Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਦੀ ਸ਼ੁਰੂਆਤ ਕੈਪਟਨ ਸਰਕਾਰ ਵੱਲੋਂ ਸਨਅਤੀ ਐਸੋਸੀਏਸ਼ਨਾਂ ਅਤੇ ਰੁਜ਼ਗਾਰਦਾਤਿਆਂ ਨਾਲ 34 ਸਮਝੌਤੇ ਸਹੀਬੰਧ 2.8 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਲਈ ਰਣਨੀਤਿਕ ਖਰੜੇ ਦੀ ਘੁੰਡ ਚੁਕਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ: ਪੰਜਾਬ ਸਰਕਾਰ ਨੇ ਅੱਜ ਇੱਥੇ ਇੰਡੀਅਨ ਸਕੂਲ ਆਫ ਬਿਜਨਸ ਵਿੱਚ ਇੰਪਲਾਇਰਜ਼ ਮੀਟ ਸਮਾਗਮ ਦੌਰਾਨ ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀ ਵੱਡੇ ਪੱਧਰ ’ਤੇ ਸ਼ੁਰੂਆਤ ਕੀਤੀ। ਇਸ ਮੌਕੇ ਵਿੱਤ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਅਤੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਪੰਜਾਬ ਸਰਕਾਰ ਨੇ ਸਨਅਤੀ ਐਸੋਸੀਏਸ਼ਨਾਂ ਅਤੇ ਰੋਜ਼ਗਾਰਦਾਤਿਆਂ ਨਾਲ 34 ਸਮਝੌਤੇ ਸਹੀਬੰਧ ਕੀਤੇ ਜਿਸ ਨਾਲ ਕਿ 2.8 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ। ਇੰਪਲਾਇਰਜ਼ ਮੀਟ ਵਿਚ ਵੱਡੇ ਅਤੇ ਨਾਮੀਂ ਉਦਯੋਗਪਤੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚ ਈਸ਼ਰ ਜੱਜ ਆਹਲੂਵਾਲੀਆ, ਚੇਅਰਪਰਸਨ, ਇੰਡੀਆ ਕਾਊਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨੋਮਿਕਸ, ਕਰਿਸ਼ ਆਈਅਰ, ਇੰਡਆ ਸੀਈਓ, ਵਾਲਮਾਰਟ, ਸ਼੍ਰੀ ਪਾਲ ਓਸਵਾਲ, ਚੇਅਰਮੈਨ, ਵਰਧਮਾਨ ਟੈਕਸਟਾਈਲ ਲਿਮ., ਰਜਿੰਦਰ ਗੁਪਤਾ, ਚੇਅਰਮੈਨ, ਟ੍ਰਾਈਡੈਂਟ ਗਰੁੱਪ, ਏ.ਐਸ. ਮਿੱਤਲ, ਵਾਈਸ ਚੇਅਰਮੈਨ, ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮ., ਭਵਦੀਪ ਸਰਧਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੀਈਓ, ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮ., ਸਰਵਜੀਤ ਸਮਰਾ, ਫਾਊਂਡਰ ਅਤੇ ਐਮ.ਡੀ., ਕੈਪੀਟਲ ਸਮਾਲ ਫਾਈਨਾਂਸ ਬੈਂਕ, ਸੰਦੀਪ ਜੈਨ, ਕਾਰਜਕਾਰੀ ਡਾਇਰੈਕਟਰ, ਮੌਂਟੇ ਕਾਰਲੋ, ਡਾ. ਪੀ.ਜੇ. ਸਿੰਘ, ਐਮ.ਡੀ., ਟਾਇਨੋਰ ਅੌਰਥੌਟਿਕਸ ਲਿਮ. ਅਤੇ ਜਤਿੰਦਰ ਜੈਨ, ਫਾਊਂਡਰ ਅਤੇ ਐਮ.