nabaz-e-punjab.com

ਪੰਜਾਬ ਸਰਕਾਰ ਗਰੀਬ ਲੋਕਾਂ ਲਈ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇ ਪੱਧਰ ਨੂੰ ਹੋ ਉੱਚਾ ਚੁੱਕੇਗੀ: ਕੈਪਟਨ ਅਮਰਿੰਦਰ

ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਵਾਧਾ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਪੰਜਾਬ ਸਰਕਾਰ ਗਰੀਬ ਲੋਕਾਂ ਦੇ ਵਾਸਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦੇ ਪੱਧਰ ਨੂੰ ਸੁਧਾਰਨ ਲਈ ਵਚਨਬੱਧ ਹੈ। ਲਕਸ਼ਯਾ ਇੰਸਟੀਚਿਊਟਸ ਅਚੀਵਰਜ਼ ਡੇਅ 2017 ਦੇ ਐਵਾਰਡ ਦੇਣ ਲਈ ਆਯੋਜਿਤ ਕਰਵਾਏ ਗਏ ਇਕ ਸਮਾਰੋਹ ਵਿਚ ਬੋਲਦੇ ਹੋਏ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਵਿੱਚ ਕਮੀ ਆਉਣ ਦਾ ਰੁਦਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਯੰਗ ਅਚੀਵਰਜ਼ ਐਵਾਰਡ (ਆਈ.ਆਈ.ਟੀ-ਜੇ.ਈ.ਈ ਐਡਵਾਂਸਡ 2017) ਸਰਵੇਸ਼ ਮੇਹਥਾਨੀ ਨੂੰ ਦਿੱਤਾ ਜੋ ਆਈ.ਆਈ.ਟੀ-ਜੇ.ਈ.ਈ ਦੇ ਇਮਤਿਹਾਨ ਵਿਚੋਂ ਪਹਿਲੇ ਨੰਬਰ ’ਤੇ ਆਇਆ। ਇਸ ਵਿਦਿਆਰਥੀ ਨੂੰ ਲਕਸ਼ਯਾ ਵੱਲੋਂ 25 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ ਗਿਆ।
ਇਸ ਮੌਕੇ ਹੋਰਨਾਂ ਸਫਲ ਵਿਦਿਅਰਥੀਆਂ ਨੂੰ ਵੀ ਐਵਾਰਡ ਅਤੇ ਚੈਕ ਭੇਟ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇੰਸਟੀਚਿਊਟ ਵੱਲੋਂ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਲਈ ਨਗਦ ਐਵਾਰਡ ਦੇਣ ਦਾ ਲਿਆ ਗਿਆ ਫੈਸਲਾ ਵਧੀਆ ਹੈ। ਥੁੜਾਂਮਾਰੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਦੀਆਂ ਵਿਸ਼ੇਸ਼ ਤੌਰ ’ਤੇ ਵਧੀਆਂ ਸਹੂਲਤਾਂ ਦੇਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸਰਕਾਰੀ ਸਕੂਲ ਦੇ ਵਿਦਿਆਰਥੀ ਰਹੇ ਹਨ ਪਰ ਉਹ ਵਿਸ਼ਵ ਦੇ ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਬਣੇ। ਉਨ੍ਹਾਂ ਕਿਹਾ ਕਿ ਇਹ ਸਿੱਖਿਆ ਦੇ ਮਿਆਰ ਹੀ ਸੀ ਜਿਸ ਵਿਚ ਅੰਤਰ ਆ ਗਿਆ ਹੈ। ਸਫਲਤਾ ਨੂੰ ਸੰਭਵ ਬਣਾਉਣ ਵਾਲੇ ਸਫਲ ਵਿਦਿਆਰਥੀਆਂ ਅਤੇ ਲਕਸ਼ਯਾ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਵਿਕਾਸ ਵਿਚ ਅਧਿਆਪਕਾਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਨੇ ਇੰਸਟੀਚਿਊਟ ਨੂੰ ਆਪਣਾ ਮਿਸ਼ਨ ਜਾਰੀ ਰੱਖਣ ਵਿਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ।
ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਆਪਣੇ ਅਧਿਆਪਕ ਯਾਦ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਕੂਲ ਅਤੇ ਐਨ.ਡੀ.ਏ ਵਿਚ ਪੜ੍ਹਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਦੁਨੀਆਂ ਭਰ ਵਿਚ ਸਿੱਖਿਆ ਪ੍ਰਣਾਲੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ 25 ਸਾਲ ਬਾਅਦ ਸਿੱਖਿਆ ਦੇ ਮੁਹਾਂਦਰੇ ਬਾਰੇ ਕੋਈ ਵੀ ਭਵਿੱਖਵਾਣੀ ਨਹੀਂ ਕਰ ਸਕਦਾ ਪਰ ਵਿਦਿਆਰਥੀਆਂ ਦੀ ਜਿਹੜੀ ਬੁਨਿਆਦ ਬਣੇਗੀ ਉਹ ਲਾਜ਼ਮੀ ਤੌਰ ’ਤੇ ਉਨ੍ਹਾਂ ਨੂੰ ਜ਼ਿੰਦਗੀ ਭਰ ਮਦਦ ਦਿੰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਨੌਜਵਾਨਾਂ ਨਾਲ ਹੱਥ ਮਿਲਾਕੇ ਬਹੁਤ ਮਾਣ ਮਹਿਸੂਸ ਹੋਇਆ ਹੈ ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਸੂਬੇ ਦਾ ਮਾਣ ਵਧਾਇਆ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਲਕਸ਼ਯਾ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਡਾਇਰੈਕਟਰ ਸਾਹਿਲ ਹਰਜਾਈ, ਕੈਮਿਸਟਰੀ ਵਿਭਾਗ ਦੇ ਮੁਖੀ ਹਰਪ੍ਰੀਤ ਸਲੂਜਾ, ਬਾਇਓਲੋਜੀ ਦੇ ਮੁਖੀ ਡਾ. ਰੂਹਾਨੀ, ਫਿਜਿਕਸ ਦੇ ਮੁਖੀ ਹਰੀਸ਼ਰਨ ਲੁਥਰਾ, ਮੈਥ ਦੇ ਮੁਖੀ ਰਿਸ਼ੀ ਸਿੰਗਲਾ, ਜੂਨੀਅਰ ਵਿੰਗ ਦੇ ਰਵਜੋਤ ਸਿੰਘ ਤੋਂ ਇਲਾਵਾ ਬ੍ਰਿਲੀਐਂਸ ਸਕੂਲ ਦੇ ਪ੍ਰਿੰਸੀਪਲ ਡਾ. ਸਸ਼ੀ ਬੈਨਰਜੀ, ਸਰਕਾਰੀ ਮਾਡਲ ਸਕੂਲ 45 ਦੇ ਪ੍ਰਿੰਸੀਪਲ ਰਜੀਵ ਗਰਗ, ਸੈਂਟ ਜੋਨਸ ਸਕੂਲ ਦੇ ਕੁਆਰਡੀਨੇਟਰ ਸ੍ਰੀਮਤੀ ਵੰਦਨਾ, ਡੀ.ਏ.ਵੀ. ਸਕੂਲ ਰੋਪੜ ਦੇ ਪ੍ਰਿੰਸੀਪਲ ਜੈਪਾਲ, ਸੈਂਟ ਜ਼ੇਵੀਅਰ ਸਕੂਲ ਮੋਹਾਲੀ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਰਸ਼ਮੀ, ਸੈਂਟ ਸੋਲਜਰਜ਼ ਸਕੂਲ ਪੰਚਕੁਲਾ ਦੀ ਡਾਇਰੈਕਟਰ ਨੀਰਜਾ ਸਿੰਘ ਅਤੇ ਐਮ.ਟੀ. ਐਜੂਕੇਅਰ ਦੇ ਸੀ.ਐਮ.ਡੀ ਮਹੇਸ਼ ਸ਼ੇਟੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…