
ਪੰਜਾਬ ਸਰਕਾਰ ਦੀ ਮੁਹੱਲਾ ਕਲੀਨਿਕ ਦੀ ਜਾਲ੍ਹਸਾਜ਼ੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ’ਤੇ ਸਵਾਲ ਚੁੱਕਦਿਆਂ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਕਮਰਾਨਾਂ ਦੀ ਇਹ ਜਾਲ੍ਹਸਾਜ਼ੀ ਹੁਣ ਸੂਬੇ ਦੇ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੀ ਹੈ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੁਹੱਲਾ ਕਲੀਨਿਕਾਂ ਦਾ ਬਹੁਤ ਵਿਰੋਧ ਹੋ ਰਿਹਾ ਹੈ। ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਲੋਕਾਂ ਲਈ ਨਵਾਂ ਕੁਝ ਵੀ ਉਪਲਬਧ ਨਹੀਂ ਹੈ। ਸਿੱਧੂ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਆਪ ਸਰਕਾਰ ਸਿਰਫ਼ ਆਪਣੇ ਚੋਣ ਮਨੋਰਥ ਪੱਤਰ ਨੂੰ ਕਾਗਜ਼ਾਂ ਵਿੱਚ ਪੂਰਾ ਕਰਨਾ ਲਈ ਸ਼ਾਰਟਕੱਟ ਰਸਤਾ ਤਲਾਸ਼ ਕਰ ਰਹੀ ਹੈ, ਜੋ ਕਿ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੇ ਚੰਗੇ ਭਲੇ ਚੱਲਦੇ ਪੁਰਾਣੇ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਂ ਦੇ ਕੇ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸੂਬੇ ਵਿੱਚ ਜੋ ਜ਼ਿਲ੍ਹਾ ਹਸਪਤਾਲ, ਜਨਤਕ ਸਿਹਤ ਕੇਂਦਰ, ਮੁੱਢਲੇ ਸਿਹਤ ਕੇਂਦਰ ਅਤੇ ਡਿਸਪੈਂਸਰੀਆਂ ਪਹਿਲਾ ਤੋਂ ਖੁੱਲ੍ਹੇ ਹਨ, ਉੱਥੇ ਡਾਕਟਰਾਂ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਵੇ, ਹਸਪਤਾਲਾਂ ਵਿੱਚ ਦਵਾਈਆਂ ਮੁਹੱਈਆ ਕਰਵਾਏ ਤਾਂ ਸਰਕਾਰ ਲੋਕਾਂ ਦੀ ਲੋੜਾਂ ਪੂਰੀ ਕਰ ਸਕਦੀ ਹੈ। ਬੋਰਡਾਂ ਨੂੰ ਬਦਲਣ ਦੀ ਥਾਂ ਸੂਬੇ ਦੇ ਮੌਜੂਦਾ ਮੈਡੀਕਲ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਰਕਾਰ ਇਸ਼ਤਿਹਾਰਾਂ ਉੱਤੇ ਪੈਸਾ ਖ਼ਰਚ ਕਰ ਰਹੀ ਹੈ, ਇਸ ਨਾਲ ਲੋਕਾਂ ਦੇ ਜੀਵਨ ਕੁਝ ਬਦਲਾਅ ਨਹੀਂ ਆਵੇਗਾ। ਸੁਵਿਧਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨਾ ਆਪ ਸਰਕਾਰ ਦੀ ਬਿਨਾਂ ਕੁਝ ਕੀਤੇ ਸ਼ਾਬਾਸ਼ੀ ਲੈਣ ਦੀ ਸਕੀਮ ਸੀ ਜੋ ਕਿ ਇਨਾ ਲਈ ਇਕ ਗਲੇ ਦੀ ਹੱਡੀ ਸਾਬਤ ਹੋ ਰਹੀ ਹੈ। ਪੰਜਾਬ ਇਕ ਵੱਡਾ ਸੂਬਾ ਹੈ ਇੱਥੇ ਪਹਿਲਾਂ ਤੋਂ ਹੀ ਸਿਹਤ ਸੁਵਿਧਾਵਾਂ ਤੇ ਚੰਗਾ ਕੰਮ ਕੀਤਾ ਹੋਇਆ ਹੈ ਅਤੇ ਹੁਣ ਸਿਰਫ਼ ਇਨ੍ਹਾਂ ਸਹੂਲਤਾਂ ਨੂੰ ਅੱਗੇ ਵਧਾਉਣ ਦੀ ਲੋੜ ਸੀ।
