Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਟ੍ਰੇਨਿੰਗ ਹਾਸਲ ਕਰਨ ਮਗਰੋਂ ਮੈਡੀਕਲ ਅਫ਼ਸਰ ਕੇਂਦਰਾਂ ਵਿੱਚ ਪ੍ਰਦਾਨ ਕਰਨਗੇ ਮਿਆਰੀ ਸਿਹਤ ਸੁਵਿਧਾਵਾਂ: ਬ੍ਰਹਮ ਮਹਿੰਦਰਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਸਤੰਬਰ: ਪੰਜਾਬ ਸਰਕਾਰ ਨੇ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਸੁਵਿਧਾਵਾਂ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਮੈਡੀਕਲ ਅਫ਼ਸਰਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਦੇ ਹਰ ਜ਼ਿਲ੍ਹੇ ਵਿਚ ਨੇੜਲੇ ਸਥਾਨਾਂ ’ਤੇ ਨਸ਼ਾ-ਪੀੜਤਾਂ ਲਈ ਵਧੀਆ ਅਤੇ ਮਿਆਰੀ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ‘ਦਾ ਪੰਜਾਬ ਸਬਸਟਾਂਸ ਯੂਜ਼ ਡਿਸਆਰਡਰ ਟਰੀਟਮੈਂਟ ਐਂਡ ਕਾਉਂਸਲਿੰਗ ਐਂਡ ਰਿਹੈਬਲੀਟੇਸ਼ਨ ਸੈਂਟਰਜ਼ ਰੂਲਜ਼ 2011’ ਤਜ਼ਵੀਜ਼ ਅਧੀਨ ਜਨਰਲ ਡਿਊਟੀ ਮੈਡੀਕਲ ਅਫਸਰ ਨੂੰ ਤਿੰਨ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਉਪਰੰਤ ਟ੍ਰੇਨਡ ਮੈਡੀਕਲ ਅਫਸਰ ਮਨੋਰੋਗ ਮਾਹਿਰਾਂ ਦੀ ਦੇਖ-ਰੇਖ ਅਧੀਨ ਨਸ਼ਾ-ਛੁਡਾਊ ਕੇਂਦਰਾਂ ਵਿਚ ਨਸ਼ਾ-ਪੀੜਤਾਂ ਦਾ ਆਧੁਨਿਕ ਤਕਨੀਕਾਂ ਦੁਆਰਾ ਇਲਾਜ ਕਰ ਸਕਣਗੇ। ਸ੍ਰੀ ਮਹਿੰਦਰਾ ਨੇ ਦੱਸਿਆ ਕਿ 50 ਤੋਂ ਵੱਧ ਇਹ ਟ੍ਰੇਨਡ ਮੈਡੀਕਲ ਅਫਸਰਾਂ ਨਾਲ ਇਨ੍ਹਾਂ ਕੇਂਦਰਾਂ ਦੀ ਕਾਰਗੁਜ਼ਾਰੀ ਵਿਚ ਯਕੀਨੀ ਤੌਰ ’ਤੇ ਹੋਰ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਓ.ਪੀ.ਡੀ. ਅਧਾਰਿਤ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ‘ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ’ ਦੇ ਸਹਿਯੋਗ ਨਾਲ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਪੰਜ ਪੇਸ਼ੇਵਰ ਅਤੇ ਮਾਹਿਰ ਟ੍ਰੇਨਰਾਂ ਦੁਆਰਾ ਇਸ ਪ੍ਰੋਗਰਾਮ ਅਧੀਨ ਰਾਜ ਪੱਧਰ ’ਤੇ ਮੈਡੀਕਲ ਅਫ਼ਸਰਾਂ ਨੂੰ ਤਕਨੀਕੀ ਇਲਾਜ, ਆਧੁਨਿਕ ਖੋਜਾਂ ਅਤੇ ਤੱਥਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਤੱਕ ਜ਼ਿਲ੍ਹਾ ਪੱਧਰ ’ਤੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਤੋਂ ਇਲਾਵਾ ਨੌ ਕੇਂਦਰੀਂ ਜੇਲਾਂ, ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਮੌਗਾ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸ੍ਰੀ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਰਾਜ ਸਰਕਾਰ ਨੇ ਨਸ਼ਿਆਂ ਵਿਰੁੱਧ ਕਈ ਅਹਿਮ ਅਤੇ ਠੋਸ ਫੈਸਲੇ ਲਏ ਹਨ। ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲੀ-ਭਾਜਪਾ ਦੇ ਸਮੇਂ ਸਫੇਦ ਹਾਥੀ ਸਾਬਤ ਹੋਏੇ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦਾ ਆਧੁਨਿਕ ਰੂਪਾਂਤਰਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਨ੍ਹਾਂ ਕੇਂਦਰਾਂ ਵਿੱਚ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਕੇ, ਨਸ਼ਾ-ਪੀੜਤਾਂ ਦਾ ਮੁਕੰਮਲ ਇਲਾਜ ਕਰਕੇ ਤੰਦਰੁਸਤ ਅਤੇ ਸੁਰੱਖਿਅਤ ਜੀਵਨ ਬਸਰ ਕਰਨ ਪ੍ਰਤੀ ਪ੍ਰੇਰਿਤ ਕਰੇਗੀ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੇ ਧਿਆਨ ਵਿਚ ਲਿਆਇਆ ਗਿਆ ਕਿ ਕੇਂਦਰਾਂ ਵਿੱਚ ਕੰਮ ਕਰ ਰਹੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਦੇ ਲਈ ਵੀ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਹੈ ਜਿਸ ਲਈ ਪਹਿਲੇ ਪੜਾਅ ਵਿਚ ਹਰ ਜ਼ਿਲ੍ਹੇ ਦੀ ਇਕ ਟੀਮ (ਮੈਡੀਕਲ ਅਫਸਰ, ਸਟਾਫ ਨਰਸ, ਕੌਂਸਲਰ ਅਤੇ ਡਾਟਾ ਐਂਟਰੀ ਆਪਰੇਟਰ ਜਾਂ ਫਾਰਮਸਿਸਟ) ਨੂੰ ਨਸ਼ਾ-ਪੀੜਤਾਂ ਦਾ ਇਲਾਜ ਕਰਨ ਲਈ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਹਾਸਲ ਕਰਨ ਉਪਰੰਤ ਮੈਡੀਕਲ ਅਫਸਰ ਅਤੇ ਸਟਾਫ਼ ਜ਼ਿਲ੍ਹਾ ਟ੍ਰੇਨਿੰਗ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਹੋਰ ਸਰਕਾਰੀ ਹਸਪਤਾਲਾਂ ਦੀਆਂ ਨਿਸ਼ਚਿਤ ਟੀਮਾਂ ਨੂੰ ਟ੍ਰੇਨਿੰਗ ਦੇਣਗੀਆਂ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਨ੍ਹਾਂ ਕੇਂਦਰਾਂ ਦਾ ਸਫਲ ਆਧੁਨਿਕਰਨ ਕਰਕੇ ਪੂਰੇ ਦੇਸ਼ ਲਈ ਮਿਸਾਲ ਵਜੋਂ ਪੇਸ਼ ਕਰੇਗੀ ਅਤੇ ਜਲਦ ਦੀ ਸਿਹਤ ਵਿਭਾਗ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਜੋ ਨਵੀਂ ਪੀੜ੍ਹੀ ਨੂੰ ਸਿੱਖਿਅਤ ਕਰਕੇ ਸੁਰੱਖਿਅਤ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਗੈਰ ਸਰਕਾਰੀ ਸੰਸਥਾਵਾਂ ਅਤੇ ਸਮਾਜ ਭਲਾਈ ਕਲੱਬਾਂ ਨੂੰ ਅਪੀਲ ਕੀਤੀ ਕਿ ਰਾਜ ਸਰਕਾਰ ਦੇ ਨਾਲ ਮਿਲ ਕੇ ਸਮਾਜ ਵਿਰੋਧੀਆਂ ਦੇ ਖ਼ਿਲਾਫ਼ ਨਸ਼ਾ-ਵਿਰੋਧੀ ਮੁਹਿੰਮ ਵਿੱਚ ਅੱਗੇ ਵੱਧ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਸੱਭ ਤੋਂ ਵੱਡੀ ਜਰੂਰਤ ਹੈ ਕਿ ਨਸ਼ਾ-ਵਿਰੋਧੀ ਮੁਹਿੰਮ ਨੂੰ ਸੂਬੇ ਵਿੱਚ ਸਫਲਤਾ ਪੂਰਵਕ ਲਾਗੂ ਕਰਕੇ ਸਮਾਜ ਦੇ ਹਰ ਵਰਗ ਨੂੰ ਇਸ ਨਾਲ ਜੋੜਿਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