ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਨੇ ਮੁਹਾਲੀ ਵਿੱਚ ਪੈਨਸ਼ਨਰ ਦਿਵਸ ਮਨਾਇਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਨੇ ਰਘਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਫੇਜ਼-3ਬੀ1ਵਿੱਚ ਭਾਰੀ ਉਤਸ਼ਾਹ ਨਾਲ ਪੈਨਸ਼ਨਰ ਦਿਵਸ ਮਨਾਇਆ। ਜਿਸ ਵਿੱਚ ਮੁਹਾਲੀ, ਚੰਡੀਗੜ੍ਹ ਅਤੇ ਆਸਪਾਸ ਇਲਾਕੇ ਦੇ ਪੈਨਸ਼ਨਰਾਂ ਤੇ ਪੈਨਸ਼ਨਰ ਬੀਬੀਆਂ ਨੇ ਬੁਢਾਪੇ ਦੀਆਂ ਲਾਚਾਰੀਆਂ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੋਹਨ ਸਿੰਘ ਜਨਰਲ ਸਕੱਤਰ ਕੇਂਦਰ ਅਤੇ ਰਾਜ ਪੱਧਰ ਦੇ ਹੋਰ ਪੈਨਸ਼ਨਰ ਨੇਤਾਵਾਂ ਨੇ ਪੈਨਸ਼ਨ ਦਿਵਸ ਦੀ ਮਹੱਤਤਾ ਬਾਰੇ ਬੋਲਦਿਆਂ ਹੋਇਆ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਰਿਟ ਪਟੀਸ਼ਨ ਨੰਬਰ 5939-41 ਆਫ਼ 1980 ਡੀ.ਐਸ ਨਕਾਰਾ ਅਤੇ ਹੋਰ ਬਨਾਮ ਭਾਰਤ ਸਰਕਾਰ ਉਪਰ ਬਹਿਸ ਕਰਦਿਆਂ 17 ਦਸੰਬਰ 1982 ਨੂੰ ਪੈਨਸ਼ਨਰਾਂ ਬਾਰੇ ਇੱਕ ਇਤਿਹਾਸਕ ਫੈਸਲਾ ਸੁਣਾਉੱਦਿਆਂ ਹੋਇਆ ਪੈਨਸ਼ਨਾਂ ਸੰਬੰਧੀ ਦੱਸਿਆ ਕਿ ਪੈਨਸ਼ਨ ਕੀ ਹੈ ਅਤੇ ਇਸ ਦੇ ਉਦੇਸ਼ ਕੀ ਹਨ।
ਅਦਾਲਤ ਨੇ ਕਿਹਾ ਕਿ ਪੈਨਸ਼ਨ ਨਾ ਤਾਂ ਕੋਈ ਬਖਸ਼ੀਸ਼ ਹੈ ਅਤੇ ਨਾ ਹੀ ਕੋਈ ਖ਼ੈਰਾਤ ਹੈ ਜਿਹੜੀ ਰੁਜ਼ਗਾਰ-ਦਾਤਾ ਦੀ ਮਨ-ਮਰਜ਼ੀ ਦੀ ਮੁਥਾਜ ਹੈ। ਨਾ ਹੀ ਪੈਨਸ਼ਨ ਕੋਈ ਤਰਸ ਦੇ ਆਧਾਰ ’ਤੇ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਹੈ ਸਗੋਂ ਪਿਛਲੀ ਸੇਵਾ ਨਿਭਾਉਣ ਦੇ ਇਵਜ਼ ਵਿੱਚ ਦਿੱਤੀ ਜਾਣ ਵਾਲੀ ਰਾਸ਼ੀ ਹੈ। ਉਸੇ ਦਿਨ ਤੋੱ ਇਹ ਦਿਨ ਭਾਰਤ ਭਰ ਵਿੱਚ ਪੈਨਸ਼ਨਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹੁਣ ਕੇਂਦਰ ਸਰਕਾਰ ਨੇ 2004 ਤੋੱ ਬਾਅਦ ਭਰਤੀ ਹੋਣ ਵਾਲੇ ਕਰਮਚਾਰੀਆਂ ਉੱਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਵੱਡਾ ਧੱਕਾ ਕੀਤਾ ਹੈ ਜਿਹੜਾ ਨਿੰਦਣਯੋਗ ਹੈ ਅਤੇ ਪੈਨਸ਼ਨਰ ਭਾਰਤ ਭਰ ਵਿੱਚ ਲਾਮਬੰਦ ਹੋ ਕੇ ਆਵਾਜ਼ ਉਠਾ ਰਹੇ ਹਨ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਰਕਾਰਾਂ ਪੈਨਸ਼ਨਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਅਤੇ ਹੋਰ ਸਹੂਲਤਾਂ ਸਰਕਾਰੀ ਖਜ਼ਾਨੇ ਉਪਰ ਬੋਝ ਸਮਝਦੀਆਂ ਹਨ ਅਤੇ ਲਗਾਤਾਰ ਉਨ੍ਹਾਂ ਦੀ ਪੈਨਸ਼ਨਾਂ ਉਤੇ ਹਮਲੇ ਕੀਤੇ ਜਾ ਰਹੇ ਹਨ।
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 22 ਮਹੀਨਿਆਂ ਦੇ ਡੀ.ਏ ਦੇ ਬਕਾਏ ਅਤੇ ਮਿਤੀ 1.1.2017 ਅਤੇ ਮਿਤੀ 1.7.2017 ਤੋਂ ਬਣਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਗਈਆਂ ਜਦੋਂ ਕਿ ਕੇੱਦਰ ਅਤੇ ਗੁਆਂਢੀ ਰਾਜਾਂ ਵੱਲੋਂ ਇਹ ਮਹਿੰਗਾਈ ਦੀਆ ਸਮੇਂ ਸਿਰ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰ ਨੇ ਕੇਂਦਰੀ ਕਰਮਚਾਰੀਆਂ ਅਤੇ ਗਵਾਂਢੀ ਰਾਜਾਂ ਨੇ ਮਿਤੀ 1.1.2016 ਤੋਂ ਤਨਖ਼ਾਹ ਕਮਿਸ਼ਨ ਦੀ ਰਿਪੋਟ ਲਾਗੂ ਕਰ ਦਿੱਤੀ ਹੈ ਅਤੇ ਸਾਰੇ ਬਕਾਏ ਦੇ ਦਿੱਤੇ ਹਲ। ਪਰ ਪੰਜਾਬ ਸਰਕਾਰ ਦੇ ਪੇ ਕਮਿਸ਼ਨ ਨੇ ਅਜੇ ਤੱਕ ਰਿਪੋਟ ਨਹੀਂ ਦਿੱਤੀ। ਅਦਾਲਤੀ ਫੈਸਲਿਆਂ ਨੂੰ ਲਾਗੂ ਕਰਕੇ ਮਿਤੀ 1.1.06 ਤੋਂ ਪਹਿਲਾਂ ਵਾਲੇ ਪੈਨਸ਼ਨਰਾਂ ਅਤੇ ਮਿਤੀ 1.1.06 ਤੋਂ 1.12.2011 ਦੇ ਪੈਨਸ਼ਨਰਾਂ ਅਤੇ 1.12.2011 ਤੋਂ ਬਾਅਦ ਦੇ ਪੈਨਸ਼ਨਰਾਂ ਦੇ ਨੋਸਨਲ ਆਧਾਰ ’ਤੇ ਪੇ ਸਕੇਲ ਸੋਧ ਕੇ ਪੈਨਸਨਾਂ ਦਾ ਪਾੜਾ ਦੂਰ ਨਹੀਂ ਕੀਤਾ ਗਿਆ ਹੈ। ਕੈਸ਼ਲੈਸ ਹੈਲਥ ਸਕੀਮ ਬੰਦ ਕਰ ਕੇ ਪੈਨਸ਼ਨਰਾਂ ਨੂੰ ਬੇ ਸਹਾਰਾ ਛੱਡ ਦਿੱਤਾ ਗਿਆ ਹੈ। ਪਿਛਲੇ ਇੱਕ ਮਹੀਨੇ ਦੇ ਅੰਦਰ ਮੋਹਾਲੀ ਵਿਖੇ ਹੀ 7 ਪੈਨਸ਼ਨਰ ਇਲਾਜ ਤੋਂ ਬਿਨਾਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਵਰਤ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਪੰਜਾਬ ਭਰ ਦੇ ਹਜ਼ਾਰਾਂ ਪੈਨਸ਼ਨਰ ਇਲਾਜ ਖੁਣੋਂ ਮੌਤ ਦੇ ਮੂੰਹ ਵਿੱਚ ਧੱਕੇ ਜਾ ਚੁੱਕੇ ਹਨ। ਅਦਾਲਤੀ ਫੈਸਲਿਆਂ ਨੂੰ ਲਾਗੂ ਨਾ ਕਰਨ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਹਾਨੀ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਹੜੇ ਕਿ 17.1.18 ਨੂੰ ਲੱਗੇ ਹੋਏ ਹਨ। ਬੁਲਾਰਿਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਲਾਮਬੰਦ ਹੋਕੇ ਸਰਕਾਰ ਨੂੰ ਘੇਰਨਗੇ ਅਤੇ ਬਜਟ ਸੈਸ਼ਨ ਦੌਰਾਨ ਸਰਕਾਰ ਦਾ ਨੱਕ ਵਿੱਚ ਦਮ ਕੀਤਾ ਜਾਵੇਗਾ।
ਪੈਨਸ਼ਨਰ ਦਿਵਸ ਮੌਕੇ ਕੇਂਦਰ ਅਤੇ ਰਾਜ ਪੱਧਰ ਦੇ ਨੇਤਾਵਾਂ ਸਰਵ ਸ਼ੀ ਪ੍ਰਹਿਲਾਦ ਸਿੰਘ ਜਿਲਾ ਸਕੱਤਰ ਬੀ.ਐਸ.ਐਨ.ਐਲ. ਇਮਲਾਇਜ ਯੂਨੀਅਨ ਚੰਡੀਗੜ੍ਹ, ਸਾਥੀ ਸੱਜਨ ਸਿੰਘ ਚੇਅਰਮੈਨ ਅਤੇ ਗੁਰਮੇਲ ਸਿੰਘ ਸਿੱਧੂ ਪੰਜਾਬ ਐਂਡ ਯੂਟੀ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ, ਸ਼ਾਮ ਲਾਲ, ਪ੍ਰਧਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਯੂਨੀਅਨ ਮੁਹਾਲੀ, ਰਣਬੀਰ ਢਿੱਲੋਂ ਜਨਰਲ ਸਕੱਤਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ, ਰਣਜੀਤ ਸਿੰਘ ਹੰਸ ਪ੍ਰਧਾਨ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਚੰਡੀਗੜ੍ਹ, ਰਘਬੀਰ ਸਿੰਘ ਸੰਧੂ ਪ੍ਰਧਾਨ, ਮੋਹਣ ਸਿੰਘ ਜਨਰਲ ਸਕੱਤਰ, ਮੂਲ ਰਾਜ ਸ਼ਰਮਾ, ਜਰਨੈਲ ਸਿੰਘ ਸਿੱਧੂ, ਸੂੱਚਾ ਸਿੰਘ ਕਲੌੜ, ਭੂਪਿੰਦਰ ਸਿੰਘ ਬੱਲ, ਅਜਮੇਰ ਸਾਗਰ, ਮਹਿੰਦਰ ਸਿੰਘ ਕਾਹਲੋਂ, ਡਾ. ਨੰਦ ਕਿਸ਼ੋਰ ਕਲਸੀ ਅਤੇ ਬੀਬੀ ਮਲਕੀਅਤ ਬਸਰਾ ਨੇ ਵੀ ਪੈਂਸਨਰਜ ਦਿਵਸ ਦੀ ਮਹੱਤਤਾ ਤੇ ਪੈਨਸ਼ਨਾਂ ਲਾਗੂ ਹੋਣ ਦੇ ਇਤਿਹਾਸ ਅਤੇ ਵੇਰਵੇ ਸਹਿਤ ਚਾਣਨਾ ਪਾਇਆ ਗਿਆ। ਅੰਤ ਵਿੱਚ ਰਣਬੀਰ ਢਿੱਲੋਂ ਵੱਲੋਂ ਪੈਨਸ਼ਨ ’ਤੇ ਇਨਕਮ ਟੈਕਸ ਖ਼ਤਮ ਕਰਨ ਬਾਰੇ ਸਾਰੇ ਪੈਨਸ਼ਨਰਾਂ ਦੇ ਹੱਥ ਖੜੇ ਕਰਵਾ ਕੇ ਮਤਾ ਪਾਸ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…