ਡੀ., ਕੋਚਰ ਇਨਫੋਟੈਂਕ ਪ੍ਰਾਈਵੇਟ ਲਿਮਟਿਡ ਦੇ ਨਾਂ ਪ੍ਰਮੁੱਖ ਹਨ। ਇਸ ਮੌਕੇ ਬੋਲਦਿਆਂ ਪੰਜਾਬ ਦੇ ਵਿੱਤ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸਨਅਤਕਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਇੱਥੇ ’ਇੰਪਲਾਇਰਜ਼ ਮੀਟ’ ਦੌਰਾਨ ਬੋਲਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਰੋਜ਼ਗਾਰ ਦੀ ਭਾਲ ਵਿਚ ਅਸੀਂ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ ’ਤੇ ਰੁਲਣ ਨਹੀਂ ਦੇਵਾਂਗੇ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਹੀ ਵਧੀਆਂ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ਵਿਚ ਇਕ ਯੋਗ ਨੌਜਵਾਨ ਨੂੰ ਨੌਕਰੀ ਦੇਣ ਦਾ ਸੰਕਲਪ ਕੀਤਾ ਹੈ। ਉਨ੍ਹਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਕਿਸਮਤ ਬਦਲਣ ਲਈ ਉਹ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਜੋ ਬੇਰੋਜ਼ਗਾਰੀ ਵਰਗੀ ਅਲਾਮਤ ਦੀਆਂ ਸੂਬੇ ਵਿਚੋਂ ਜੜ੍ਹਾਂ ਪੁੱਟੀਆਂ ਜਾ ਸਕਣ ਅਤੇ ਸਭ ਨੌਜਵਾਨਾਂ ਨੂੰ ਆਪਣੀ ਧਰਤੀ ’ਤੇ ਹੀ ਰੋਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਵੋਕੇਸ਼ਨਲ ਐਜੂਕੇਸ਼ਨ ਦੀ ਇਕ ਯੂਨੀਵਰਸਿਟੀ ਖੋਲ੍ਹਣ ਜਾ ਰਹੀ ਤਾਂ ਜੋ ਕਿ ਉਦਯੋਗਾਂ ਅਤੇ ਅਕਾਦਮਿਕ ਸਿੱਖਿਆ ਵਿਚਲੇ ਪਾੜ ਦੀ ਪੂਰਤੀ ਕਰੇਗੀ। ਇਸ ਮੌਕੇ ਬੋਲਦਿਆਂ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ 21 ਥਾਂਵਾਂ ’ਤੇ ਲਗਾਏ ਰੋਜ਼ਗਾਰ ਮੇਲਿਆਂ ਵਿਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਟੀਚਾ ਪੂਰਾ ਕੀਤਾ ਗਿਆ ਹੈ ਅਤੇ ਸੂਬੇ ਵਿਚ ਹੋਰ ਜ਼ਿਆਦਾ ਨੌਕਰੀਆਂ ਪੈਦਾ ਕਰਨ ਦੇ ਮਕਸਦ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਉਦਯੋਗਾਂ ਦੀ ਮੰਗ ਅਨੁਸਾਰ ਢਾਲਿਆ ਜਾ ਰਿਹਾ ਹੈ ਤਾਂ ਜੋ ਸਿਖਲਾਈ ਅਤੇ ਨੌਕਰੀ ਵਿਚਲਾ ਖੱਪਾ ਪੂਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਖੇਤੀ ਤੋਂ ਨਿਰਭਰਤਾ ਘਟਾ ਕੇ ਉਦਯੋਗਾਂ ਨੂੰ ਪ੍ਰਫੁਲਿੱਤ ਕਰਨ ’ਤੇ ਜ਼ੋਰ ਦਿੱਤਾ ਜਾਵੇ। ਸ੍ਰੀ ਚੰਨੀ ਨੇ ਕਿਹਾ ਕਿ ਮੌਜੂਦਾ ਸਨਅਤਾਂ ਨੂੰ ਆਰਥਿਕ ਪੱਧਰ ’ਤੇ ਸ਼ਕਤੀਸ਼ਾਲੀ ਬਣਾਉਣ ਦੇ ਨਾਲ-ਨਾਲ ਨਵੀਂ ਸਨਅਤ ਨੂੰ ਪ੍ਰਫੁਲਿੱਤ ਕਰਨ ਵੱਲ ਵੀ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਉਨ੍ਹਾਂ ਸਨਅਤਕਾਰਾਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਤਕਨੀਕੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਦਯੋਗਪਤੀਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ’ਸਫਲ ਅਰਥ-ਸ਼ਾਸ਼ਤਰੀ ਵੱਲੋਂ ਬੇਰੋਜ਼ਗਾਰੀ ਨਾਲ ਨਜਿੱਠਣ ਲਈ ਪੰਜਾਬ ਵਿਚ ਸਿੱਖਿਆ’ ਵਿਸ਼ੇ ’ਤੇ ਬੋਲਦਿਆਂ ਈਸ਼ਰ ਜੱਜ ਆਹਲੂਵਾਲੀਆ ਨੇ ਕਿਹਾ ਕਿ ਰਾਜ ਵਿੱਚ ਨਿਵੇਸ਼ ਪੱਖੀ ਮਾਹੌਲ ਬਣਾਉਣ ਲਈ ਨਿੱਜੀ ਅਤੇ ਜਨਤਕ ਖੇਤਰ ਦੀ ਸਾਂਝੇਦਾਰੀ ਰਾਹੀਂ ਬੁਨਿਆਦੀ ਢਾਂਚਾ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਟਾਇਨੋਰ ਆਰਥੋਟਿਕਸ ਦੇ ਡਾ. ਪੀ.ਜੇ. ਸਿੰਘ ਨੇ ’ਰੋਜ਼ਗਾਰ ਦੇਣ ਵਾਲਾ ਵਿਕਾਸਸ਼ੀਲ ਇੰਜਣ- ਛੋਟੀਆਂ ਅਤੇ ਦਰਮਿਆਨੀ ਸਨਅਤਾਂ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਰਥਚਾਰੇ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਈ-ਕਾਮਰਸ ਅਤੇ ਈ-ਐਜੂਕੇਸ਼ਨ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ’ਰਾਜ ਵਿੱਚ ਖੇਤਰੀ ਅਤੇ ਕੌਮਾਂਤਰੀ ਪੱਧਰ ਦੇ ਬਰਾਂਡ ਪੈਦਾ ਕਰਨ’ ਸਬੰਧੀ ਵਿਸ਼ੇ ’ਤੇ ਬੋਲਦਿਆਂ ਮੌਂਟੀ ਕਾਰਲੋ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਜੈਨ ਨੇ ਕਿਹਾ ਕਿ ਇਸ ਸਮੇਂ ਮੁੱਖ ਤੌਰ ’ਤੇ ਪੰਜਾਬ ਦੇ ਉਤਪਾਦਾਂ ਦੀ ਮਸ਼ਹੂਰੀ ਕਰਨ ਦੀ ਲੋੜ ਹੈ ਅਤੇ ਨਾਲ ਹੀ ਦਿਨੋਂ ਦਿਨ ਸਿੱਖਿਅਤ ਕਾਮਿਆਂ ਦੀ ਆ ਰਹੀ ਕਮੀ ਨੂੰ ਘੱਟ ਕਰਨ ਦੀ ਲੋੜ ਹੈ। ’ਵਿਸ਼ਵ ਵਿਆਪੀ ਪ੍ਰਚੂਨ ਵਪਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣ ਅਤੇੇ ਪ੍ਰਚੂਨ ਖੇਤਰ ਵਿੱਚ ਰੋਜ਼ਗਾਰ’ ਵਿਸ਼ੇ ’ਤੇ ਬੋਲਦਿਆਂ ਵਾਲਮਾਰਟ ਇੰਡੀਆ ਦੇ ਮੁਖੀ ਅਤੇ ਸੀ.ਈ.ਓ. ਕ੍ਰਿਸ ਅਈਅਰ ਨੇ ਕਿਹਾ ਕਿ ਪੰਜਾਬ ਦੀ ਖਪਤ ਸਮਰੱਥਾ ਅਥਾਹ ਹੈੈ ਅਤੇ ਇਸ ਖੇਤਰ ਵਿੱਚ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ।