nabaz-e-punjab.com

ਪੰਜਾਬ ਦੇ ਗਵਰਨਰ ਬਦਨੌਰ ਤੇ ਨਵਜੋਤ ਸਿੱਧੂ ਵੱਲੋਂ ਉੱਘੀਆਂ ਸ਼ਖ਼ਸੀਅਤਾਂ ਦਾ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨ

ਕਲਾ ਪ੍ਰੀਸ਼ਦ ਨੇ ਮਨਾਇਆ ਪੰਜ ਰੋਜ਼ਾ ਰੰਧਾਵਾ ਉਤਸਵ, ਧਾਰਮਿਕ ਤੇ ਸੱਭਿਆਚਾਰ ਮਹੱਤਤਾ ਨਾਲ ਕਿਸਾਨੀ ਨਾਲ ਸਬੰਧਤ ਹੈ ਵਿਸਾਖੀ ਤਿਓਹਾਰ

ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਨਾਲ ਜੋੜਨਾ ਮੁੱਖ ਪਹਿਲ ਰਹੇਗੀ: ਨਵਜੋਤ ਸਿੱਧੂ

ਅਮਰਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਅਪਰੈਲ:
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਥੇ ਸੈਕਟਰ-16 ਸਥਿਤ ਕਲਾ ਭਵਨ ਵਿਖੇ ਕਰਵਾਏ ਗਏ ਪੰਜ ਰੋਜ਼ਾ ਰੰਧਾਵਾ ਉਤਸਵ ਦੀ ਸਮਾਪਤੀ ਸ਼ਾਮ ਮੌਕੇ ਕਲਾ, ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਨੂੰ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ। ਇਹ ਸਮਾਗਮ ਵਿਸਾਖੀ ਦੇ ਸਵੈਗ ਤੌਰ ’ਤੇ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਨ ਵਜੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਹਾਜ਼ਰੀ ਭਰੀ ਜਦੋਂ ਕਿ ਸਮਾਮਗ ਦੀ ਪ੍ਰਧਾਨਗੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ। ਸਮਾਪਤੀ ਸਮਾਗਮ ਦੀ ਸ਼ੁਰੂਆਤ ਸ੍ਰੀ ਬਦਨੌਰ ਤੇ ਸ੍ਰੀ ਸਿੱਧੂ ਨੇ ਸਮਾਂ ਰੌਸ਼ਨ ਕਰ ਕੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਬਦਨੌਰ ਨੇ ਕਿਹਾ ਕਿ ਵਿਸਾਖੀ ਦੇ ਤਿਉਹਾਰ ਦੀ ਜਿੱਥੀ ਧਾਰਮਿਕ ਮਹੱਤਤਾ ਹੈ ਉਥੇ ਇਹ ਤਿਉਹਾਰ ਫਸਲਾਂ ਪੱਕਣ ਦੀ ਖੁਸ਼ੀ ਵਿੱਚ ਕਿਸਾਨਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਐਵਾਰਡਾਂ ਲਈ ਚੁਣੀਆਂ ਸਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਦੀ ਚੋਣ ਲਈ ਕਲਾ ਪ੍ਰੀਸ਼ਦ ਦੀ ਇਸ ਪਹਿਲ ਨੂੰ ਵੀ ਸਲਾਹਿਆ। ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੰਜਾਬ ਦਾ ਅਸਲ ਸੱਭਿਆਚਾਰ ਹੈ ਜਿਸ ਨੂੰ ਕਲਾ, ਸਾਹਿਤ, ਸੱਭਿਆਚਾਰ ਨਾਲ ਜੁੜੀਆਂ ਉਘੀਆਂ ਹਸਤੀਆਂ ਨੇ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਦਾ ਪਹਿਲਾ ਏਜੰਡਾ ਸੱਭਿਆਚਾਰ ਲਹਿਰ ਖੜ੍ਹੀ ਕਰਨ ਲਈ ਇਕ ਠੋਸ ਤੇ ਕਾਰਗਾਰ ਸੱਭਿਆਚਾਰਕ ਨੀਤੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਦੇ ਯੁੱਗ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨਾ ਮੁੱਖ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਜੇਕਰ ਨੀਅਤ ਸਾਫ ਹੋਵੇ ਤਾਂ ਵੱਡੀ ਤੋਂ ਵੱਡੀ ਚੁਣੌਤੀ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਸਭਨਾਂ ਦੇ ਸਹਿਯੋਗ ਨਾਲ ਉਹ ਆਪਣੀ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨਿਭਾਉਣਗੇ।
ਇਸ ਮੌਕੇ ਰਾਜਪਾਲ ਸ੍ਰੀ ਬਦਨੌਰ ਤੇ ਸ੍ਰੀ ਸਿੱਧੂ ਨੇ ਕਲਾ ਪ੍ਰੀਸ਼ਦ ਵੱਲੋਂ ਚੁਣੀਆਂ ਤਿੰਨ ਅਹਿਮ ਸਖਸ਼ੀਅਤਾਂ ਸਾਹਿਤਕਾਰ ਕਿਰਪਾਲ ਸਿੰਘ ਕਸੇਲ, ਥਿਏਟਰ ਨਾਲ ਜੁੜੇ ਓਮਾ ਗੁਰਬਖਸ਼ ਸਿੰਘ ਤੇ ਆਰਟਿਸਟ ਪਰਮਜੀਤ ਸਿੰਘ ਨੂੰ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਕਲਾ ਪ੍ਰੀਸ਼ਦ ਨਾਲ ਸਬੰਧਤ ਤਿੰਨ ਅਕਾਡਮੀਆਂ ਵੱਲੋਂ ਇਕ-ਇਕ ਸਖਸ਼ੀਅਤ ਨੂੰ ਸਨਮਾਨਿਆ ਗਿਆ ਜਿਨ੍ਹਾਂ ਵਿੱਚ ਬੁੱਤ ਤਰਾਸ਼ੀ ਦੇ ਮਾਹਿਰ ਅਵਤਾਰਜੀਤ ਸਿੰਘ ਧੰਜਲ ਨੂੰ ਲਲਿਤ ਕਲਾ ਅਕੈਡਮੀ ਪੁਰਸਕਾਰ, ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬੀ ਸਾਹਿਤ ਅਕੈਡਮੀ ਪੁਰਸਕਾਰ ਅਤੇ ਪ੍ਰਸਿੱਧ ਅਭਿਨੇਤਰੀ ਪ੍ਰੀਤੀ ਸਪਰੂ ਨੂੰ ਪੰਜਾਬੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਨ੍ਹਾਂ ਸਖਸ਼ੀਅਤਾਂ ਨੂੰ ਸਨਮਾਨ ਵਿੱਚ ਨਗਦ ਇਨਾਮ, ਫੁਲਕਾਰੀ, ਸਨਮਾਨ ਪੱਤਰ, ਸਨਮਾਨ ਨਿਸ਼ਾਨੀ ਤੇ ਫੁੱਲਾਂ ਦਾ ਗੁਲਦਸਤਾ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਆਪਣੀ ਸੰਖੇਪ ਜਿਹੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਕਲਾਕਾਰਾਂ ਨੂੰ ਵੀ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਪੰਮੀ ਬਾਈ, ਨਛੱਤਰ ਗਿੱਲ, ਪ੍ਰੀਤ ਹਰਪਾਲ, ਕੌਰ ਬੀ, ਸੁੱਖੀ ਬਰਾੜ, ਕੰਠ ਕਲੇਰ, ਡੌਲੀ ਗੁਲੇਰੀਆ ਪ੍ਰਮੁੱਖ ਸਨ। ਅੰਤ ਵਿੱਚ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਵੱਲੋਂ ਮੁੱਖ ਮਹਿਮਾਨ ਸ੍ਰੀ ਬਦਨੌਰ ਤੇ ਸ੍ਰੀ ਸਿੱਧੂ ਦਾ ਸਨਮਾਨ ਕੀਤਾ ਗਿਆ ਅਤੇ ਧੰਨਵਾਦੀ ਸ਼ਬਦਾਂ ਵਿੱਚ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਡਾ.ਸਤੀਸ਼ ਵਰਮਾ ਨੇ ਕੀਤਾ। ਇਸ ਮੌਕੇ ਰੌਣਕ ਬੈਂਡ ਵੱਲੋਂ ਫੋਕ ਆਰਕੈਸਟਰਾ ਨਾਲ ਪੰਜਾਬੀ ਲੋਕ ਗਾਇਕੀ ਦੇ ਰੰਗ ਅਤੇ ਪੀਟਰ ਸੋਢੀ ਗਰੁੱਪ ਵੱਲੋਂ ਲੋਕ ਨਾਚਾਂ ਦੇ ਸੰਗ੍ਰਹਿ ਵਾਲਾ ਵਿਸਾਖੀ ਦਾ ਮੇਲਾ ਪੇਸ਼ ਕੀਤਾ ਗਿਆ। ਇਸ ਮੌਕੇ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ ਤੇ ਸੀਨੀਅਰ ਵਾਈਸ ਚੇਅਰਮੈਨ ਇੰਜੀਨੀਅਰ ਐਸ.ਐਸ.ਵਿਰਦੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…