nabaz-e-punjab.com

ਪੰਜਾਬ ਸਰਕਾਰ ਵੱਲੋਂ ‘ਖੇਡੋ ਪੰਜਾਬ’ ਸਕੀਮ ਦਾ ਭੋਗ ਪਾਉਣ ਦੀ ਤਿਆਰੀ

ਰਾਜ ਦੇ ਜ਼ਿਆਦਾਤਰ ਸਰਕਾਰੀ ਮਿਡਲ ਸਕੂਲਾਂ ’ਚੋਂ ਸਰੀਰਕ ਸਿੱਖਿਆ ਅਧਿਆਪਕਾਂ ਦੇ ਖਾਤਮੇ ਦਾ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਪੰਜਾਬ ਸਰਕਾਰ ਵੱਲੋਂ ‘ਖੇਡੋ ਪੰਜਾਬ’ ਮਿਸ਼ਨ ਤਹਿਤ ਹਾਲੇ ਕੁੱਝ ਸਮਾਂ ਪਹਿਲਾਂ ਹੀ ਬਣਾਈ ਗਈ ਖੇਡ ਨੀਤੀ ਦਾ ਪੰਜਾਬ ਸਰਕਾਰ ਵੱਲੋਂ ਭੋਗ ਪਾਉਣ ਦੀ ਤਿਆਰੀ ਕਰ ਲਈ ਗਈ ਹੈ।ਭਾਰਤ ਸਰਕਾਰ ਦੇਸ਼ ਵਿੱਚ ਵਧੀਆਂ ਖਿਡਾਰੀਆਂ ਨੂੰ ਪੈਦਾ ਕਰਨ ਲਈ ਇੱਕ ਪਾਸੇ ‘ਖੇਡੋ ਇੰਡੀਆਂ’ਦਾ ਨਾਅਰਾ ਦੇ ਕੇ ਸਮੂਹ ਸੂਬਿਆਂ ਵਿੱਚ ਖੇਡ ਪ੍ਰੋਗਰਾਮਾਂ ਨੂੰ ਉਤਸਾਹਿਤ ਕਰ ਰਹੀ ਹੈ ਅਤੇ ਨਸ਼ਿਆਂ ਨੂੰ ਰੋਕਣ ਲਈ ਖੇਲੋ ਇੰਡੀਆਂ ਦਾ ਨਾਅਰਾ ਦੇ ਰਹੀ ਹੈ,ਪ੍ਰਤੂੰ ਪੰਜਾਬ ਸਰਕਾਰ ਦਾ ਹਾਲ ਵੇਖੋ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਪੰਜਾਬ ਦੇ ਸਰਕਾਰੀ ਮਿਡਲ ਸਕੂਲਾਂ ਵਿੱਚ ਕੰਮ ਕਰ ਰਹੇ ਸਰੀਰਕ ਸਿੱਖਿਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖਤਮ ਕਰਨ ਦੇ ਹੁਕਮ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਇੱਕ ਪਾਸੇ ਸਿੱਖਿਆਂ ਵਿਭਾਗ ਪੰਜਾਬ ਵੱਲੋਂ ‘ਸਪੋਰਟਸ ਪਾਲਿਸੀ’ਆਪਣੇ ਮੀਮੋ ਨੰ:10/13/2017 ਸਪੋਰਟਸ ਮਿਤੀ ਐਸ.ਏ.ਐਸ ਨਗਰ 12/07/2018 ਤਹਿਤ ਸਮੂਹ ਸਕੂਲਾਂ ਲਈ ਜਾਰੀ ਕੀਤੀ ਗਈ ਹੈ ਜਿਸ ਤਹਿਤ ਮਿਡਲ.ਹਾਈ ਤੇ ਸੀਨੀ:ਸੈਕੰਡਰੀ ਸਕੂਲਾਂ ਨੂੰ ਇਸ ਵਿੱਚ ਸਾਮਿਲ ਕੀਤਾ ਗਿਆ ਹੈ। ਪਾਲਿਸੀ ਅਨੁਸਾਰ ਚਾਹੇ ਉਹ ਮਿਡਲ ਹੈ ਹਾਈ ਜਾਂ ਸੀਨੀ: ਸੈਕੰਡਰੀ ਸਕੂਲ ਸਰਿਆ ਵਿੱਚ ਪਾਲਿਸੀ ਅਨੁਸਾਰ ਸਵੇਰ ਦੀ ਸਭਾ ਵਿੱਚ 10 ਪੀ.