ਪੰਜਾਬ ਸਰਕਾਰ ਵਲੋਂ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਕੋਵਿਡ-19 ਟੈਸਟਿੰਗ ਸਬੰਧੀ ਨਵੀਂ ਐਡਵਾਇਜ਼ਰੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਮਈ:
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ -19 ਟੈਸਟ ਸਬੰਧੀ ਨਵੀਂ ਐਡਵਾਇਜ਼ਰੀ ਜਾਰੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਸਿਹਤ ਖੋਜ ਵਿਭਾਗ, ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤਹਿਤ ਆਰਟੀ-ਪੀਸੀਆਰ ਟੈਸਟਿੰਗ ਨੂੰ ਢੁਕਵਾਂ ਬਣਾਉਣ ਦੇ ਉਪਾਅ ਅਤੇ ਇਸਦੀ ਆਸਾਨ ਪਹੁੰਚ ਅਤੇ ਟੈਸਟਿੰਗ ਦੀ ਉਪਲਬਧਤਾ ਬਾਰੇ ਦੱਸਿਆ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਇਸ ਸਮੇਂ ਲੈਬਜ਼ ਨੂੰ ਅਸਧਾਰਨ ਢੰਗ ਨਾਲ ਵੱਧ ਰਹੇ ਕੇਸਾਂ ਦੇ ਭਾਰ ਅਤੇ ਸਟਾਫ ਦੇ ਕੋਵਿਡ-19 ਸੰਕਰਮਿਤ ਹੋਣ ਕਾਰਨ ਟੈਸਟਿੰਗ ਦੇ ਮਿੱਥੇ ਟੀਚੇ ਪੂਰੇ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜਰ ਇਹ ਬਹੁਤ ਜਰੂਰੀ ਹੈ ਕਿ ਆਰ.ਟੀ.ਪੀ.ਸੀ.ਆਰ. ਟੈਸਟਿੰਗ ਨੂੰ ਢੁਕਵਾਂ ਬਣਾਇਆ ਜਾਵੇ ਅਤੇ ਇਸ ਦੇ ਨਾਲ ਹੀ ਸਾਰੇ ਨਾਗਰਿਕਾਂ ਲਈ ਟੈਸਟ ਦੀ ਪਹੁੰਚ ਅਤੇ ਉਪਲਬਧਤਾ ਨੂੰ ਵਧਾਇਆ ਜਾਵੇ।
ਆਰ.ਟੀ.ਪੀ.ਸੀ.ਆਰ. ਟੈਸਟਿੰਗ ਨੂੰ ਢੁਕਵਾਂ ਬਣਾਉਣ ਦੇ ਉਪਾਵਾਂ ਦੀ ਸਿਫਾਰਸ਼ ਕਰਦਿਆਂ ਉਨਾਂ ਕਿਹਾ ਕਿ ਹੁਣ ਅਜਿਹੇ ਕਿਸੇ ਵੀ ਵਿਅਕਤੀ ਦਾ ਆਰ.ਟੀ.ਪੀ.ਸੀ.ਆਰ. ਟੈਸਟ ਦੁਹਰਾਇਆ ਨਹੀਂ ਜਾਣਾ ਚਾਹੀਦਾ ਜਿਸ ਨੇ ਇੱਕ ਵਾਰ ਰੈਟ ਜਾਂ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਇਆ ਹੋਵੇ ਅਤੇ ਉਹ ਪਾਜ਼ਿਟਿਵ ਪਾਇਆ ਗਿਆ ਹੋਵੇ। ਇਸੇ ਤਰਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਿਸਚਾਰਜ ਪਾਲਿਸੀ ਦੇ ਅਨੁਸਾਰ ਕੋਵਿਡ -19 ਤੋਂ ਉਭਰ ਚੱਕੇ ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਸਮੇਂ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਟੈਸਟ ਦੀ ਪਹੁੰਚ ਅਤੇ ਉਪਲਬਧਤਾ ਨੂੰ ਬਿਹਤਰ ਬਣਾਉਣ ਦੇ ਉਪਾਅ: ਲਈ ਭਾਰਤ ਵਿਚ ਜੂਨ 2020 ਦੌਰਾਨ ਕੋਵਿਡ-19 ਟੈਸਟਿੰਗ ਲਈ ਰੈਪਿਡ ਐਂਟੀਜੇਨ ਟੈਸਟ (ਆਰ.