
ਪੰਜਾਬ ਸਰਕਾਰ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਚੌਕਸ,ਹੜ੍ਹ ਰੋਕੂ ਕੰਮ ਤੇ ਡਰੇਨਾਂ ਦੀ ਸਫਾਈ ਕੰਮ ਜੰਗੀ ਪੱਧਰ ’ਤੇ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਅਗਸਤ:
ਪੰਜਾਬ ਸਰਕਾਰ ਵੱਲੋਂ 1481.09 ਕਿਲੋਮੀਟਰ ਲੰਬੀਆਂ ਡਰੇਨਾਂ ਦੀ ਸਫਾਈ 16.08 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਈ ਜਾ ਰਹੀ ਹੈ ਤਾਂ ਜੋ ਬਰਸਾਤਾਂ ਦੌਰਾਨ ਸੂਬੇ ਵਿਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਮਾਂ ਰਹਿੰਦਿਆਂ ਹੀ ਕੀਤੀ ਜਾ ਸਕੇ। 40 ਕਰੋੜ ਰੁਪਏ ਦੇ ਫੰਡਾਂ ਨਾਲ ਹੜ੍ਹ ਰੋਕੂ ਕੰਮ ਅਤੇ ਡਰੇਨਾਂ ਦੀ ਸਫਾਈ ਦੇ ਕੰਮ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਚਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਹਲਕਾ ਦਫਤਰਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਮੰਤਵ ਲਈ ਕੁਝ ਫੰਡ ਰਾਖਵੇਂ ਵੀ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਫਸਲਾਂ ਅਤੇ ਅਬਾਦੀ ਦੇ ਬਚਾਅ ਲਈ ਨੀਵੇਂ ਖੇਤਰਾਂ ਵਿਚੋਂ ਬਰਸਾਤੀ ਪਾਣੀ ਕੱਢਣ ਲਈ ਵਿਸ਼ੇਸ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਰਸਾਤਾਂ ਦੌਰਾਨ ਡਰੇਨਾਂ ਵਿਚ ਸੰਭਾਵੀ ਹੜ੍ਹਾਂ ਨੂੰ ਰੋਕਣ ਲਈ ਵਿਭਾਗੀ ਮਸ਼ੀਨਰੀ ਸੰਵੇਦਨਸ਼ੀਲ ਥਾਂਵਾਂ ’ਤੇ ਤਾਇਨਾਤ ਕੀਤੀ ਜਾ ਚੁੱਕੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿਚ ਚੋਅ ਜਾਂ ਬਰਸਾਤੀ ਨਾਲੇ ਜ਼ਿਆਦਾ ਹਨ ਉਨ੍ਹਾਂ ਇਲਾਕਿਆਂ ਨੂੰ ਹੜ੍ਹਾਂ ਦੀ ਰੋਕਥਾਮ ਲਈ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੰਤਵ ਲਈ ਪਠਾਨਕੋਟ ਜ਼ਿਲ੍ਹੇ ਨੂੰ 160 ਲੱਖ ਰੁਪਏ, ਅੰਮ੍ਰਿਤਸਰ ਲਈ 261 ਲੱਖ ਰੁਪਏ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ 281 ਲੱਖ ਰੁਪਏ ਨਾਲ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਹਾਲਤਾਂ ਵਿਚ ਪੰਜਾਬ ਦੇ ਦਰਿਆਵਾਂ ਦੇ ਬੰਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ।