ਵੱਡਾ ਐਲਾਨ: ਚੰਡੀਗੜ੍ਹ ਦੀ ਥਾਂ ਪਿੰਡਾਂ ਦੀਆਂ ਸੱਥਾਂ ’ਚੋਂ ਚੱਲੇਗੀ ਪੰਜਾਬ ਸਰਕਾਰ: ਭਗਵੰਤ ਮਾਨ
‘ਆਪ’ ਦੀ ਹੂੰਝਾਫੇਰ ਜਿੱਤ ਨਾਲ ਪੰਜਾਬ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ, ਲੋਕਾਂ ਨੂੰ ਸੂਬੇ ਦੀ ਤਰੱਕੀ ਦੀ ਆਸ ਬੱਝੀ
ਸਰਕਾਰ ਦੇ ਗਠਨ ਲਈ ਭਗਵੰਤ ਮਾਨ ਦੀ ਅਗਵਾਈ ਹੇਠ ਰਾਜਪਾਲ ਨੂੰ ਅੱਜ ਮਿਲਣਗੇ ਆਪ ਵਿਧਾਇਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਸ਼ਾਮ ਮੁਹਾਲੀ ਦੇ ਸੈਕਟਰ-66 ਸਥਿਤ ਬੈਸਟੈੱਕ ਮਾਲ ਨੇੜਲੇ ਹੋਟਲ ਰੈਡੀਸਨ ਵਿੱਚ ਆਪ ਦੇ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਹਾਲਾਂਕਿ ਪਹਿਲਾਂ ਇਹ ਮੀਟਿੰਗ ਬਾਅਦ ਦੁਪਹਿਰ ਢਾਈ ਵਜੇ ਮੀਟਿੰਗ ਹੋਣੀ ਸੀ ਪ੍ਰੰਤੂ ਭਗਵੰਤ ਮਾਨ ਦੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾਣ ਕਾਰਨ ਸ਼ਾਮ ਨੂੰ ਮੀਟਿੰਗ ਹੋਈ।
ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਸਖ਼ਤੀ ਨਾਲ ਕਿਹਾ ਕਿ ‘‘ਹੁਣ ਤੁਸੀਂ ਚੰਡੀਗੜ੍ਹ ਵਿੱਚ ਡੇਰਾ ਲਗਾ ਕੇ ਨਹੀਂ ਬੈਠਣਾ, ਬਲਕਿ ਗਰਾਉਂਡ ’ਤੇ ਜਾ ਕੇ ਲੋਕਾਂ ਦੇ ਕੰਮ ਕਰਨੇ ਹਨ, ਜਿੱਥੋਂ ਉਨ੍ਹਾਂ ਨੇ ਵੋਟਾਂ ਮੰਗੀਆਂ ਹਨ’’। ਉਨ੍ਹਾਂ ਕਿਹਾ ਕਿ ‘‘ਤੁਸੀਂ ਘੱਟ ਤੋਂ ਘੱਟ ਚੰਡੀਗੜ੍ਹ ਵਿੱਚ ਰਹਿਣਾ, ਸਰਕਾਰ ਪਿੰਡਾਂ, ਮੁਹੱਲਿਆਂ ’ਚੋਂ ਚਲੇਗੀ। ਉਨ੍ਹਾਂ ਕਿਹਾ ਕਿ ਹੁਣ ਅਫ਼ਸਰ ਏਸੀ ਕਮਰਿਆਂ ਵਿੱਚ ਬੈਠ ਕੇ ਵਿਕਾਸ ਦੀਆਂ ਯੋਜਨਾਵਾਂ ਨਹੀਂ ਉਲੀਕਣਗੇ ਬਲਕਿ ਉਨ੍ਹਾਂ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਰਾਇ ਨਾਲ ਯੋਜਨਾਵਾਂ ਬਣਾਉਣੀਆਂ ਹੋਣਗੀਆਂ ਅਤੇ ਲੋਕਾਂ ਦੇ ਦਰਾਂ ’ਤੇ ਜਾ ਕੇ ਉਨ੍ਹਾਂ ਦੇ ਮਸਲੇ ਹੱਲ ਕਰਨੇ ਹੋਣਗੇ।
