ਪੰਜਾਬ ਦੇ ਰਾਜਪਾਲ ਕਟਾਰੀਆ ਵੱਲੋਂ ਬੀਐਸਐਫ਼ ਦੇ 37 ਜਵਾਨਾਂ ਦਾ ਪੁਲੀਸ ਮੈਡਲ ਨਾਲ ਸਨਮਾਨ

ਬੀਐਸਐਫ਼ ਦੇਸ਼ ਦੀਆਂ ਸਰਹੱਦਾਂ ਅਤੇ ਅੰਦਰੂਨੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ: ਕਟਾਰੀਆ

ਬੀਐਸਐਫ਼ ਪੱਛਮੀ ਕਮਾਂਡ ਨੇ ਨਾਈਪਰ ਮੁਹਾਲੀ ਵਿੱਚ ਕਰਵਾਇਆ ਸਨਮਾਨ ਸਮਾਰੋਹ

ਨਬਜ਼-ਏ-ਪੰਜਾਬ, ਮੁਹਾਲੀ, 29 ਜਨਵਰੀ:
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਾਮ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਵਿਖੇ ਸੀਮਾ ਸੁਰੱਖਿਆ ਬਲ ਦੀ ਪੱਛਮੀ ਕਮਾਂਡ ਦੇ ਜਵਾਨਾਂ ਅਤੇ ਸੇਵਾਮੁਕਤ ਬੀਐਸਐਫ਼ ਦੇ ਜਵਾਨਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ। ਜਿਨ੍ਹਾਂ ਵਿੱਚ ਸੇਵਾ ਕਰ ਰਹੇ ਅਤੇ ਸੇਵਾਮੁਕਤ ਬੀਐਸਐਫ਼ ਦੇ ਜਵਾਨਾਂ ਸਮੇਤ 37 ਅਫ਼ਸਰਾਂ, ਅਧੀਨ ਅਫ਼ਸਰਾਂ ਅਤੇ ਹੋਰ ਰੈਂਕਾਂ ਦੇ ਮੁਲਾਜ਼ਮ ਸ਼ਾਮਲ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਾਂਤੀ ਅਤੇ ਜੰਗ ਦੇ ਸਮੇਂ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਰੱਖਣ ਵਿੱਚ ਬੀਐਸਐਫ਼ ਅਫ਼ਸਰਾਂ ਅਤੇ ਜਵਾਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਅਤੇ ਅਤਿਵਾਦ ਵਿਰੋਧੀ ਮੁਹਿੰਮਾਂ ਦੌਰਾਨ ਰਾਜ ਸਰਕਾਰਾਂ ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਫੋਰਸ ਦੇ ਯੋਗਦਾਨ ਤੇ ਸਹਾਇਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੀਐਸਐਫ਼ ਨਾ ਸਿਰਫ਼ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੀ ਹੈ ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ, ‘‘ਅੱਜ ਦਾ ਦਿਨ ਨਾ ਸਿਰਫ਼ ਮਾਣ ਅਤੇ ਸਨਮਾਨ ਦਾ ਪਲ ਹੈ, ਸਗੋਂ ਇਹ ਸਾਨੂੰ ਯਾਦ ਦਿਵਾਉਣ ਦਾ ਵੀ ਪਲ ਹੈ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਇਨ੍ਹਾਂ ਬਹਾਦਰ ਸੈਨਿਕਾਂ ਦੇ ਸਮਰਪਣ ਅਤੇ ਵਚਨਬੱਧਤਾ ਨੇ ਦੇਸ਼ ਵਾਸੀਆਂ ਨੂੰ ਸੁਰੱਖਿਅਤ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਹੈ।‘‘
140 ਕਰੋੜ ਭਾਰਤੀਆਂ ਦੀ ਤਰਫ਼ੋਂ ਬੀਐਸਐੱਫ਼ ਦਾ ਧੰਨਵਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਨਾ ਸਿਰਫ਼ ਭਾਰਤ ਦੀ ‘ਰੱਖਿਆ ਦੀ ਪਹਿਲੀ ਕਤਾਰ’ ਹੈ, ਸਗੋਂ ਇਹ 2 ਲੱਖ 70 ਹਜ਼ਾਰ ਸੈਨਿਕਾਂ ਦੀ ਤਾਕਤ ਨਾਲ ਦੁਨੀਆ ਦੀ ਸਭ ਤੋਂ ਵੱਡੀ ਸੀਮਾ ਸੁਰੱਖਿਆ ਬਲ ਹੈ। ਇਸ ਦੀ ਸਥਾਪਨਾ 1 ਦਸੰਬਰ 1965 ਨੂੰ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਫੋਰਸ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਸਮੇਂ ਭਾਰਤ-ਪਾਕਿ ਅਤੇ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਲਈ ਬੀਐਸਐਫ਼ ਦੀਆਂ 193 ਬਟਾਲੀਅਨਾਂ ਅਤੇ 7 ਆਰਟਿਲਰੀ ਰੈਜ਼ੀਮੈਂਟਾਂ ਤਾਇਨਾਤ ਹਨ। ਇਸ ਤੋਂ ਇਲਾਵਾ ਕਸ਼ਮੀਰ ਘਾਟੀ ਵਿੱਚ ਘੁਸਪੈਠ ਵਿਰੋਧੀ ਅਪਰੇਸ਼ਨ, ਉੱਤਰ-ਪੂਰਬੀ ਖੇਤਰ ਵਿੱਚ ਅੰਦਰੂਨੀ ਸੁਰੱਖਿਆ, ਉੜੀਸਾ ਅਤੇ ਛੱਤੀਸਗੜ੍ਹ ਵਿੱਚ ਨਕਸਲ ਵਿਰੋਧੀ ਅਪਰੇਸ਼ਨ ਅਤੇ ਭਾਰਤ-ਪਾਕਿ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਉੱਤੇ ਪੋਸਟਾਂ ’ਤੇ ਤਾਇਨਾਤ ਹਨ। ਇਸ ਤੋਂ ਪਹਿਲਾਂ ਬੀਐਸਐਫ਼ ਦੇ ਏਡੀਜੀ ਸਤੀਸ਼ ਐਸ ਖੰਡਾਰੇ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਬੀਐਸਐਫ਼ ਦੇ ਸ਼ਾਨਦਾਰ ਅਤੀਤ ਬਾਰੇ ਦੱਸਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡੀਜੀਪੀ ਗੌਰਵ ਯਾਦਵ, ਡੀਸੀ ਸ੍ਰੀਮਤੀ ਆਸ਼ਿਕਾ ਜੈਨ, ਐੱਸਐੱਸਪੀ ਦੀਪਕ ਪਾਰਿਕ ਅਤੇ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੁਲੀਸ ਮੈਡਲ ਉਨ੍ਹਾਂ ਕੇਂਦਰੀ ਹਥਿਆਰਬੰਦ ਪੁਲੀਸ ਬਲ ਅਤੇ ਰਾਜ ਪੁਲੀਸ ਦੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ 18 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੀ ਬੇਮਿਸਾਲ ਅਤੇ ਬੇਦਾਗ ਸੇਵਾ ਕੀਤੀ ਹੈ। ਇਹ ਤੀਜੀ ਵਾਰ ਹੈ ਜਦੋਂ ਟਰਾਈਸਿਟੀ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…