ਏ.ਟੀ.ਐੱਸ.) ਦੀ ਸਿਫਾਰਸ਼ ਕੀਤੀ ਗਈ ਸੀ। ਹਾਲਾਂਕਿ, ਇਨਾਂ ਟੈਸਟਾਂ ਦੀ ਵਰਤੋਂ ਇਸ ਸਮੇਂ ਸਿਰਫ ਕੰਟੇਨਮੈਂਟ ਜੋਨਾਂ ਅਤੇ ਸਿਹਤ ਸੰਭਾਲ ਕੇਂਦਰਾਂ ਤੱਕ ਹੀ ਸੀਮਤ ਹੈ। ਆਰ.ਏ.ਟੀ. ਰਾਹੀਂ 15-30 ਮਿੰਟਾਂ ਦਾ ਨਤੀਜਾ ਪਤਾ ਲਗ ਜਾਂਦਾ ਹੈ ਅਤੇ ਇਸ ਤਰਾਂ ਕੇਸਾਂ ਦੀ ਫੌਰੀ ਪੜਤਾਲ ਕਰਨ, ਮਰੀਜ਼ ਨੂੰ ਇਕਾਂਤਵਾਸ ਭੇਜਣ ਅਤੇ ਸੰਚਾਰ ਨੂੰ ਰੋਕਣ ਤੇ ਜਲਦੀ ਇਲਾਜ ਕਰਨ ਦਾ ਮੌਕਾ ਮਿਲਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਆਰ.ਏ.ਟੀ. (ਰੈਟ)ਟੈਸਟਿੰਗ ਆਈ.ਸੀ.ਐਮ.ਆਰ. ਦੀ ਐਡਾਇਜ਼ਰੀ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ ਅਤੇ ਰੈਟ ਦੁਆਰਾ ਪਾਜ਼ਿਟਿਵ ਪਾਏ ਗਏ ਲੱਛਣਾਂ ਵਾਲੇ ਵਿਅਕਤੀ ਦਾ ਦੁਬਾਰਾ ਟੈਸਟ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਉਸਨੂੰ ਆਈ.ਸੀ.ਐਮ.ਆਰ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਘਰੇਲੂ ਦੇਖਭਾਲ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਰੈਟ ਦੁਆਰਾ ਨੈਗੇਟਿਵ ਪਾਏ ਗਏ ਲੱਛਣਾਂ ਵਾਲੇ ਵਿਅਕਤੀਆਂ ਨੂੰ ਆਰਟੀਪੀਸੀਆਰ ਟੈਸਟ ਦੀ ਸਹੂਲਤ ਦੇਣੀ ਚਾਹੀਦੀ ਹੈ ਅਤੇ ਉਸਨੂੰ ਘਰ ਵਿੱਚ ਇਕਾਂਤਵਾਸ ਦੀ ਪਾਲਣਾ ਕਰਦਿਆਂ ਇਲਾਜ ਕਰਾਉਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਰੈਟ ਟੈਸਟ ਦੇ ਨਤੀਜੇ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਲੈਬਜ਼ ਦੁਆਰਾ ਆਈਸੀਐਮਆਰ ਪੋਰਟਲ ਉੱਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ। ਕੋਵਿਡ -19 ਲਈ ਟੈਸਟ ਕੀਤੇ ਗਏ ਸਾਰੇ ਵਿਅਕਤੀਆਂ ਦੇ ਟੀਕਾਕਰਨ ਦੀ ਸਥਿਤੀ ਆਰਟੀਪੀਸੀਆਰ ਐਪ ਦੇ ਸੈਂਪਲ ਰੈਫਰਲ ਫਾਰਮ (ਐਸਆਰਐਫ) ਵਿੱਚ ਦਰਜ ਹੋਣੀ ਚਾਹੀਦੀ ਹੈ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…