Nabaz-e-punjab.com

ਪੰਜਾਬ ਸਰਕਾਰ ਐਸ.ਬੀ.ਐਸ. ਨਗਰ ਅਤੇ ਲੁਧਿਆਣਾ ਵਿੱਚ ਕੋਵਿਡ ਟੀਕੇ ਦੇ ਮਸਨੂਈ ਅਭਿਆਸ ਲਈ ਪੂਰੀ ਤਰਾਂ ਤਿਆਰ: ਬਲਬੀਰ ਸਿੱਧੂ

ਟੀਕਾਕਰਨ ਲਈ ਐਸ.ਬੀ.ਐਸ. ਨਗਰ ਵਿੱਚ 5 ਅਤੇ ਲੁਧਿਆਣਾ ਵਿੱਚ 7 ਥਾਵਾਂ ਦੀ ਪਛਾਣ ਕੀਤੀ ਗਈ

ਨਿੱਜੀ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੇ 1.5 ਲੱਖ ਸਿਹਤ ਕਰਮਚਾਰੀਆਂ ਦੇ ਵੇਰਵੇ ਕੋਵਿਨ ਪੋਰਟਲ ’ਤੇ ਅਪਲੋਡ ਕੀਤੇ

ਸਟੇਟ ਵੈਕਸੀਨ ਸਟੋਰ ਤੋਂ ਇਲਾਵਾ ਅੰਮਿ੍ਰਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਤਿੰਨ ਰੀਜ਼ਨਲ ਵੈਕਸੀਨ ਸਟੋਰ ਤਿਆਰ ਕੀਤੇ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਦਸੰਬਰ:
28 ਅਤੇ 29 ਦਸੰਬਰ 2020 ਨੂੰ ਕਰੋਨਾ ਟੀਕੇ ਦੇ ਮਸਨੂਈ ਅਭਿਆਸ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਐਸ.ਬੀ.ਐੱਸ. ਨਗਰ ਅਤੇ ਲੁਧਿਆਣਾ ਵਿਚ ਆਪਣੀ ਤਰਾਂ ਦੇ ਪਹਿਲੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਲਈ ਪੂਰੀ ਤਰਾਂ ਤਿਆਰ ਹੈ।
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਟੀਕਾਕਰਨ ਦੀ ਸ਼ੁਰੂਆਤ ਪੜਾਅਵਾਰ ਢੰਗ ਨਾਲ ਕਰਨ ਦੀ ਯੋਜਨਾ ਹੈ ਜਿਸ ਲਈ ਸਿਹਤ ਕਰਮਚਾਰੀ, ਫਰੰਟਲਾਈਨ ਵਰਕਰ, ਬਜ਼ੁਰਗ ਅਤੇ ਸਹਿ-ਰੋਗਾਂ ਵਾਲੀ ਆਬਾਦੀ ਤਰਜੀਹੀ ਸਮੂਹ ਹਨ। ਉਨਾਂ ਕਿਹਾ ਕਿ ਨਿੱਜੀ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੇ 1.5 ਲੱਖ ਸਿਹਤ ਦੇ ਵੇਰਵਾ ਪਹਿਲਾਂ ਹੀ ਕੋਵਿਨ ਪੋਰਟਲ ‘ਤੇ ਅਪਲੋਡ ਕਰ ਦਿੱਤੇ ਗਏ ਹਨ।ਸਾਰੇ ਲਾਭਪਾਤਰੀਆਂ ਲਈ ਕੋਵਿਨ ਪੋਰਟਲ ’ਤੇ ਪ੍ਰੀ-ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਇਸਦੇ ਲਈ ਫੋਟੋ ਆਈਡੀ ਦੀ ਲੋੜ ਹੋਵੇਗੀ।
ਸ. ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਐਸ.ਬੀ.ਐਸ. ਨਗਰ ਵਿੱਚ 5 ਥਾਵਾਂ ਦੀ ਪਛਾਣ ਕੀਤੀ ਹੈ ਜਿਨਾਂ ਵਿੱਚ ਜ਼ਿਲਾ ਹਸਪਤਾਲ ਐਸਬੀਐਸ ਨਗਰ, ਸੀ.ਐਚ.ਸੀ. ਮੁਕੰਦਪੁਰ, ਸ਼ਹਿਰੀ ਪਹੁੰਚ ਵਜੋਂ ਪੀ.ਐਚ.ਸੀ. ਜਾਦਲਾ, ਦਿਹਾਤੀ ਪਹੁੰਚ ਵਜੋਂ ਸਬ ਸੈਂਟਰ ਉਸਮਾਨਪੁਰ ਅਤੇ ਨਿੱਜੀ ਫੈਸਿਲਟੀ ਵਜੋਂ ਆਈਵੀ ਹਸਪਤਾਲ ਸ਼ਾਮਲ ਹਨ। ਇਸੇ ਤਰਾਂ ਲੁਧਿਆਣਾ ਵਿਖੇ 7 ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿਨਾਂ ਵਿੱਚ ਜ਼ਿਲਾ ਹਸਪਤਾਲ ਵਜੋਂ ਲਾਰਡ ਮਹਾਵੀਰ ਸਿਵਲ ਹਸਪਤਾਲ, ਨਿੱਜੀ ਫੈਸਿਲਟੀ ਵਜੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਹਿਰੀ ਪਹੁੰਚ ਵਜੋਂ ਜਗਰਾਉਂ ਐਸਡੀਐਚ, ਰਾਏਕੋਟ ਐਸਡੀਐਚ ਅਤੇ ਖੰਨਾ ਐਸਡੀਐਚ ਅਤੇ ਦਿਹਾਤੀ ਪਹੁੰਚ ਵਜੋਂ ਸੀ.ਐਚ.ਸੀ. ਧਮੋਟ ਅਤੇ ਮਾਛੀਵਾੜਾ ਸੀ.ਐਚ.ਸੀ. ਸ਼ਾਮਲ ਹਨ।
ਉਨਾਂ ਦੱਸਿਆ ਕਿ ਸਟੇਟ ਵੈਕਸੀਨ ਸਟੋਰ ਦੇ ਨਾਲ ਹੀ ਤਿੰਨ ਰੀਜ਼ਨਲ ਵੈਕਸੀਨ ਸਟੋਰ ਅੰਮਿ੍ਰਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਤਿਆਰ ਕੀਤੇ ਗਏ ਹਨ ਜਿਥੋਂ ਰਾਜ ਭਰ ਵਿੱਚ ਟੀਕੇ ਦੀ ਸਪਲਾਈ ਯਕੀਨੀ ਬਣਾਈ ਜਾਏਗੀ।ਉਨਾਂ ਕਿਹਾ ਕਿ ਪੰਜਾਬ ਨੇ ਕੋਲਡ ਚੇਨ ਦਾ ਮੁਲਾਂਕਣ ਵੀ ਕੀਤਾ ਹੈ ਅਤੇ 729 ਕੋਲਡ ਚੇਨ ਪੁਆਇੰਟਾਂ ਦੀ ਪਛਾਣ ਕੀਤੀ ਹੈ। ਤਿਆਰੀ ਸਬੰਧੀ ਗਤੀਵਿਧੀਆਂ ਦੀ ਨਿਗਰਾਨੀ ਲਈ ਰਾਜ ਪੱਧਰੀ ਅਤੇ ਜ਼ਿਲਾ ਪੱਧਰੀ ਮੀਟਿੰਗਾਂ ਸਮੇਂ ਸਿਰ ਕੀਤੀਆਂ ਜਾ ਰਹੀਆਂ ਹਨ।
ਉਨਾਂ ਅੱਗੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਪੰਜਾਬ ਵਿੱਚ ਮਸਨੂਈ ਅਭਿਆਸ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚ ਤਿੰਨ ਹੋਰ ਸੂਬੇ ਆਂਧਰਾ ਪ੍ਰਦੇਸ਼, ਅਸਾਮ ਅਤੇ ਗੁਜਰਾਤ ਵੀ ਸ਼ਾਮਲ ਹਨ। ਐਸ.ਬੀ.ਐਸ. ਨਗਰ ਅਤੇ ਲੁਧਿਆਣਾ 28 ਅਤੇ 29 ਦਸੰਬਰ 2020 ਨੂੰ ਕੋਵਿਡ ਟੀਕੇ ਦੇ ਮਸਨੂਈ ਅਭਿਆਸ ਲਈ ਚੁਣੇ ਗਏ ਹਨ।
ਕੋਵਿਡ ਟੀਕੇ ਬਾਰੇ ਜਾਣਕਾਰੀ ਦਿੰਦਿਆਂ ੳਨਾਂ ਦੱਸਿਆ ਕਿ ਦੇਸੀ ਟੀਕੇ ਦੇ ਤਿੰਨ ਨਿਰਮਾਤਾ ਤੀਜੇ ਪੜਾਅ ਦੇ ਟਰਾਇਲ ਵਿੱਚ ਦਾਖਲ ਹੋਏ ਹਨ। ਭਾਰਤ ਦੇ ਸੀਰਮ ਇੰਸਟੀਚਿਊਟ ਦਾ ਕੋਵੀਸ਼ੀਲਡ, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦਾ ਕੋਵੈਕਸੀਨ ਅਤੇ ਕੈਡਿਲਾ ਹੈਲਥਕੇਅਰ ਲਿਮਟਿਡ ਦਾ ਜਾਈਕੋਵ-ਡੀ ਭਾਰਤ ਵਿਚ ਉਪਲੱਬਧ ਸੰਭਾਵਿਤ ਦੇਸੀ ਟੀਕੇ ਹੋ ਸਕਦੇ ਹਨ। ਉਨਾਂ ਕਿਹਾ ਕਿ ਕੋਵਿਡ ਟੀਕੇ ਦੀ ਖੁਰਾਕ, ਖੁਰਾਕ ਦੇ ਸ਼ਡਿਊਲ ਸੰਬਧੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅਜੇ ਐਲਾਨ ਕੀਤਾ ਜਾਣਾ ਬਾਕੀ ਹੈ ਅਤੇ ਉਪਰੋਕਤ ਵੈਕਸੀਨ ਨੂੰ 2 ਡਿਗਰੀ ਤੋਂ 8 ਡਿਗਰੀ ਸੈਲਸੀਅਸ ਤੱਕ ਸਟੋਰ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਦੋਵੇਂ ਜ਼ਿਲਿਆਂ ਵਿੱਚ ਟੀਕਾਕਰਨ ਟੀਮ, ਜਿਸ ਵਿੱਚ ਹਰੇਕ ਸਾਈਟ ਲਈ ਇੱਕ ਟੀਕਾਕਰਨ ਅਧਿਕਾਰੀ, ਚਾਰ ਟੀਕਾਕਰਨ ਕਰਮਚਾਰੀ ਅਤੇ 1 ਸੁਪਰਵਾਈਜ਼ਰ ਸ਼ਾਮਲ ਹੋਣਗੇ, ਦੀ ਪਛਾਣ ਲਈ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਲਾਭਪਾਤਰੀਆਂ ਦੀ ਪਹਿਚਾਣ ਪਹਿਲਾਂ ਕੀਤੀ ਜਾਵੇਗੀ ਅਤੇ ਕੋਵਿਨ ਪੋਰਟਲ (25 ਟੈਸਟ ਲਾਭਪਾਤਰੀ) ’ਤੇ ਵੇਰਵੇ ਅਪਲੋਡ ਕੀਤੇ ਜਾਣਗੇ। ਦੋਵਾਂ ਜ਼ਿਲਿਆਂ ਵਿੱਚ ਰਾਜ ਟੀਕਾਕਰਨ ਅਧਿਕਾਰੀ ਪੰਜਾਬ, ਡੀ.ਆਈ.ਓ., ਡਿਵਲੈਪਮੈਂਟ ਪਾਰਟਨਰ ਯੂ.ਐਨ.ਡੀ.ਪੀ. ਅਤੇ ਡਬਲਯੂ.ਐਚ.ਓ ਦੀ ਮੌਜੂਦਗੀ ਵਿੱਚ 26 ਦਸੰਬਰ 2020 ਨੂੰ ਜ਼ਿਲਾ ਪੱਧਰੀ ਸਿਖਲਾਈ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…