ਸਿੱਖਿਆ ਬੋਰਡ ਨੂੰ ਬਕਾਇਆ ਰਾਸ਼ੀ ਦੇਵੇ ਪੰਜਾਬ ਸਰਕਾਰ: ਰਿਟਾਇਰੀਜ਼ ਐਸੋਸੀਏਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਿਟਾਇਰੀਜ਼ ਐਸੋਸੀਏਸ਼ਨ ਦੀ ਮੀਟਿੰਗ ਬੋਰਡ ਕੰਪਲੈਕਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੋਰਡ ਦੀ ਕਮਜ਼ੋਰ ਵਿੱਤੀ ਹਾਲਤ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੋਵਾਲ ਨੇ ਦੱਸਿਆ ਕਿ ਬੋਰਡ ਦੀ ਵਿੱਤੀ ਹਾਲਤ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਮਈ ਮਹੀਨੇ ਦੀ ਤਨਖਾਹ ਲੇਟ ਮਿਲੀ ਸੀ ਅਤੇ ਪੈਨਸ਼ਨ 8 ਜੂਨ ਨੂੰ ਮਿਲੀ ਸੀ। ਇਸਦਾ ਕਾਰਨ ਇਹ ਹੈ ਕਿ ਬੋਰਡ ਕਿਤਾਬਾਂ ਦੀ ਛਪਾਈ ਕਰਕੇ ਸਕੂਲਾਂ ਨੂੰ ਸਪਲਾਈ ਕਰਦਾ ਹੈ ਅਤੇ ਉਸ ਦੀ ਅਦਾਇਗੀ ਬੋਰਡ ਨੂੰ ਸਰਕਾਰ ਨੇ ਕਰਨੀ ਹੁੰਦੀ ਹੈ ਪਰ ਪਿਛਲੇ ਅੱਠ ਦਸ ਸਾਲਾਂ ਤੋੱ ਸਰਕਾਰ ਵਲੋੱ ਬੋਰਡ ਨੂੰ ਇਹ ਅਦਾਇਗੀ ਨਹੀਂ ਕੀਤੀ ਗਈ ਅਤੇ ਇਹ ਰਕਮ ਲਗਭਗ ਚਾਰ ਸੌ ਕਰੋੜ ਤੋਂ ਉੱਪਰ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਬੋਰਡ ਵੱਲੋਂ ਕਰੋੜਾਂ ਰੁਪਏ ਖਰਚ ਕੇ ਨਵੀਂ ਬਿਲਡਿੰਗ ਬਣਾਈ ਗਈ ਸੀ ਅਤੇ ਉਸ ਬਿਲਡਿੰਗ ਤੇ ਸਰਕਾਰ ਰਾਹੀਂ ਡੀਪੀਆਈ ਅਤੇ ਕਈ ਹੋਰ ਸਰਕਾਰੀ ਦਫ਼ਤਰਾਂ ਨੇ ਕਬਜ਼ਾ ਕਰ ਲਿਆ ਹੈ। ਪਹਿਲਾਂ ਤਾਂ ਡੀਪੀਆਰਓ ਨੇ ਬੋਰਡ ਨੂੰ ਕਿਰਾਇਆ ਵੀ ਨਹੀਂ ਦਿੱਤਾ ਪਰ ਹੁਣ ਜਥੇਬੰਦੀਆਂ ਦੇ ਦਬਾਅ ਸਦਕਾ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਕਿਰਾਏ ਦੇ ਬਕਾਏ ਦੀ 17 ਕਰੋੜ 66 ਲੱਖ ਦੀ ਰਕਮ ਇਨ੍ਹਾਂ ਅਦਾਰਿਆਂ ਵੱਲ ਖੜ੍ਹੀ ਹੈ। ਇਸ ਤੋਂ ਇਲਾਵਾ ਬੋਰਡ 12-13 ਆਦਰਸ਼ ਸਕੂਲ ਵੀ ਚਲਾ ਰਿਹਾ ਹੈ ਜਿਸਦਾ ਬੋਰਡ ਨੂੰ ਟੀਚਰਾਂ ਦੀਆਂ ਤਨਖਾਹਾਂ ਦੇ ਰੂਪ ਵਿਚ ਲਗਭਗ 36 ਕਰੋੜ ਰੁਪਏ ਖਰਚ ਆ ਰਿਹਾ ਹੈ ਜਦੋਂਕਿ ਸਿੱਖਿਆ ਦੇਣਾ ਸਰਕਾਰ ਦਾ ਕੰਮ ਹੈ ਅਤੇ ਸਰਕਾਰ ਇਨ੍ਹਾਂ ਸਕੂਲ ਇਹ ਸਕੂਲ ਆਪ ਸੰਭਾਲੇ।
ਸੰਸਥਾ ਦੇ ਪ੍ਰੈਸ ਸਕੱਤਰ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੋਰਡ ਨੂੰ ਇਹ ਅਦਾਇਗੀਆਂ ਤੁਰੰਤ ਕੀਤੀਆਂ ਜਾਣ, ਨਹੀਂ ਤਾਂ ਬੋਰਡ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ। ਉਹਨਾਂ ਕਿਹਾ ਕਿ ਜੇ ਇਹ ਅਦਾਇਗੀਆਂ ਤੁਰੰਤ ਨਾ ਕੀਤੀਆਂ ਗਈਆਂ ਤਾਂ ਪੇ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਨ ਵਿੱਚ ਦਿੱਕਤ ਆਵੇਗੀ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਕਿਹਾ ਗਿਆ ਕਿ ਸਰਕਾਰ ਨੇ ਹੁਣੇ ਜੋ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਹੈ ਉਹ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਨਾਲ ਇੱਕ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਿਹਾ ਗਿਆ ਕਿ ਰਿਟਾਇਰੀਜ਼ ਐਸੋਸੀਏਸ਼ਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸੰਘਰਸ਼ ਦੇ ਵਿਚ ਉਨ੍ਹਾਂ ਦੇ ਨਾਲ ਡਟ ਕੇ ਖੜੇਗੀ। ਜਥੇਬੰਦੀ ਨੇ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਵੀ ਹਮਾਇਤ ਕੀਤੀ ਹੈ।
ਮੀਟਿੰਗ ਵਿੱਚ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਅਮਰਜੀਤ ਕੌਰ, ਜਾਇੰਟ ਸਕੱਤਰ ਕੁਲਦੀਪ ਸਿੰਘ ਸੈਦਪੁਰ, ਮੀਤ ਪ੍ਰਧਾਨ ਡੀਪੀ ਹੁਸ਼ਿਆਰਪੁਰੀ, ਸਕੱਤਰ ਮੇਵਾ ਸਿੰਘ ਗਿੱਲ, ਵਿੱਤ ਸਕੱਤਰ ਚਰਨ ਸਿੰਘ ਲਖਨਪੁਰ, ਮੈਂਬਰ ਨਰਿੰਦਰ ਸਿੰਘ ਬਾਠ, ਬਾਲ ਕ੍ਰਿਸ਼ਨ, ਲਖਵੀਰ ਸਿੰਘ, ਕਰਨ ਸਿੰਘ ਗੜੀ, ਗੁਰਮੇਲ ਸਿੰਘ ਗਰਚਾ, ਜਗਪਾਲ ਸਿੰਘ, ਸਲਾਹਕਾਰ ਹਰਦੇਵ ਸਿੰਘ ਕਲੇਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…