Nabaz-e-punjab.com

ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ‘ਰੋਟਾਵਾਇਰਸ ਟੀਕਾ’ ਲਾਂਚ

ਮੁਹਾਲੀ ਵਿੱਚ 3 ਅਰਬਨ ਕਮਿਊਨਿਟੀ ਹੈਲਥ ਸੈਂਟਰ ਸਥਾਪਿਤ ਕੀਤੇ ਜਾਣਗੇ: ਸਿੱਧੂ

ਸਰਕਾਰੀ ਡਿਸਪੈਂਸਰੀ ਫੇਜ਼-11 ਵਿੱਚ ਰੋਟਾਵਾਇਰਸ ਵੈਕਸੀਨ ਲਾਂਚ ਕਰਨ ਬਾਰੇ ਸੂਬਾ ਪੱਧਰਾ ਸਮਾਗਮ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦਰਮਿਆਨ ਡਾਇਰੀਆ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਰੂਟੀਨ ਟੀਕਾਕਰਨ ਪ੍ਰੋਗਰਾਮ ਅਧੀਨ ‘ਰੋਟਾਵਾਇਰਸ ਟੀਕਾ’ ਲਾਂਚ ਕੀਤਾ ਗਿਆ। ਇਸ ਸਬੰਧੀ ਇੱਥੋਂ ਦੇ ਫੇਜ਼-11 ਸਥਿਤ ਸਰਕਾਰੀ ਡਿਸਪੈਂਸਰੀ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੋਟਾਵਾਇਰਸ ਇਕ ਬਿਮਾਰੀ ਹੈ ਜੋ ਦੇਸ਼ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ 30-40 ਫੀਸਦੀ (80 ਹਜ਼ਾਰ ਤੋਂ ਵੱਧ) ਮੌਤਾਂ ਦਾ ਕਾਰਨ ਬਣਦੀ ਹੈ। ਜਿਸ ’ਚੋਂ 50 ਫੀਸਦੀ ਮੌਤਾਂ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਰਿਕਾਰਡ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰੋਟਾਵਾਇਰਸ ਟੀਕੇ ਨਾਲ ਬੱਚਿਆਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਹੋਵੇਗੀ ਅਤੇ ਸੂਬੇ ਵਿੱਚ ਮੌਤ ਦਰ ਘਟੇਗੀ। ਹਾਲਾਂਕਿ ਪੰਜਾਬ ਵਿੱਚ ਕੌਮੀ ਪ੍ਰਾਪਤੀਆਂ ਦੀ ਤੁਲਨਾ ਵਿੱਚ ਪਿਛਲੇ 5 ਸਾਲਾਂ ਦੌਰਾਨ ਨਵਜਾਤ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ, ਪ੍ਰੰਤੂ ਹੁਣ ਇਹ ਟੀਕਾਕਰਨ ਇਸ ਦਰ ਨੂੰ ਹੋਰ ਘਟਾਉਣ ਵਿੱਚ ਸਹਾਇਤਾ ਕਰੇਗਾ।
ਸਿਹਤ ਵਿਭਾਗ ਵੱਲੋਂ ਪ੍ਰਾਪਤ ਟੀਚਿਆਂ ਬਾਰੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਵਿੱਚ ਐਨਐਫ਼ਐਚਐਸ-4 ਅਨੁਸਾਰ 89.1 ਫੀਸਦੀ ਅਤੇ ਐਚਐਮਆਈਐਸ 2018-19 ਅਨੁਸਾਰ 95 ਫੀਸਦੀ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਸੂਬੇ ਵਿੱਚ ਹਰੇਕ ਛੋਟੇ ਬੱਚੇ ਤੱਕ ਇਹ ਟੀਕਾ ਪਹੁੰਚਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਰੁਟੀਨ ਟੀਕਾਕਰਨ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੱਚਿਆਂ ਦਾ 90 ਫੀਸਦੀ ਟੀਕਾਕਰਨ ਕਰ ਰਹੀ ਹੈ। ਇਸ ਸਬੰਧੀ ਐਕਸਲੇਰੀ ਨਰਸ ਮਿਡਵਾਈਫਸ ਅਤੇ ਸਟਾਫ਼ ਨਰਸਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਸਿਹਤ ਵਿਭਾਗ ਨੇ ਪੋਲੀਓ ਦਾ ਖ਼ਾਤਮਾ ਕੀਤਾ, ਮੀਸਲਜ਼ ਪੈਂਟਾਵੇਲੈਂਟ ਵੈਕਸੀਨ ਦੀ ਦੂਜੀ ਖ਼ੁਰਾਕ ਦਿੱਤੀ ਅਤੇ ਤਿੰਨ ਵਾਰ ਦਿੱਤਾ ਜਾਣ ਵਾਲਾ ਪੋਲੀਓ ਦਾ ਟੀਕਾ ਦੋ ਵਾਰ ਕੀਤਾ ਗਿਆ ਹੈ। ਮੰਤਰੀ ਨੇ ਮੁਹਾਲੀ ਸ਼ਹਿਰ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ 3 ਕਮਿਊਨਿਟੀ ਸਿਹਤ ਕੇਂਦਰ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਿਹਤ ਵਿਭਾਗ ਦੀ ਡਾਇਰੈਕਟਰ ਜਸਪਾਲ ਕੌਰ, ਪ੍ਰੋਗਰਾਮ ਅਫ਼ਸਰ ਡਾ. ਜੀਬੀ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਵੀਰ ਸਿੰਘ ਮਣਕੂ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਬੀਬੀ ਮੈਣੀ, ਸੁਰਿੰਦਰ ਸਿੰਘ ਰਾਜਪੂਤ, ਜਸਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…