ਉਨ੍ਹਾਂ ਪੰੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ੳੇੁਹ ਪ੍ਰਚੂਨ ਖੇਤਰ ਸਬੰਧੀ ਵੀ ਨੀਤੀ ਤਿਆਰ ਕਰੇ। ’ਵੱਡੇ ਉਤਪਾਦਨ ਯੂਨਿਟਾਂ ਦੀ ਸਹਾਇਕ ਯੂਨਿਟਾਂ ਨੂੰ ਪ੍ਰਫੁੱਲਤ ਕਰਨ ਅਤੇ ਸਹਾਇਕ ਕਾਰਜਾਂ ਸਬੰਧੀ ਭੁਮਿਕਾ’ ਵਿਸ਼ੇ ਬਾਰੇ ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਦੇ ਵਾਈਸ ਚੈਅਰਮੈਨ ਏ.ਐਸ. ਮਿੱਤਲ ਨੇ ਆਪਣੇ ਵਿਚਾਰ ਰੱਖੇ ਜਦਕਿ ਕੋਛੜ ਇੰਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਜੈਨ ਨੇ ’ਕੀ ਪੰੰਜਾਬ ਆਈ.ਟੀ. ਅਤੇ ਆਈ ਟੀ. ਇੰਡਸਟਰੀ ਨੂੰ ਆਕਰਸ਼ਿਤ ਕਰ ਸਕਦਾ ਹੈ’ ਬਾਰੇ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਸੰਸਥਾਪਕ ਅਤੇ ਐਮ.ਡੀ. ਸਰਵਜੀਤ ਸਿੰਘ ਸਮਰਾ ਨੇ ਬੈਂਕਿੰਗ ਅਤੇ ਵਿੱਤੀ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਲਈ ਮੌਕਿਆਂ ’ਤੇ ਰੌਸ਼ਨੀ ਪਾਈ। ਫੂਡ ਪ੍ਰੋਸੈਸਿੰਗ ਇੰਡਸਟਰੀ ਵਿਚ ਅਥਾਹ ਸੰਭਾਵਿਤ ਮੌਕਿਆਂ ਸਬੰਧੀ ਵਿਸ਼ੇ ’ਤੇ ਬੋਲਦਿਆਂ ਸੁਖਜੀਤ ਸਟਾਰਚ ਅਤੇ ਕੈਮੀਕਲ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਸੀ.ਈ.ਓ ਭਵਦੀਪ ਸਰਦਾਨਾ ਨੇ ਕਿਹਾ ਕਿ ਰਾਜ ਸਰਕਾਰ ਨੂੰ ਸੂਬੇ ਵਿੱਚ ਢੱੁਕਵੇ ਸਨਅਤੀ ਕਲੱਸਟਰ ਸਥਾਪਿਤ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਇਨ੍ਹਾਂ ਉਦਯੋਗਾਂ ਲਈ ਹੋਰ ਲੋੜੀਂਦੀ ਸਹਾਇਤਾ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਕੰਟਰੈਕਟ ਫਾਰਮਿੰਗ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। ਬਾਅਦ ਵਿਚ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਲਈ ਰਣਨੀਤਿਕ ਖਰੜੇ ਦੀ ਘੁੰਡ ਚੁਕਾਈ ਕੀਤੀ। ਇਸ ਵਿਚ ਉਨ੍ਹਾਂ ਸਾਰੇ ਪੱਖਾਂ ’ਤੇ ਜ਼ੋਰ ਦਿੱਤਾ ਗਿਆ ਹੈ ਜਿਸ ਨਾਲ ਕਿ ਸੂਬੇ ਵਿਚ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦਿੱਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਜੀ.ਪੀ. ਦੋਵੇਂ ਵਿਧਾਇਕ, ਸਾਬਕਾ ਮੰਤਰੀ ਸ੍ਰੀ ਅਰੁਣ ਸੇਖੜੀ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