ਸਿੱਧੂ ਨੇ ਕਿਹਾ ਮੁਹੱਲਾ ਕਲੀਨਿਕ ਇੱਕ ਵੱਡੀ ਅਸਫਲਤਾ ਸਾਬਤ ਹੋਵੇਗਾ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਆਮ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਸੂਬੇ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਲਟੀ-ਸਪੈਸ਼ਲਿਟੀ ਹਸਪਤਾਲਾਂ ਦੀ ਸਖ਼ਤ ਲੋੜ ਹੈ, ਜੋ ਕਿ ਇਸ ਖੇਤਰ ਦੇ ਲੋਕਾਂ ਨੂੰ ਚੰਗਾ ਇਲਾਜ ਕਰ ਸਕਣ। ਇਸ ਫੈਸਲੇ ਨਾਲ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਵਿੱਚ ਵੀ ਕਾਫ਼ੀ ਨਾਰਾਜ਼ਗੀ ਹੈ।
ਪੰਜਾਬ ਵਿੱਚ ਪੈਰਾਮੈਡੀਕਲ ਸਟਾਫ਼ ਅਤੇ ਡਾਕਟਰਾਂ ਦੀ ਭਰਤੀ ਦੀ ਲੋੜ ਹੈ, ਇੱਥੇ ਪਹਿਲਾਂ ਹੀ ਅਮਲੇ ਦੀ ਘਾਟ ਹੈ ਉਤੋਂ ਮੁਹੱਲਾ ਕਲੀਨਿਕ ਦੀ ਅਜ਼ਮਾਇਸ਼ ਜੋ ਕਿ ਪੂਰੇ ਹੈਲਥ ਸਿਸਟਮ ਨੂੰ ਕੁਝ ਦਿਨਾਂ ਵਿੱਚ ਫੇਲ ਕਰ ਦੇਵੇਗੀ। ਸਿੱਧੂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਲਈ ਵੱਖਰੇ ਤੌਰ ’ਤੇ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਕਰਨੀ ਚਾਹੀਦੀ ਹੈ। ਸੂਬੇ ਵਿੱਚ ਮੈਡੀਕਲ ਅਮਲੇ ਅਤੇ ਸੁਪਰ ਸਪੈਸ਼ਲਿਟੀ ਦੀ ਵੀ ਕਾਫ਼ੀ ਘਾਟ ਹੈ। ਇਸ ਅਮਲੇ ਦੀ ਭਰਤੀ ਕਰਨ ਦੀ ਲੋੜ ਹੈ, ਕਿਉਕਿ ਸੈਂਕੜੇ ਅਸਾਮੀਆਂ ਖ਼ਾਲੀ ਪਈਆਂ ਹਨ।
ਮੀਡੀਆ ਰਿਪੋਰਟ ਅਨੁਸਾਰ ਮੁੱਢਲੇ ਸਿਹਤ ਕੇਂਦਰ ਬੰਦ ਕਰ ਦਿੱਤੇ ਗਏ ਹਨ, ਜਿਸ ਨਾਲ ਪਿੰਡਾਂ ਵਿੱਚ ਸਿਹਤ ਸਹੂਲਤਾਂ ਪ੍ਰਭਾਵਿਤ ਹੋਇਆ ਹੈ। ਮੁੱਢਲੇ ਸਿਹਤ ਕੇਂਦਰਾਂ ਦੇ ਅਮਲੇ ਨੂੰ ਮੁਹੱਲਾ ਕਲੀਨਿਕਾਂ ਵਿੱਚ ਤੈਨਾਤ ਕੀਤਾ ਗਿਆ ਹੈ। ਸੂਬੇ ’ਚੋਂ ਪੇਂਡੂ ਡਿਸਪੈਂਸਰੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿੱਧੂ ਨੇ ਇਸ ਨੂੰ ਪੰਜਾਬ ਸਰਕਾਰ ਦਾ ਮੰਦਭਾਗਾਂ ਫੈਸਲਾ ਕਰਾਰ ਦਿੱਤਾ ਹੈ। ਸਿੱਧੂ ਨੇ ਕਿਹਾ ਇਹ ਸਰਕਾਰ ਦਾ ਹਰ ਪੱਖ ਤੋਂ ਕਮਜ਼ੋਰ ਰਵਇਆ, ਇਨ੍ਹਾਂ ਨੂੰ ਹਮੇਸ਼ਾ ਦਾਗ਼ਦਾਰ ਕਰਦਾ ਰਹੇਗਾ। ਉਨ੍ਹਾਂ ਕਿਹਾ ਲੋਕਾਂ ਦੇ ਭਾਰੀ ਮੱਤ ਨੂੰ ਇਸ ਸਰਕਾਰ ਨੂੰ ਇੱਜ਼ਤ ਬਖ਼ਸ਼ਦੀ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਕਿਹਾ ਲੋਕਾਂ ਦੇ ਭਰੋਸੇ ਤੇ ਖਰੇ ਉਤਰਨਾ ਸਰਕਾਰ ਲਈ ਇਕ ਵੱਡੀ ਕਸੌਟੀ ਹੁੰਦੀ ਹੈ। ਇਸ ਮੁਕਾਮ ਨੂੰ ਹਾਸਲ ਕਰਨ ਲਈ ਲੋਕਾਂ ਦੀ ਸੇਵਾ ਕਰਨੀ ਪੈਂਦੀ ਹੈ ਅਤੇ ਸੇਵਾ ਵਿੱਚ ਕੋਈ ਸ਼ਾਰਟਕਟ ਨਹੀਂ ਚਲਦੇ।