
ਪੰਜਾਬ ਸਰਕਾਰ ਨੂੰ ਮੱਤਾਂ ਦੇਣ ਤੋਂ ਪਹਿਲਾਂ ਸੁਖਬੀਰ ਆਪਣੀ ਪੀੜ੍ਹੀ ਹੇਠ ਸੋਟਾਂ ਫੇਰਨ: ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਾਹਰ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣ ਮੌਜੂਦਾ ਪੰਜਾਬ ਸਰਕਾਰ ਦਾ ਹਰੇਕ ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰੀ ਜਾਪ ਰਿਹਾ ਹੈ, ਜਦਕਿ ਇਹ ਗੱਲ ਨੰਗੇ ਚਿੱਟੇ ਦਿਨ ਵਾਂਗ ਸਭ ਨੂੰ ਪਤਾ ਹੈ ਕਿ ਸਾਲ 2007 ਤੋਂ ਲੈ ਕੇ 2017 ਤੱਕ ਸੂਬੇ ਵਿੱਚ ਹਰ ਪਾਸੇ ਅਕਾਲੀ ਆਗੂਆਂ ਨੇ ਪੁਰੀ ਲੁੱਟ ਮਚਾਕੇ ਰੱਖੀ ਹੋਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਮਿਹਨਤ ਨਾਲ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕੀਤਾ ਹੈ। ਸੁਖਬੀਰ ਬਾਦਲ ਨੂੰ ਪੰਜਾਬ ਸਰਕਾਰ ਨੂੰ ਮੱਤਾਂ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾਂ ਫੇਰਨਾ ਚਾਹੀਦਾ ਹੈ।
ਇਹ ਗੱਲ ਅੱਜ ਇਥੇ ਮਾਰਕੀਟ ਖਰੜ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਨੇ ਆਖੀ। ਸ਼੍ਰੀ ਸ਼ਰਮਾ ਨੇ ਕਿਹਾ ਸ੍ਰੀ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਦੇ ਸਿਹਤ ਸਿਸਟਮ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਸੀ, ਜਿਸ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਹੁਤ ਮੁਸ਼ਕਿਲ ਨਾਲ ਠੀਕ ਕੀਤਾ ਹੈ ਅਤੇ ਸ੍ਰੀ ਸਿੱਧੂ ਦੀ ਮਿਹਨਤ ਸਦਕਾ ਹੀ ਕਰੋਨਾ ਮਹਾਂਮਾਰੀ ਨਾਲ ਬਹੁਤ ਸੁਚੱਜੇ ਢੰਗ ਨਾਲ ਨਿਪਟਿਆ ਜਾ ਰਿਹਾ ਅਤੇ ਸੂਬੇ ਵਿਚਲੇ ਵਧੀਆ ਸਿਹਤ ਪ੍ਰਬੰਧਾਂ ਕਾਰਨ ਹੀ ਹੋਰਨਾਂ ਰਾਜਾਂ ਦੇ ਕਰੋਨਾ ਮਰੀਜ ਵੀ ਪੰਜਾਬ ਵਿਚ ਆਂ ਕੇ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬਹਿਵਲ ਕਲਾਂ ਕੇਸ ਕਾਰਨ ਅਕਾਲੀ ਦਲ ਦਾ ਸਿੱਖ ਅਤੇ ਲੋਕ ਮਾਰੂ ਚਿਹਰਾ ਸਭ ਦੇ ਸਾਹਮਣੇ ਹੈ। ਪਿਛਲੀ ਅਕਾਲੀ ਸਰਕਾਰ ਸਮੇਂ ਪੰਜਾਬ ਵਿਚ ਨਸ਼ਿਆਂ ਦੇ ਤਸਕਰ ਬੇਖੌਫ਼ ਘੁੰਮਦੇ ਸਨ ਅਤੇ ਗਊ ਗਰੀਬ ਦੀ ਕਿਧਰੇ ਕੋਈ ਪੁੱਛ ਪ੍ਰਤੀਤ ਨਹੀਂ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਕਾਲੇ ਕਾਰਨਾਮਿਆਂ ਤੋਂ ਸੂਬੇ ਦਾ ਬੱਚਾ ਬੱਚਾ ਵਾਕਿਫ਼ ਹੈ ਅਤੇ ਹੁਣ ਆਪਣਾ ਗੁਆਚਿਆ ਆਧਾਰ ਪ੍ਰਾਪਤ ਕਰਨ ਲਈ ਸੁਖਬੀਰ ਬਾਦਲ ਪੰਜਾਬ ਦੇ ਸਿਹਤ ਮੰਤਰੀ ਉਤੇ ਝੂਠੇ ਦੋਸ਼ ਲਾਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ।