
ਪੰਜਾਬ ਸਰਕਾਰ ਨੇ ਸਿਹਤ ਸਹੂਲਤਾਂ ਵਿੱਚ 100 ਹੋਰ ਐਂਬੂਲੈਂਸਾਂ ਦਾ ਕੀਤਾ ਇਜ਼ਾਫਾ: ਸਿੱਧੂ
ਜੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ 20 ਐਂਬੂਲੈਂਸਾਂ ਦੇ ਕੇ ਮਹਾਮਾਰੀ ਵਿਰੁੱਧ ਲੜਾਈ ਵਿੱਚ ਪਾਇਆ ਯੋਗਦਾਨ
ਡਿਜੀਟਲ ਤਰੀਕੇ ਨਾਲ ਪਟਿਆਲਾ, ਜਲੰਧਰ ਤੇ ਲੁਧਿਆਣਾ ਲਈ ਚਾਰ-ਚਾਰ ਐਂਬੂਲੈਂਸਾਂ ਕੀਤੀਆਂ ਰਵਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਐਮਰਜੈਂਸੀ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ 100 ਹੋਰ ਐਂਬੂਲੈਂਸਾਂ ਦੀ ਵਿਵਸਥਾ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮਰੀਜ਼ਾਂ ਲਈ ਐਮਰਜੈਂਸੀ ਵੇਲੇ ਐਂਬੂਲੈਂਸ ਦਾ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੀੜਤ ਮਰੀਜ਼ਾਂ ਨੂੰ ਹਸਪਤਾਲ ਵਿੱਚ ਪਹੁੰਚਣ ਲਈ ਐਂਬੂਲੈਂਸਾਂ ਕਾਫੀ ਸਹਾਈ ਹੁੰਦੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਐਂਬੂਲੈਂਸ ਦੀ ਮਰੀਜ਼ ਤੱਕ ਛੇਤੀ ਪਹੁੰਚਣਾ ਯਕੀਨੀ ਬਣਾਉਣ ਲਈ ਪੰਜਾਬ ਆਪਣੀ ਐਂਬੂਲੈਂਸਾਂ ਦੇ ਵਿਹੜੇ ਨੂੰ ਹੌਲੀ ਹੌਲੀ ਵਧਾ ਰਿਹਾ ਹੈ। ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕਰੀਬ 400 ਨਵੀਆਂ ਐਂਬੂਲੈਂਸਾਂ ਹਨ, ਜਿਨ੍ਹਾਂ ਵਿੱਚ 242 ਡਾਇਲ 108 ਐਂਬੂਲੈਂਸਾਂ ਸ਼ਾਮਲ ਹਨ ਜੋ ਪਹਿਲਾਂ ਹੀ ਪੰਜਾਬ ਕੋਲ ਉਪਲਬਧ ਹਨ। ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਗਸਤ ਵਿੱਚ 17 ਏਐਲਐਸ ਅਤੇ 60 ਬੀਐਲਐਸ ਐਂਬੂਲੈਂਸਾਂ ਖ਼ਰੀਦੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਵੀਆਂ ਐਂਬੂਲੈਂਸਾਂ ਹਰ ਜ਼ਿਲ੍ਹਾ ਪੱਧਰੀ ਹਸਪਤਾਲ ਨੂੰ ਦਿੱਤੀਆਂ ਗਈਆਂ ਹਨ, ਜੋ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕਰੋਨਾ ਪੀੜਤ ਮਰੀਜ਼ਾਂ ਨੂੰ ਲਿਆਉਣ-ਲਿਜਾਉਣ ਵਿੱਚ ਸਹਾਇਤਾ ਕਰ ਰਹੀਆਂ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਐਂਬੂਲੈਂਸਾਂ ਦੀ ਗਿਣਤੀ ਨੂੰ ਵਧਾਉਣ ਲਈ 100 ਹੋਰ ਬੀਐਲਐਸ ਐਂਬੂਲੈਂਸਾਂ ਖ਼ਰੀਦਣ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ 5 ਏਐਲਐਸ, 6 ਬੀਐਲਐਸ ਅਤੇ 22 ਛੋਟੀਆਂ ਐਂਬੂਲੈਂਸਾਂ ਖ਼ਰੀਦਣ ਲਈ ਵੀ ਹੁਕਮ ਦਿੱਤਾ ਗਿਆ ਹੈ। ਜੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਮਹਾਂਮਾਰੀ ਵਿਰੁੱਧ ਲੜਾਈ ਵਿੱਚ 20 ਐਂਬੂਲੈਂਸਾਂ ਦਾਨ ਕਰਕੇ ਦਰਸਾਈ ਮਹਾਂਮਾਰੀ ਦਾ ਲੜਨ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ 20 ਐਂਬੂਲੈਂਸਾਂ ’ਚੋਂ 12 ਨੂੰ ਅੱਜ ਜਲੰਧਰ, ਲੁਧਿਆਣਾ ਅਤੇ ਪਟਿਆਲਾ ਹਰੇਕ ਜ਼ਿਲ੍ਹੇ ਲਈ 4-4 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸਾਂ ਨਾ ਸਿਰਫ਼ ਸਰਕਾਰ ਦੇ ਯਤਨਾਂ ਨੂੰ ਵਧਾਉਣਗੀਆਂ ਬਲਕਿ ਲੋਕਾਂ ਦੀ ਜਾਨਾਂ ਬਚਾਉਣ ਵਿੱਚ ਬੇਹੱਦ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਮਾਰੂਤੀ ਅਤੇ ਮਹਿੰਦਰਾ ਗਰੁੱਪ ਵੱਲੋਂ ਤਿਆਰ ਕੀਤੀਆਂ ਇਹ ਐਂਬੂਲੈਂਸਾਂ ਆਕਾਰ ਵਿੱਚ ਛੋਟੀਆਂ ਹਨ। ਇਸ ਲਈ ਸਿਹਤ ਟੀਮਾਂ ਨੂੰ ਸ਼ਹਿਰਾਂ ਦੇ ਭੀੜ ਵਾਲੇ ਖੇਤਰਾਂ ਵਿੱਚ ਪਹੁੰਚਣ ਅਤੇ ਮਰੀਜ਼ਾਂ ਨੂੰ ਲਿਆਉਣ-ਲਿਜਾਉਣ ਵਿੱਚ ਸਹਾਇਤਾ ਕਰਨਗੀਆਂ।