ਟੀ ਅਭਿਆਸ,10 ਯੋਗ ਆਸਨ ਜਾਂ ਪ੍ਰਾਣਾਯਾਮ ਦੀਆ ਕਿਰਿਆਵਾਂ ਕਰਨੀਆਂ ਜਰੂਰੀ ਹਨ ਜਿਸ ਨਾਲ ਬੱਚਿਆਂ ਦਾ ਸਰੀਰਕ ਅਤੇ ਬੌਧਿਕ ਵਿਕਾਸ ਹੋ ਸਕੇ। ਇੱਥੇ ਹੀ ਬੱਸ ਨਹੀ ਸਗੋਂ ਪਾਲਿਸੀ ਦੇ ਨਿਯਮ ਨੰ:5 ਦੇ ਭਾਗ ਨੰ:6 ਅਨੁਸਾਰ ਪ੍ਰਾਇਮਰੀ ਸਕੂਲ ਜਾਂ ਮਿਡਲ, ਹਾਈ ਜਾਂ ਸੈਕੰਡਰੀ ਨਾਲ ਕੰਲਪੈਕਸ ਵਿੱਚ ਹਨ ਉਨ੍ਹਾ ਨੂੰ ਹਰ ਰੋਜ ਇੱਕ ਘੰਟਾਂ ਖੇਡਾਂ ਦੀ ਜਿੰਮੇਵਾਰੀ ਸਰੀਰਕ ਸਿੱਖਿਆ ਅਧਿਆਪਕ ਦੀ ਹੋਵੇਗੀ। ਇਸ ਤਰ੍ਹਾ ਮਿਡਲ ਵਿੱਚੋਂ ਜੇਕਰ ਸਿੱਖਿਆ ਵਿਭਾਗ ਪੀ.ਟੀ.ਆਈਜ਼ ਦੀ ਪੋਸਟ ਖਤਮ ਕਰਦਾ ਹੈ ਤਾਂ ਮੁੱਢਲੀ ਸਕੂਲੀ ਖੇਡ ਨੀਤੀ ਬੁੱਰੀ ਤਰ੍ਹਾ ਪ੍ਰਭਾਵਿਤ ਹੋਵੇਗੀ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਮਲੂਕਾ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਕੁਮਾਰ,ਮੀਤ ਪ੍ਰਧਾਨ ਹਰਜਿੰਦਰ ਸਿੰਘ ਸੰਗਰੂਰ ਐਸੋਸੀਏਸ਼ਨ ਦੇ ਸਟੇਜ਼ ਸਕੱਤਰ ਕੁਲਦੀਪ ਕੌਰ ਪਟਿਆਲਾ ਨੇ ਕਿਹਾ ਕਿ ਖੇਡ ਨੀਤੀ ਦਾ ਮੁੱਖ ਮਕੱਸਦ ਛੋਟੀ ਉਮਰ ਤੋਂ ਹੀ ਬੱਚਿਆ ਨੂੰ ਖੇਡ ਕਿਰਿਆਵਾਂ ਨਾਲ ਜੋੜਣਾ ਹੈ, ਪ੍ਰੰਤੂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹੈਰਾਨੀਜਨਕ ਫੈਸਲੇ ਲੈ ਕੇ ਪੰਜਾਬ ਦੇ ਸਿੱਖਿਆ ਅਤੇ ਖੇਡ ਸਿਸਟਮ ਦਾ ਭੱਠਾ ਬਿਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨਾ ਕਿਸੇ ਕਾਰਣ ਇਹ ਫੈਸਲਾ ਲੈਣਾ ਕਿ ਜਿਸ ਮਿਡਲ ਸਕੂਲ ਵਿੱਚ ਘੱਟ ਬੱਚੇ ਹੋਣਗੇ ਉਨ੍ਹਾਂ ਵਿੱਚ ਕੰਮ ਕਰਦੇ ਪੀ.ਟੀ.ਆਈ ਅਧਿਆਪਕਾਂ ਦੀਆਂ ਪੋਸਟਾ ਨੁੰ ਖਤਮ ਕੀਤਾ ਜਾਵੇਗਾ ਬਹੁਤ ਹੀ ਮੰਦਭਾਗੀ ਗੱਲ ਹੈ। ੂ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇੱਕ ਪਾਸੇ ਪੰਜਾਬ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਦੇ ਬਿਆਨ ਦਿੰਦੇ ਹਨ ਤੇ ਦੂਜੇ ਪਾਸੇ ਉਨ੍ਹਾ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਪੋਸਟਾਂ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੇ ਹਨ ਜਿੰਨਾ ਵੱਲੋਂ ਮੁੱਢਲੇ ਖਿਡਾਰੀ ਪੈਦਾ ਕਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾ ਖੇਡ ਨੀਤੀ ਪੂਰੀ ਤਰ੍ਹਾ ਖਤਮ ਹੋ ਜਾਵੇਗੀ ਅਤੇ ਪ੍ਰਾਇਮਰੀ-ਅੱਪਰ ਪ੍ਰਾਇਮਰੀ ਪੱਧਰ ਤੇ ਹੋਣ ਵਾਲੀਆਂ ਖੇਡ ਗਤੀਵਿਧੀਆਂ ਪੂਰੀ ਤਰ੍ਹਾ ਠੱਪ ਹੋ ਜਾਣਗੀਆਂ ਜਿਸ ਕਾਰਣ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਉਣ ਵਾਲੇ ਬੱਚਿਆਂ ਨੂੰ ਖੇਡਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਬੱਚੇ ਮਿਡਲ ਸਕੂਲਾਂ ਵਿੱਚੋਂ ਹੀ ਖੇਡਾਂ ਵਿੱਚ ਸਿੱਖਿਅਤ ਹੋ ਕੇ ਆਉਂਦੇ ਹਨ,ਪ੍ਰੰਤੂ ਜੇਕਰ ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈ ਦੀ ਪੋਸਟ ਹੀ ਖਤਮ ਕਰ ਦਿੱਤੀ ਗਈ ਤਾਂ ਕੋਈ ਵੀ ਵਿਦਿਆਰਥੀ ਖਿਡਾਰੀ ਨਹੀਂ ਬਣ ਸਕਦਾ। ਮਿਡਲ ਸਕੂਲਾਂ ਵਿੱਚ ਚੱਲ ਰਹੀਆਂ ਸਹਿ-ਵਿੱਦਿਅਕ ਗਤੀਵਿਧੀਆਂ ਪੂਰੀ ਤਰ੍ਹਾ ਠੱਪ ਹੋ ਜਾਣਗੀਆਂ ਅਤੇ ਮਿਡ-ਡੇਅ-ਮੀਲ ਵਰਗੇ ਕੰਮ ਵੀ ਸਾਇੰਸ ਜਾਂ ਐਸ.ਐਸ ਟੀਟਰਾਂ ਨੂੰ ਕਰਨੇ ਪੈਣਗੇ। ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਸਕੱਤਰ ਆਪਣੀ ਮਨਮਰਜ਼ੀ ਨਾਲ ਹੀ ਸਾਰੀਆਂ ਨੀਤੀਆਂ ਲਾਗੂ ਕਰਕੇ ਸਰਕਾਰੀ ਸਕੂਲ਼ਾਂ ਨੂੰ ਬੰਦ ਕਰਵਾਉਣ ਦੀ ਚਾਲ ਖੇਡ ਰਹੇ ਹਨ ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਖੇਡ ਮੰਤਰੀ ਨੂੰ ਇਸ ਗੰਭੀਰ ਮਾਮਲੇ ਵੱਲ ਤੁਰੰਤ ਗੌਰ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…