ਗਣਤੰਤਰ ਦਿਵਸ ਮੌਕੇ ‘ਸੰਗਤ ਤੇ ਪੰਗਤ’ ਦੀ ਵਿਚਾਰਧਾਰਾ ਨੂੰ ਰੂਪਮਾਨ ਕਰੇਗੀ ‘ਪੰਜਾਬ ਸਰਕਾਰ’ ਦੀ ਝਾਕੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਜਨਵਰੀ:
ਪੰਜਾਬ ਸਰਕਾਰ ਵੱਲੋਂ ਇਸ ਵਰ੍ਹਂੇ ਗਣਤੰਤਰ ਦਿਵਸ ਦੇ ਮੌਕੇ ਉੱਤੇ ‘ਸੰਗਤ ਤੇ ਪੰਗਤ’ ਵਿਸ਼ੇ ’ਤੇ ਆਧਾਰਿਤ ਝਾਕੀ ਪੇਸ਼ ਕੀਤੀ ਜਾਵੇਗੀ ਜੋ ਕਿ ਮਨੁੱਖਤਾ ਅਤੇ ਫਿਰਕੂ ਸਦਭਾਵਨਾ ਨੂੰ ਰੂਪਮਾਨ ਕਰੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਣਤੰਤਰ ਦਿਵਸ ਦੀ ਪਰੇਡ ਮੌਕੇ ‘ਸੰਗਤ ਤੇ ਪੰਗਤ’ ਦੇ ਰੂਪ ਵਿਚ ਪੇਸ਼ ਕੀਤੀ ਜਾਣ ਵਾਲੀ ਪੰਜਾਬ ਸਰਕਾਰ ਦੀ ਝਾਕੀ ਮਹਾਨ ਗੁਰੂ ਸਾਹਿਬਾਨ ਦੀਆਂ ਸਮੁੱਚੀ ਲੋਕਾਈ ਦੇ ਇਕ ਹੋਣ ਦੀਆਂ ਸਿੱਖਿਆਵਾਂ ਦਾ ਪ੍ਰਗਟਾਵਾ ਕਰੇਗੀ।
ਸਰਕਾਰੀ ਬੁਲਾਰੇ ਨੇ ਅਗਾਂਹ ਦੱਸਿਆ ਕਿ ਝਾਕੀ ਵਿਚ ਇਹ ਵੀ ਦਰਸਾਇਆ ਜਾਵੇਗਾ ਕਿ ਕਿਵੇਂ ਸਮੁੱਚੀ ‘ਸੰਗਤ’ ਭਾਵ ਲੋਕ ਬਿਨਾਂ ਕਿਸੇ ਧਰਮ, ਜਾਤ, ਨਸਲ ਜਾਂ ਰੰਗ ਦੇ ਭੇਦਭਾਵ ਤੋਂ ‘ਪੰਗਤ’ ਭਾਵ ਇਕ ਕਤਾਰ ਵਿਚ ਬੈਠ ਕੇ ਲੰਗਰ ਛਕਦੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਇਸ ਝਾਕੀ ਵਿੱਚ ਇਹ ਵੀ ਦਰਸਾਇਆ ਜਾਵੇਗਾ ਕਿ ਕਿਵੇਂ ਅਧਿਆਤਮਿਕਤਾ ਦੀ ਭਾਵਨਾ ਨਾਲ ਭਰਪੂਰ ਹੋ ਕੇ ਸੰਗਤ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਲੰਗਰ ਦੀ ਪ੍ਰਥਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਮਹਾਨ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਨਿਯਮ ਬਣਾਇਆ ਕਿ ਗੁਰੂ ਦੇ ਦਰਸ਼ਨ ਕਰਨ ਤੋਂ ਪਹਿਲਾਂ ਹਰ ਕਿਸੇ ਲਈ ਲੰਗਰ ਛਕਣਾ ਜਰੂਰੀ ਹੋਵੇਗਾ। ਇੱਥੋਂ ਤੱਕ ਕਿ ਮੁਗਲ ਬਾਦਸ਼ਾਹ ਅਕਬਰ ਵੀ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਉਸ ਨੂੰ ਵੀ ਪਹਿਲਾਂ ਲੰਗਰ ਛਕਣਾ ਪਿਆ ਸੀ। ਲੰਗਰ ਦੀ ਪ੍ਰਥਾ ਬੀਤੀਆਂ 4 ਸਦੀਆਂ ਤੋਂ ਮਨੁੱਖਤਾ ਦੀ ਏਕਤਾ ਦੀ ਪਛਾਣ ਬਣਦੇ ਹੋਏ ਅਮਨ, ਫਿਰਕੂ ਸਦਭਾਵਨਾ ਅਤੇ ਆਲਮੀ ਭਾਈਚਾਰੇ ਦਾ ਸੁਨੇਹਾ ਦੇ ਰਹੀ ਹੈ। ਝਾਕੀ ਦੇ ਪਿੱਛੇ ਸ਼ਬਦ ਕੀਰਤਨ ਪਦਮ ਸ੍ਰੀ ਭਾਈ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…