ਉਨ੍ਹਾਂ ਕਿਹਾ ਕਿ ਆਪਣੇ ਵਿਧਾਇਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਹੰਕਾਰ ਨਹੀਂ ਕਰਨਾ, ਕਿਸੇ ਦੇ ਘਰ ਮੂਹਰੇ ਜਾ ਕੇ ਲਲਕਾਰੇ ਨਹੀਂ ਮਾਰਨੇ। ਕਿਸੇ ਨਾਲ ਇਹ ਸੋਚ ਕੇ ਵਧੀਕੀ ਨਹੀਂ ਕਰਨੀ ਕਿ ਇੱਥੋਂ ਵੋਟਾਂ ਘੱਟ ਮਿਲੀਆਂ ਹਨ। ਕਿਸੇ ਨਾਲ ਪੱਖਪਾਤ ਨਹੀਂ ਕਰਨਾ ਬਲਕਿ ਪਬਲਿਕ ਦੇ ਨੌਕਰ ਬਣ ਕੇ ਕੰਮ ਕਰਨਾ ਹੈ। ਸਿਰਫ਼ ਮੁੱਖ ਮੰਤਰੀ ਸਮੇਤ 18 ਵਿਧਾਇਕ ਹੀ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਨ। ਲਿਹਾਜ਼ਾ ਜਿਹੜੇ ਬਾਕੀ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਹ ਨਿਰਾਸ਼ ਨਾ ਹੋਣ। ਉਨ੍ਹਾਂ ਨੂੰ ਪੂਰਾ ਸਤਿਕਾਰ ਮਿਲਣਾ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਹੜਾ ਅਫ਼ਸਰ ਕਹਿੰਦਾ ‘‘ਮੈਂ ਪਿੰਡਾਂ ਵਿੱਚ ਨਹੀਂ ਜਾਣਾ, ਉਸ ਨੂੰ ਕਹੋ ਉਹ ਚੰਡੀਗੜ੍ਹ ਆ ਜਾਵੇ। ਭਗਵੰਤ ਮਾਨ ਨੇ ਆਪ ਵਿਧਾਇਕਾਂ ਨੂੰ ਇਹ ਵੀ ਨਸੀਹਤ ਦਿੱਤੀ ਕਿ ਉਹ ਥਾਣਿਆਂ ਵਿੱਚ ਪਰਚੇ ਦਰਜ ਕਰਵਾਉਣ ਦੇ ਚੱਕਰ ਵਿੱਚ ਨਾ ਪੈਣ ਸਗੋਂ ਆਪਣੇ ਹਲਕੇ ਅਤੇ ਲੋਕਾਂ ਦੇ ਕੰਮਾਂ ਨੂੰ ਪਰਮ ਅਗੇਤ ਕਰਵਾਉਣ ਵੱਲ ਰੁਝੀ ਦਿਖਾਉਣ ਅਤੇ ਪਿੰਡਾਂ ਵਿੱਚ ਧੜੇਬੰਦੀਆਂ ਖਤਮ ਕਰਵਾ ਕੇ ਆਮ ਲੋਕਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਪਿੰਡਾਂ ’ਚੋਂ ਨਵੇਂ ਪੰਜਾਬ ਦੀ ਝਲਕ ਦਿਖਾਈ ਦੇਵੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਦੇਖਿਆ ਗਿਆ ਹੈ ਕਿ ਪੰਜਾਬ ਦੇ ਲੋਕ ਹੁਕਮਰਾਨਾਂ ਅਤੇ ਪੁਲੀਸ ਵਧੀਕੀਆਂ ਤੋਂ ਬਹੁਤ ਤੰਗ ਆ ਚੁੱਕੇ ਸਨ ਅਤੇ ਇਨ੍ਹਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।