾਲਗ ਅਤੇ 65 ਸਾਲ ਤੋਂ ਜਿਆਦਾ ਉਮਰ ਦੇ ਬਜੁਰਗ, 5 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਅੌਰਤਾਂ ਆਦਿ ਨੂੰ ਸਵਾਇਨ ਫਲੂ ਹੋਣ ਦਾ ਖਤਰਾ ਜਿਆਦਾ ਹੁੰਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ ਵਿਚ ਸਵਾਇਨ ਫਲੂ ਦੇ ਮਰੀਜਾਂ ਨੂੰ ਅਤੇ ਮੁਫਤ ਦਵਾਈ ਦਿੱਤੀ ਜਾਂਦੀ ਹੈ ਅਤੇ ਮਰੀਜ ਦੀ ਰਿਹਾਇਸ਼ ਵਾਲੀ ਥਾਂ ’ਤੇ ਪ੍ਰਭਾਵਿਤ ਇਲਾਕੇ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਜਾ ਕੇ ਸਕਰੀਨਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਰੀਜ ਦੇ ਟੈਸਟ ਅਤੇ ਇਲਾਜ ਵੀ ਸਿਹਤ ਵਿਭਾਗ ਵਲੋਂ ਮੁਫਤ ਮੁਹੱਇਆ ਕਰਵਾਇਆ ਜਾਂਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਦੀ ਵੀਰੋਲੋਜੀ ਲੈਬ ਸਵਾਇਨ ਫਲੂ ਦੇ ਟੈਸਟਾਂ ਦੇ ਲਈ ਨੋਢਲ ਲੈਬ ਨਿਸ਼ਚਿਤ ਕੀਤੀ ਗਈ ਹੈ ਅਤੇ ਸ਼ੱਕੀ ਮਰੀਜਾਂ ਦੇ ਸੈਂਪਲ ਲੈਕੇ ਪੀ.ਜੀ.ਆਈ. ਤੋਂ ਇਲਾਵਾ ਜੀ.ਐ.ਸੀ. ਅ੍ਰਮਿੰਤਸਰ ਅਤੇ ਜੀ.ਐਮ.ਸੀ. ਪਟਿਆਲਾ ਵਿਖੇ ਵੀ ਭੇਜੇ ਜਾਂਦੇ ਹਨ।
ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਸਾਰੇ ਸਬੰਧਤ ਅਫਸਰਾਂ ਨੂੰ ਸਵਾਇਨ ਫਲੂ ਨੂੰ ਕਾਬੂ ਕਰਨ ਦੇ ਲਈ ਚਲਾਏ ਗਏ ਪ੍ਰੋਗਰਾਮ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਆਦੇਸ਼ ਦਿਤੇ ਗੲ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਨੂੰ ਲਾਗੂ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਵਾਇਨ ਫਲੂ ਨਾਲ ਸਬੰਧਤ ਮੁਕੰਮਲ ਹਦਾਇਤਾਂ, ਕਲਿਨੀਕਲ ਮੈਨੇਜਮੈਂਟ, ਸੈਂਪਲ ਕੂਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਆਦਿ ਪਹਿਲਾਂ ਹੀ ਸਰਕਾਰੀ ਅਤੇ ਪ੍ਰਾਇਵੇਟ ਸੰਸਥਾਨਾਂ ਨੂੰ ਜਾਰੀ ਕੀਤੀ ਜਾ ਚੁੱਕੀਆਂ ਹਨ। ਸਿਹਤ ਮੰਤਰੀ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਵਾਇਨ ਫਲੂ ਨੂੰ ਰੋਕਣ ਅਤੇ ਇਲਾਜ ਸਬੰਧੀ ਉੱਚ ਪੱਧਰੀ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਜੇਕਰ ਤੁਹਾਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੁੰਦਾ ਹੈ ਤਾਂ ਉਹ ਸਰਕਾਰੀ ਜਾਂ ਨਿਜੀ ਸੰਸਥਾਨਾਂ ਦੇ ਮਾਹਿਰ ਡਾਕਟਰਾਂ ਤੋਂ ਹੀ ਆਪਣਾ ਇਲਾਜ ਕਰਵਾਉਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…