ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੈਸ਼ਲੈੱਸ ਬੀਮਾ ਸਕੀਮ ਬੰਦ
ਚੰਡੀਗੜ੍ਹ, 23 ਦਸੰਬਰ
ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਕੈਸ਼ਲੈੱਸ ਸਿਹਤ ਬੀਮਾ ਸਕੀਮ ਅਗਲੇ ਸਾਲ ਜਾਰੀ ਨਾ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸੇ ਸਾਲ ਸ਼ੁਰੂ ਕੀਤੀ ਗਈ ਮੌਜੂਦਾ ਸਕੀਮ ਇਸ 31 ਦਸੰਬਰ ਨੂੰ ਖ਼ਤਮ ਹੋ ਜਾਵੇਗੀ। ਇਹ ਸਕੀਮ ਸਰਕਾਰੀ ਬੀਮਾ ਅਦਾਰੇ ‘ਓਰੀਐਂਟਲ ਇੰਸ਼ੋਰੈਂਸ ਕਾਰਪੋਰੇਸ਼ਨ’ ਰਾਹੀਂ ਚਲਾਈ ਗਈ ਸੀ ਪਰ ਸਾਲ ਦੌਰਾਨ ਕੰਪਨੀ ਨੂੰ 165 ਕਰੋੜ ਰੁਪਏ ਦਾ ਭਾਰੀ ਘਾਟਾ ਸਹਿਣਾ ਪਿਆ। ਸਿਹਤ ਸਕੱਤਰ ਵਿਨੀ ਮਹਾਜਨ ਨੇ ਪੁਸ਼ਟੀ ਕੀਤੀ ਹੈ ਕਿ ਇਹ ਸਕੀਮ ਅਗਲੇ ਹਫ਼ਤੇ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਲਾਹੇਵੰਦ ਸਾਬਤ ਨਹੀਂ ਹੋਈ। ਇਸ ਕਾਰਨ ਸਰਕਾਰ ਨੇ ਇਸ ਨੂੰ ਅਗਲੇ ਸਾਲ ਲਈ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਬੀਤੀ 5 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਮੁੱਦੇ ਉਤੇ ਕਾਫ਼ੀ ਵਿਚਾਰ-ਚਰਚਾ ਹੋਈ। ਇਸ ਦੌਰਾਨ ਇਹ ਕਹਿੰਦਿਆਂ ਸਕੀਮ ਦਾ ਭਾਰੀ ਵਿਰੋਧ ਹੋਇਆ ਕਿ ਲਾਭਪਾਤਰੀਆਂ ਨੂੰ ਬੀਮਾ ਕੰਪਨੀ ਤੇ ਨਿਜੀ ਹਸਪਤਾਲਾਂ ਹੱਥੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਮੀਟਿੰਗ ਰਾਹੀਂ ਰਾਇ ਲੈਣ ਲਈ ਆਖਿਆ ਗਿਆ ਤੇ ਦੋਵਾਂ ਧਿਰਾਂ ਦੇ ਆਗੂਆਂ ਨੇ ਮੰਤਰੀ ਨੂੰ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਸੀ।
ਹੁਣ ਕੀ ਹੋਵੇਗਾ…
ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਮੈਡੀਕਲ ਬਿਲਾਂ ਦਾ ਭੁਗਤਾਨ (ਰੀਇੰਬਰਸਮੈਂਟ) ਖ਼ੁਦ ਕਰਨ ਦਾ ਪੁਰਾਣਾ ਸਿਸਟਮ ਬਹਾਲ ਕੀਤਾ ਜਾਵੇਗਾ। ਇਸ ਤਹਿਤ ਮੁਲਾਜ਼ਮ ਤੇ ਪੈਨਸ਼ਨਰ ਪਹਿਲਾਂ ਵਾਂਗ ਆਪਣੀ ਪਸੰਦ ਦੇ ਹਸਪਤਾਲਾਂ ਤੋਂ ਇਲਾਜ ਕਰਵਾਉਣਗੇ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਦੀਆਂ ਦਰਾਂ ਮੁਤਾਬਕ ਅਦਾਇਗੀ ਕੀਤੀ ਜਾਵੇਗੀ।